ਮਾਈਸਰਖਾਨਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਮਾਮਲਾ : ਸ਼ਰਧਾਲੂਆਂ ਦੀ ਸ਼ਰਧਾ ਨਹੀਂ ਘਟਾ ਸਕੀ ਧਮਕੀ, ਚਾਰ ਸਕਿਊਰਟੀ ਗਾਰਡ ਕਰ ਰਹੇ ਨੇ ਸੁਰੱਖਿਆ
ਪ੍ਰਸਿੱਧ ਧਾਰਮਿਕ ਅਸਥਾਨ ਮਾਈਸਰਖਾਨਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਮੰਦਰ ਪ੍ਰਬੰਧਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਮੰਦਰ ਵਿਖੇ ਹੁਣ ਚੌਵੀ ਘੰਟੇ ਹਥਿਆਰਾਂ ਨਾਲ ਲੈਸ ਨਿੱਜੀ ਸੁਰੱਖਿਆ ਗਾਰਡ ਤਾਇਨਾਤ ਹਨ, ਜਦਕਿ ਮੰਦਰ ਵਿੱਚ ਦਾਖ਼ਲ ਹੋਣ ਵਾਲੇ ਹਰ ਸ਼ਰਧਾਲੂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਭਾਵੇਂ ਸ਼ਰਾਰਤੀ ਅਨਸਰਾਂ ਨੇ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪਰ ਇਹ ਧਮਕੀ ਸ਼ਰਧਾਲੂਆਂ ਦੀ ਸ਼ਰਧਾ ਨਹੀਂ ਘਟਾ ਸਕੀ।
Publish Date: Fri, 05 Jun 2026 03:12 PM (IST)
Updated Date: Fri, 05 Jun 2026 03:16 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਪ੍ਰਸਿੱਧ ਧਾਰਮਿਕ ਅਸਥਾਨ ਮਾਈਸਰਖਾਨਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਮੰਦਰ ਪ੍ਰਬੰਧਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਮੰਦਰ ਵਿਖੇ ਹੁਣ ਚੌਵੀ ਘੰਟੇ ਹਥਿਆਰਾਂ ਨਾਲ ਲੈਸ ਨਿੱਜੀ ਸੁਰੱਖਿਆ ਗਾਰਡ ਤਾਇਨਾਤ ਹਨ, ਜਦਕਿ ਮੰਦਰ ਵਿੱਚ ਦਾਖ਼ਲ ਹੋਣ ਵਾਲੇ ਹਰ ਸ਼ਰਧਾਲੂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਭਾਵੇਂ ਸ਼ਰਾਰਤੀ ਅਨਸਰਾਂ ਨੇ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪਰ ਇਹ ਧਮਕੀ ਸ਼ਰਧਾਲੂਆਂ ਦੀ ਸ਼ਰਧਾ ਨਹੀਂ ਘਟਾ ਸਕੀ।
ਮੰਦਰ ਪ੍ਰਬੰਧਕਾਂ ਅਨੁਸਾਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਦਰ ਦੇ ਆਪਣੇ ਚਾਰ ਸੁਰੱਖਿਆ ਮੁਲਾਜ਼ਮ ਵੀ ਲਗਾਤਾਰ ਡਿਊਟੀ ਨਿਭਾ ਰਹੇ ਹਨ। ਮੰਦਰ ਦੇ ਮੁੱਖ ਦਰਵਾਜ਼ਿਆਂ ਅਤੇ ਅਹਿਮ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਤੁਰੰਤ ਨੋਟਿਸ ਕੀਤਾ ਜਾ ਸਕੇ। ਮੰਦਰ ਪ੍ਰਬੰਧਕਾਂ ਅਨੁਸਾਰ ਅਸਲੇ ਨਾਲ ਲੈਸ ਚਾਰ ਸਕਿਊਰਟੀ ਗਾਰਡ ਪਹਿਲਾਂ ਹੀ ਮੰਦਰ ਤੈਨਾਤ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਦੋ ਸਕਿਊਰਟੀ ਗਾਰਡ ਰਾਤ ਸਮੇਂ ਅਤੇ ਦੋ ਸਕਿਊਰਟੀ ਗਾਰਡ ਦਿਨ ਸਮੇਂ ਮੰਦਰ ’ਚ ਡਿਊਟੀ ਦਿੰਦੇ ਹਨ।
ਸੁਰੱਖਿਆ ਸਬੰਧੀ ਕਈ ਮਹੱਤਵਪੂਰਨ ਫੈਸਲੇ ਲਏ
ਮੰਦਰ ਦੇ ਪੁਜਾਰੀ ਮੋਹਨ ਸ਼ਾਮ ਨੇ ਦੱਸਿਆ ਕਿ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਸਬੰਧੀ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਰਧਾਲੂਆਂ ਵੱਲੋਂ ਲਿਆਂਦਾ ਜਾਣ ਵਾਲਾ ਪ੍ਰਸ਼ਾਦ ਬੰਦ ਪੈਕਿੰਗ ਜਾਂ ਲਿਫ਼ਾਫਿਆਂ ਸਮੇਤ ਹੀ ਮਾਤਾ ਦੇ ਦਰਬਾਰ ਵਿੱਚ ਚੜ੍ਹਾ ਦਿੱਤਾ ਜਾਂਦਾ ਸੀ ਪਰ ਹੁਣ ਸੁਰੱਖਿਆ ਕਾਰਨਾਂ ਕਰਕੇ ਇਹ ਪ੍ਰਕਿਰਿਆ ਬਦਲ ਦਿੱਤੀ ਗਈ ਹੈ। ਹੁਣ ਹਰ ਪ੍ਰਸਾਦ ਦੀ ਪੈਕਿੰਗ ਖੋਲ੍ਹ ਕੇ ਉਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਹੀ ਮਾਤਾ ਦੇ ਚਰਨਾਂ ਵਿੱਚ ਭੇਟ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਆਉਣ ਵਾਲੇ ਹਰ ਵਿਅਕਤੀ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਮੰਦਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾਵੇਗੀ।
ਧਮਕੀ ਤੋਂ ਬਾਅਦ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਚੈਕਿੰਗ ਤੋਂ ਬਾਅਦ ਹੀ ਉਨ੍ਹਾਂ ਨੂੰ ਮੰਦਰ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮੰਦਰ ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਕਰਮਚਾਰੀਆਂ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਬਾਰੇ ਤੁਰੰਤ ਜਾਣਕਾਰੀ ਦੇਣ।
ਇਸ ਮਾਮਲੇ ਸਬੰਧੀ ਜਦੋਂ ਕੋਟਫੱਤਾ ਦੇ ਐੱਸ.ਐੱਚ.ਓ. ਨੇ ਕਿਹਾ ਕਿ ਮੰਦਰ ਨੂੰ ਮਿਲੀ ਧਮਕੀ ਨੂੰ ਪੁਲਿਸ ਵੱਲੋਂ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੰਦਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਨਿਯਮਿਤ ਤੌਰ ’ਤੇ ਗਸ਼ਤ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਐੱਸ.ਐੱਚ.ਓ. ਨੇ ਕਿਹਾ ਕਿ ਪੁਲਿਸ ਅਤੇ ਮੰਦਰ ਪ੍ਰਬੰਧਕਾਂ ਵਿਚਕਾਰ ਲਗਾਤਾਰ ਤਾਲਮੇਲ ਬਣਾਇਆ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀ ਸ਼ੱਕੀ ਜਾਣਕਾਰੀ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਉਧਰ ਮੰਦਰ ਵਿੱਚ ਮੱਥਾ ਟੇਕਣ ਲਈ ਸ਼ਰਧਾਲੂਆਂ ਨੇ ਪਹਿਲਾਂ ਦੀ ਤਰ੍ਹਾਂ ਆ ਰਹੇ ਹਨ। ਪੁਜਾਰੀ ਦਾ ਕਹਿਣਾ ਸੀ ਕਿ ਇਨ੍ਹਾਂ ਦਿਨਾਂ ਗਰਮੀ ਕਾਰਨ ਸ਼ਰਧਾਲੂਆਂ ਦੀ ਗਿਣਤੀ ਘਟ ਜਾਂਦੀ ਹੈ ਪਰ ਧਮਕੀ ਸ਼ਰਧਾਲੂਆਂ ਦੀ ਸ਼ਰਧਾਂ ਨਹੀਂ ਘਟਾ ਸਕੀ।