ਟਰੈਫਿਕ ਪੁਲਿਸ ਦੇ ਬਲਵੰਤ ਸਿੰਘ ਨੇ ਦਿਖਾਈ ਇਮਾਨਦਾਰੀ
ਟਰੈਫਿਕ ਪੁਲਿਸ ਦੇ ਬਲਵੰਤ ਸਿੰਘ ਨੇ ਦਿਖਾਈ ਇਮਾਨਦਾਰੀ
Publish Date: Sat, 19 Sep 2026 04:18 PM (IST)
Updated Date: Sat, 19 Sep 2026 04:20 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਰਾਮਪੁਰਾ ਫੂਲ ਵਿਖੇ ਟਰੈਫਿਕ ਪੁਲਿਸ ਵਿਚ ਤਾਇਨਾਤ ਸੀਨੀਅਰ ਹੌਲਦਾਰ ਬਲਵੰਤ ਸਿੰਘ ਨੂੰ ਰਸਤੇ ਵਿਚ ਇਕ ਪਰਸ ਮਿਲਿਆ, ਜਿਸ ਵਿਚ ਜ਼ਰੂਰੀ ਦਸਤਾਵੇਜ਼ਾਂ ਤੋਂ ਇਲਾਵਾ 1850 ਰੁਪਏ ਦੀ ਨਕਦੀ ਵੀ ਮੌਜੂਦ ਸੀ। ਬਲਵੰਤ ਸਿੰਘ ਨੇ ਪਰਸ ਨੂੰ ਉਸ ਦੇ ਅਸਲ ਮਾਲਕ ਤੱਕ ਪਹੁੰਚਾਉਣ ਲਈ ਤੁਰੰਤ ਯਤਨ ਸ਼ੁਰੂ ਕਰ ਦਿੱਤੇ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਪਰਸ ਪਿੰਡ ਮੰਡੀ ਕਲਾਂ ਪੱਤੀ ਭੁੱਲਰ ਦੇ ਵਸਨੀਕ ਮਲਕੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਦਾ ਹੈ। ਇਸ ਤੋਂ ਬਾਅਦ ਸੀਨੀਅਰ ਹੌਲਦਾਰ ਬਲਵੰਤ ਸਿੰਘ ਨੇ ਪਿੰਡ ਮੰਡੀ ਕਲਾਂ ਦੇ ਸਰਪੰਚ ਅਤੇ ਪੱਤਰਕਾਰ ਰਾਹੀਂ ਮਲਕੀਤ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ। ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੇ ਮਲਕੀਤ ਸਿੰਘ ਨੂੰ ਉਸ ਦਾ ਪਰਸ ਜ਼ਰੂਰੀ ਦਸਤਾਵੇਜ਼ਾਂ ਅਤੇ 1850 ਰੁਪਏ ਦੀ ਨਕਦੀ ਸਮੇਤ ਵਾਪਸ ਕਰ ਦਿੱਤਾ। ਪਰਸ ਵਾਪਸ ਮਿਲਣ ’ਤੇ ਮਲਕੀਤ ਸਿੰਘ ਨੇ ਸੀਨੀਅਰ ਹੌਲਦਾਰ ਬਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਰੂਰੀ ਦਸਤਾਵੇਜ਼ ਅਤੇ ਨਕਦੀ ਸਹੀ-ਸਲਾਮਤ ਵਾਪਸ ਮਿਲਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਪਿੰਡ ਵਾਸੀਆਂ ਨੇ ਵੀ ਬਲਵੰਤ ਸਿੰਘ ਵੱਲੋਂ ਦਿਖਾਈ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਕੀਤੇ ਅਜਿਹੇ ਉਪਰਾਲੇ ਲੋਕਾਂ ਵਿਚ ਪੁਲਿਸ ਪ੍ਰਤੀ ਭਰੋਸਾ ਹੋਰ ਮਜ਼ਬੂਤ ਕਰਨ ਵਿਚ ਸਹਾਈ ਹੁੰਦੇ ਹਨ।