ਬਾਬਾ ਸਾਹਿਬ ਸਿੰਘ ਕਲ੍ਹਾਧਾਰੀ ਦੇ ਤਿੰਨ ਰੋਜ਼ਾ ਬਰਸੀ ਸਮਾਗਮ ਗੁਰਦੁਆਰਾ ਬੇਰ ਸਾਹਿਬ ਵਿਖੇ ਆਰੰਭ ਬਾਬਾ ਸਾਹਿਬ ਸਿੰਘ ਕਲ੍ਹਾਧਾਰੀ ਦੇ ਤਿੰਨ ਰੋਜ਼ਾ ਬਰਸੀ ਸਮਾਗਮ ਗੁਰਦੁਆਰਾ ਬੇਰ ਸਾਹਿਬ ਵਿਖੇ ਆਰੰਭ
Publish Date: Tue, 28 Jul 2026 05:14 PM (IST)
Updated Date: Tue, 28 Jul 2026 05:16 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ, ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਦੇ ਗਿਆਰ੍ਹਵੇਂ ਜਥੇਦਾਰ ਸੱਚਖੰਡਵਾਸੀ ਬਾਬਾ ਸਾਹਿਬ ਸਿੰਘ ਕਲ੍ਹਾਧਾਰੀ ਦੀ 84ਵੀਂ ਬਰਸੀ ਸਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ, ਦੇਗਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਰਸਮੀ ਤੌਰ ਤੇ ਸ਼ੁਰੂ ਹੋ ਗਏ। ਸਮਾਗਮਾਂ ਦੀ ਆਰੰਭਤਾ ਸ੍ਰੋਮਣੀ ਪੰਥ ਰਤਨ ਅਤੇ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨਾਲ ਕੀਤੀ ਗਈ। ਆਰੰਭ ਸਮਾਗਮ ਦੌਰਾਨ ਬੁੱਢਾ ਦਲ ਦੇ ਹੈੱਡ ਗ੍ਰੰਥੀ ਗਿਆਨੀ ਮੱਘਰ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਦਕਿ ਅਰਦਾਸ ਲਿਖਾਰੀ ਭਾਈ ਮਾਨ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਸਿੰਘ ਕਲ੍ਹਾਧਾਰੀ ਵੱਲੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਪੰਥ ਦੀ ਸੇਵਾ ਲਈ ਪਾਇਆ ਗਿਆ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਹੋਣ ਵਾਲੇ ਮੁੱਖ ਸਮਾਗਮਾਂ ਵਿਚ ਪੰਥ ਦੀਆਂ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ, ਤਖ਼ਤ ਸਾਹਿਬਾਨ ਦੇ ਜਥੇਦਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਸੰਤ-ਮਹਾਂਪੁਰਸ਼ ਅਤੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਕਰਨਗੇ, ਕਥਾਵਾਚਕ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਣਗੇ ਅਤੇ ਢਾਡੀ ਜਥੇ ਵੀਰ ਰਸ ਭਰੀਆਂ ਵਾਰਾਂ ਪੇਸ਼ ਕਰਨਗੇ। ਇਸ ਤੋਂ ਇਲਾਵਾ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਲਾਇਸੈਂਸ ਨਵੇਂ ਬਣਾਏ ਅਤੇ ਪੁਰਾਣੇ ਲਾਇਸੈਂਸਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਆਰੰਭ ਸਮਾਗਮਾਂ ’ਚ ਬਾਬਾ ਜੱਸਾ ਸਿੰਘ, ਬਾਬਾ ਮੇਜਰ ਸਿੰਘ (ਮੁਖਤਿਆਰ-ਏ-ਆਮ), ਬਾਬਾ ਬਲਦੇਵ ਸਿੰਘ ਢੋਡੀਵਿੰਡੀਆ, ਬਾਬਾ ਰਣਯੋਧ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਦਲੇਰ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਭਾਈ ਵਿਸ਼ਵਪ੍ਰਤਾਪ ਸਿੰਘ ਸਮਾਣਾ, ਭਾਈ ਚਰਨ ਸਿੰਘ ਫਤਹਿਗੜ੍ਹ ਸਾਹਿਬ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਪਿਆਰਾ ਸਿੰਘ, ਭਾਈ ਸੁਖਮੰਦਰ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।