ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸਟ੍ਰੈੱਸ ਮੈਨੇਜਮੈਂਟ ਵਿਸ਼ੇ ’ਤੇ ਤਿੰਨ ਰੋਜ਼ਾ ਵਰਕਸ਼ਾਪ ਸ਼ੁਰੂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸਟ੍ਰੈੱਸ ਮੈਨੇਜਮੈਂਟ ਵਿਸ਼ੇ ’ਤੇ ਤਿੰਨ ਰੋਜ਼ਾ ਵਰਕਸ਼ਾਪ ਸ਼ੁਰੂ
Publish Date: Thu, 26 Nov 2026 04:53 PM (IST)
Updated Date: Thu, 26 Nov 2026 04:55 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਰਹਿਨੁਮਾਈ ਹੇਠ ਤੇ ਆਈਸੀਟੀ ਅਕੈਡਮੀ ਨਾਲ ਹੋਏ ਐਮਓਯੂ ਤਹਿਤ ‘ਸਟ੍ਰੈੱਸ ਮੈਨੇਜਮੈਂਟ’ ਵਿਸ਼ੇ ’ਤੇ ਤਿੰਨ ਰੋਜ਼ਾ ਫੈਕਲਟੀ ਡਿਵੈਲਪਮੈਂਟ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। 25 ਤੋਂ 27 ਨਵੰਬਰ ਤੱਕ ਕਾਲਜ ਦੀ ਆਈਸੀਟੀ ਲੈਬ ਵਿਖੇ ਚੱਲਣ ਵਾਲੀ ਇਸ ਵਰਕਸ਼ਾਪ ਦੇ ਪਹਿਲੇ ਦਿਨ ਅਧਿਆਪਕਾਂ ਨੂੰ ਤਣਾਅ ਦੇ ਕਾਰਨਾਂ, ਪ੍ਰਭਾਵਾਂ ਤੇ ਇਸ ਨਾਲ ਨਜਿੱਠਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੌਰਾਨ ਰਿਸੋਰਸ ਪਰਸਨ ਵਿਕਰਮਜੀਤ ਸਿੰਘ ਤੇ ਬੱਬਰ ਨਜ਼ੀਰ ਨੇ ਅਧਿਆਪਕਾਂ ਨਾਲ ਤਣਾਅ ਪ੍ਰਬੰਧਨ ਸਬੰਧੀ ਵੱਖ-ਵੱਖ ਤਕਨੀਕਾਂ ਸਾਂਝੀਆਂ ਕੀਤੀਆਂ। ਉਨ੍ਹਾਂ ਰੋਜ਼ਾਨਾ ਜੀਵਨ ਅਤੇ ਪੇਸ਼ੇਵਰ ਖੇਤਰ ਵਿਚ ਤਣਾਅ ਨੂੰ ਘਟਾਉਣ ਲਈ ਵਿਹਾਰਕ ਸੁਝਾਅ ਦਿੰਦਿਆਂ ਮਾਨਸਿਕ ਸਿਹਤ, ਭਾਵਨਾਤਮਕ ਸੰਤੁਲਨ ਤੇ ਸਕਾਰਾਤਮਕ ਸੋਚ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ, ਤਣਾਅ ਨਾਲ ਨਜਿੱਠਣ ਦੀ ਸਮਰੱਥਾ ਵਿਕਸਤ ਕਰਨਾ ਤੇ ਸਿਹਤਮੰਦ ਕੰਮ ਤੇ ਨਿੱਜੀ ਜੀਵਨ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਜਾਗਰੂਕ ਕਰਨਾ ਹੈ। ਕਾਲਜ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਦੀ ਅਗਵਾਈ ਹੇਠ ਆਈਕਿਊਏਸੀ ਅਤੇ ਆਈਆਈਸੀ ਵੱਲੋਂ ਆਈਸੀਟੀ ਅਕੈਡਮੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਦੇ ਪੇਸ਼ੇਵਰ ਹੁਨਰਾਂ, ਮਾਨਸਿਕ ਤੰਦਰੁਸਤੀ ਅਤੇ ਕਾਰਜਕੁਸ਼ਲਤਾ ਵਿਚ ਵਾਧਾ ਕਰਨ ਲਈ ਮਹੱਤਵਪੂਰਨ ਹਨ। ਉਨ੍ਹਾਂ ਆਈਸੀਟੀ ਅਕੈਡਮੀ ਅਤੇ ਰਿਸੋਰਸ ਪਰਸਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਅਤੇ ਵਿਹਾਰਕ ਗਿਆਨ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਨੂੰ ਸੰਤੁਲਿਤ ਬਣਾਉਣ ਵਿਚ ਵੀ ਸਹਾਇਕ ਹੁੰਦੀਆਂ ਹਨ।