ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਤਿੰਨ ਰੋਜ਼ਾ ਵਿਰਾਸਤੀ ਤੀਆਂ ਦਾ ਮੇਲਾ ਸਮਾਪਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਤਿੰਨ ਰੋਜਾ ਵਿਰਾਸਤੀ ਤੀਆਂ ਦਾ ਮੇਲਾ ਸਮਾਪਤ
Publish Date: Tue, 04 Aug 2026 04:31 PM (IST)
Updated Date: Tue, 04 Aug 2026 04:34 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਵਿਰਾਸਤੀ ਪਿੰਡ ਜੈਪਾਲਗੜ੍ਹ (ਖੇਡ ਸਟੇਡੀਅਮ ਦੇ ਪਿੱਛੇ) ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ਵਿਰਾਸਤੀ ਤੀਆਂ ਦਾ ਮੇਲਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਭਾਰੀ ਲੋਕ-ਸ਼ਮੂਲੀਅਤ ਨਾਲ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਿਆ। ਮੇਲੇ ਦੌਰਾਨ ਪੰਜਾਬੀ ਵਿਰਸੇ, ਲੋਕ-ਸੱਭਿਆਚਾਰ ਅਤੇ ਰਵਾਇਤੀ ਰੀਤ-ਰਿਵਾਜਾਂ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ। ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਸਿੱਖਿਆ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਨੇ ਮੇਲੇ ਵਿਚ ਸ਼ਿਰਕਤ ਕਰਕੇ ਪ੍ਰਬੰਧਕਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਮੇਲੇ ਦੇ ਦੂਜੇ ਦਿਨ ਬਬੀਤਾ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਉਰਮਲਾ ਸਿੰਗਲਾ, ਮੈਡਮ ਰਿੰਕੂ ਰਾਣੀ ਬਾਂਸਲ (ਐਮਸੀ), ਮੈਡਮ ਰਜਨੀ ਗੁਪਤਾ ਅਤੇ ਡਾ. ਅਮਰਜੀਤ ਕੌਰ ਕੋਟਫੱਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਆਖਰੀ ਦਿਨ ਸੇਵਾਮੁਕਤ ਆਈਏਐਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਮੁੱਖ ਮਹਿਮਾਨ ਰਹੇ, ਜਦਕਿ ਪਰਮਪਾਲ ਕੌਰ ਢਿੱਲੋਂ, ਮੈਡਮ ਮਮਤਾ ਖੁਰਾਣਾ (ਡੀਈਓ ਸੈਕੰਡਰੀ) ਅਤੇ ਮੈਡਮ ਮਨਦੀਪ ਕੌਰ ਰਾਮਗੜੀਆ (ਕੌਂਸਲਰ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਦਿਓਣ ਦੀ ਹਰਮਨਦੀਪ ਕੌਰ ਬਰਾੜ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਹਰਮਨਦੀਪ ਕੌਰ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮ ਵਿਚ ਸਰਗਰਮ ਭੂਮਿਕਾ ਨਿਭਾਉਣ ਦੇ ਨਾਲ-ਨਾਲ ਘੋੜੇ ਅਤੇ ਬੱਕਰੀਆਂ ਪਾਲਣ ਵਰਗੇ ਸਵੈ-ਰੁਜ਼ਗਾਰ ਦੇ ਖੇਤਰ ਵਿਚ ਵੀ ਕਾਮਯਾਬੀ ਹਾਸਲ ਕਰ ਰਹੀ ਹੈ। ਉਸ ਦੀ ਮਿਹਨਤ, ਲਗਨ ਅਤੇ ਸਵੈ-ਨਿਰਭਰਤਾ ਨੂੰ ਸਲਾਮ ਕਰਦਿਆਂ ਮਹਿਮਾਨਾਂ ਨੇ ਉਸ ਨੂੰ ਫੁਲਕਾਰੀ, ਸਨਮਾਨ ਚਿੰਨ੍ਹ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਸੰਸਥਾ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਸਫਲ ਪ੍ਰਬੰਧਾਂ ਲਈ ਚੇਅਰਮੈਨ ਚਮਕੌਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਗਰੇਵਾਲ ਅਤੇ ਖ਼ਜ਼ਾਨਚੀ ਜਗਜੀਤ ਸਿੰਘ ਧਨੌਲਾ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਸੰਸਥਾ ਦੀਆਂ ਮਹਿਲਾ ਮੈਂਬਰਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਫੁਲਕਾਰੀ ਅਤੇ ਵਿਰਾਸਤੀ ਪੱਖੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਸੰਸਥਾ ਦੇ ਮੈਂਬਰਾਂ, ਸਮਾਜ ਸੇਵੀਆਂ, ਪ੍ਰਮੁੱਖ ਸ਼ਖਸੀਅਤਾਂ ਅਤੇ ਸ਼ਹਿਰ ਨਿਵਾਸੀਆਂ ਨੇ ਹਾਜ਼ਰੀ ਭਰੀ। ਤਿੰਨ ਦਿਨਾਂ ਤੱਕ ਚੱਲੇ ਇਸ ਵਿਰਾਸਤੀ ਮੇਲੇ ਨੇ ਪੰਜਾਬੀ ਸੱਭਿਆਚਾਰ, ਲੋਕ-ਰਸਮਾਂ ਅਤੇ ਭਾਈਚਾਰਕ ਸਾਂਝ ਦਾ ਸ਼ਾਨਦਾਰ ਸੰਦੇਸ਼ ਦਿੱਤਾ ਅਤੇ ਹਾਜ਼ਰ ਲੋਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡੀ।