ਟੀਪੀਡੀ ਮਾਲਵਾ ਕਾਲਜ ਦਾ ਕੀਤਾ ਗੇਟ ਬੰਦ, ਅਧਿਆਪਕਾਂ ਵੱਲੋਂ ਪ੍ਰਦਰਸ਼ਨ ਟੀਪੀਡੀ ਮਾਲਵਾ ਕਾਲਜ ਦਾ ਕੀਤਾ ਗੇਟ ਬੰਦ, ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Wed, 09 Sep 2026 08:10 PM (IST)
Updated Date: Thu, 10 Sep 2026 04:08 AM (IST)
- ਹਾਈ ਕੋਰਟ ਦਾ ਫ਼ੈਸਲਾ ਲਾਗੂ ਨਾ ਹੋਣ ’ਤੇ ਗੇਟ ਬੰਦ ਕਰ ਕੇ ਕੀਤੀ ਨਾਅਰੇਬਾਜ਼ੀ ਫੋਟੋ : 19 ਕੈਪਸ਼ਨ: ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੰਟਰੈਕਟ ਅਧਿਆਪਕ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਦੇ ਕੰਟਰੈਕਟ ਅਧਿਆਪਕਾਂ ਵੱਲੋਂ ਹਾਈ ਕੋਰਟ ਦੇ ਫ਼ੈਸਲੇ ਨੂੰ ਯੂਨੀਵਰਸਿਟੀ ਵੱਲੋਂ ਲਾਗੂ ਨਾ ਕਰਨ ਦੇ ਵਿਰੋਧ ’ਚ ਅੱਜ ਕਾਲਜ ਦਾ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਦਾਲਤੀ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਇਹ ਰੋਸ ਪ੍ਰਦਰਸ਼ਨ ਪੰਜਾਬੀ ਯੂਨੀਵਰਸਿਟੀ ਦੇ ਸਮੂਹ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਰੀਜਨਲ ਸੈਂਟਰਾਂ ਦੇ ਕੰਟਰੈਕਟ ਅਧਿਆਪਕਾਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਰੋਸ ਦਾ ਹਿੱਸਾ ਸੀ। ਰੋਸ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਯੂਜੀਸੀ 2018 ਦੇ ਐਕਟ/ਨਿਯਮਾਂ ਨੂੰ ਲਾਗੂ ਕਰਨ ਸਬੰਧੀ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਦਾਲਤੀ ਫ਼ੈਸਲੇ ਦੇ ਬਾਵਜੂਦ ਯੂਨੀਵਰਸਿਟੀ ਵੱਲੋਂ ਇਨ੍ਹਾਂ ਹੁਕਮਾਂ ਨੂੰ ਲਾਗੂ ਨਾ ਕਰਨ ਕਾਰਨ ਕੰਟਰੈਕਟ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਜਗਪਾਲ ਸਿੰਘ, ਡਾ. ਸਿਮਰਨ ਅਕਸ, ਡਾ. ਤੇਜਿੰਦਰ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਲਜ ਦਾ ਗੇਟ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਹਾਈ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਯੂ.ਜੀ.ਸੀ. 2018 ਦੇ ਨਿਯਮਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰੋਫੈਸਰ ਰਜਨੀ, ਪ੍ਰੋਫੈਸਰ ਰਣਵਿੰਦਰ, ਪ੍ਰੋਫੈਸਰ ਸੰਜੀਵ, ਪ੍ਰੋਫੈਸਰ ਰਾਜਪਾਲ, ਪ੍ਰੋਫੈਸਰ ਪਰਦੀਪ, ਪ੍ਰੋਫੈਸਰ ਪ੍ਰੀਤਪਾਲ, ਡਾ. ਕੁਲਜੀਤ ਅਤੇ ਪ੍ਰੋਫੈਸਰ ਸੰਦੀਪ ਸਮੇਤ ਹੋਰ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ। ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਵੀ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।