ਅਬੈਕਸ ਓਲੰਪੀਆਡ ’ਚ ਸੇਂਟ ਜੇਵਿਅਰ ਸਕੂਲ ਦੇ ਤਿੰਨ ਵਿਦਿਆਰਥੀ ਅੱਵਲ ਅਬੈਕਸ ਓਲੰਪੀਆਡ ’ਚ ਸੇਂਟ ਜੇਵਿਅਰ ਸਕੂਲ ਦੇ ਤਿੰਨ ਵਿਦਿਆਰਥੀ ਅੱਵਲ
Publish Date: Thu, 24 Sep 2026 05:48 PM (IST)
Updated Date: Fri, 25 Sep 2026 04:06 AM (IST)
- 11 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ਾਂ ਤੋਂ ਲਿਆ ਹਿੱਸਾ - ਦੋ ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕਰਕੇ ਜਿੱਤੇ ਵਿਸ਼ੇਸ਼ ਇਨਾਮ ਫੋਟੋ : 18 ਕੈਪਸ਼ਨ:-ਇੰਟਰਨੈਸ਼ਨਲ ਅਬੈਕਸ ਓਲੰਪੀਆਡ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਸੇਂਟ ਜੇਵਿਅਰ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਚੈਂਪੀਅਨਜ਼ ਵਰਲਡ, ਚੰਡੀਗੜ੍ਹ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਅਬੈਕਸ ਓਲੰਪੀਆਡ ਵਿੱਚ ਸੇਂਟ ਜੇਵਿਅਰ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਤਰਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਵਿੱਚ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਆਪੋ-ਆਪਣੀ ਸ਼੍ਰੇਣੀ ਵਿੱਚ ਪਹਿਲੇ ਇਨਾਮ ਹਾਸਲ ਕੀਤੇ, ਜਦਕਿ ਦੋ ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਇਨਾਮ ਜਿੱਤੇ। ਸਕੂਲ ਕੋਆਰਡੀਨੇਟਰ ਮੈਡਮ ਪ੍ਰੇਮਲਤਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਭਾਰਤ ਤੋਂ ਇਲਾਵਾ ਜਰਮਨੀ, ਆਸਟ੍ਰੇਲੀਆ, ਕੈਨੇਡਾ, ਦੁਬਈ, ਫ਼ਰਾਂਸ ਅਤੇ ਫਿਨਲੈਂਡ ਸਮੇਤ ਵੱਖ-ਵੱਖ ਦੇਸ਼ਾਂ ਦੇ 11 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਆਨਲਾਈਨ ਭਾਗ ਲਿਆ। ਸੇਂਟ ਜੇਵਿਅਰ ਸਕੂਲ ਦੇ 25 ਵਿਦਿਆਰਥੀਆਂ ਨੇ ਵੀ ਇਸ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਚੌਥੀ ਜਮਾਤ ਦੇ ਉਜਵਲ ਗਰਗ ਪੁੱਤਰ ਨਵਨੀਤ ਕੁਮਾਰ, ਪੰਜਵੀਂ ਜਮਾਤ ਦੇ ਜਤਿਨ ਗੋਇਲ ਪੁੱਤਰ ਕਮਲ ਗੋਇਲ ਅਤੇ ਦਸਵੀਂ ਜਮਾਤ ਦੇ ਇਸ਼ਾਨ ਤਾਇਲ ਪੁੱਤਰ ਸੰਦੀਪ ਕੁਮਾਰ ਨੇ ਆਪਣੀ-ਆਪਣੀ ਸ਼੍ਰੇਣੀ ਵਿੱਚ ਸਭ ਤੋਂ ਤੇਜ਼ੀ ਨਾਲ ਪ੍ਰਸ਼ਨ ਪੱਤਰ ਹੱਲ ਕਰਦਿਆਂ ਪਹਿਲੇ ਇਨਾਮ ਹਾਸਲ ਕੀਤੇ। ਇਸੇ ਤਰ੍ਹਾਂ ਛੇਵੀਂ ਜਮਾਤ ਦੇ ਧਰੁਵ ਗਰਗ ਅਤੇ ਸੱਤਵੀਂ ਜਮਾਤ ਦੀ ਰਿਆਂਸੀ ਨੇ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦੇ ਕੇ 100 ਫ਼ੀਸਦੀ ਅੰਕ ਹਾਸਲ ਕੀਤੇ ਅਤੇ ਵਿਸ਼ੇਸ਼ ਇਨਾਮ ਜਿੱਤੇ। ਇਸ ਪ੍ਰਾਪਤੀ ’ਤੇ ਸਕੂਲ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ। ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਅਤੇ ਪੂਜਾ ਗੋਇਲ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਦਿੱਤੇ ਗਏ।