ਫਿਰ ਬਠਿੰਡਾ 'ਚ ਧਮਾਕੇ ਦੀ ਧਮਕੀ! ਜ਼ਿਲ੍ਹਾ ਪਰਿਸ਼ਦ ਤੇ ਅਦਾਲਤ ਕੈਪਲੈਕਸ ਕਰਵਾਇਆ ਖਾਲੀ, ਈਮੇਲ ਤੋਂ ਖ਼ਾਲਿਸਤਾਨੀ ਕਨੈਕਸ਼ਨ ਦੀ ਸੰਭਾਵਨਾ
ਪੁਲਿਸ ਟੀਮਾਂ ਨੇ ਸ਼ੱਕੀ ਵਸਤੂਆਂ ਲਈ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਹਾਲਾਂਕਿ ਕੁਝ ਵੀ ਨਹੀਂ ਮਿਲਿਆ ਪਰ ਸੁਰੱਖਿਆ ਏਜੰਸੀਆਂ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਖੇਤਰ ਵਿੱਚ ਆਪਣੀ ਚੌਕਸੀ ਵਧਾ ਦਿੱਤੀ।
Publish Date: Thu, 03 Sep 2026 03:13 PM (IST)
Updated Date: Thu, 03 Sep 2026 03:16 PM (IST)
ਡਿਜੀਟਲ ਡੈਸਕ, ਬਠਿੰਡਾ। ਜ਼ਿਲ੍ਹਾ ਅਦਾਲਤ ਅਤੇ ਜ਼ਿਲ੍ਹਾ ਪਰਿਸ਼ਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਵੀਰਵਾਰ ਨੂੰ ਬਠਿੰਡਾ ਵਿੱਚ ਤਰਥੱਲੀ ਮਚ ਗਈ। ਧਮਕੀ ਭਰੀ ਈਮੇਲ ਮਿਲਣ ਦੀ ਸੂਚਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਅਦਾਲਤ ਕੰਪਲੈਕਸ ਅਤੇ ਜ਼ਿਲ੍ਹਾ ਪਰਿਸ਼ਦ ਦਫ਼ਤਰ ’ਚ ਸੁਰੱਖਿਆ ਪ੍ਰਬੰਧ ਕਰੜੇ ਕਰਦਿਆਂ ਵਿਆਪਕ ਸਰਚ ਮੁਹਿੰਮ ਚਲਾਈ ਗਈ।
ਪੁਲਿਸ ਟੀਮਾਂ ਨੇ ਸ਼ੱਕੀ ਵਸਤੂਆਂ ਲਈ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਹਾਲਾਂਕਿ ਕੁਝ ਵੀ ਨਹੀਂ ਮਿਲਿਆ ਪਰ ਸੁਰੱਖਿਆ ਏਜੰਸੀਆਂ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਖੇਤਰ ਵਿੱਚ ਆਪਣੀ ਚੌਕਸੀ ਵਧਾ ਦਿੱਤੀ।
ਅਦਾਲਤ ਕੰਪਲੈਕਸ ’ਚ ਆਉਣ-ਜਾਣ ਵਾਲੇ ਲੋਕਾਂ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਧਮਕੀ ਭਰੀ ਈਮੇਲ ਕਿਸ ਵਿਅਕਤੀ ਜਾਂ ਸੰਗਠਨ ਵੱਲੋਂ ਭੇਜੀ ਗਈ ਹੈ ਅਤੇ ਇਸ ਦੇ ਪਿੱਛੇ ਕੀ ਮਨਸ਼ਾ ਹੈ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਖ਼ਾਸ ਗੱਲ ਇਹ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਧਮਕੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਲਗਪਗ ਇੱਕ ਹਫ਼ਤਾ ਪਹਿਲਾਂ ਵੀ ਜ਼ਿਲ੍ਹੇ ਦੀਆਂ ਸਾਰੀਆਂ ਅਦਾਲਤਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕੁੱਝ ਨਿੱਜੀ ਸਕੂਲਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਸ ਸਮੇਂ ਵੀ ਸਬੰਧਤ ਥਾਵਾਂ ਦੀ ਚੈਕਿੰਗ ਕਰਕੇ ਸੁਰੱਖਿਆ ਵਧਾਈ ਗਈ ਸੀ।
ਇਸ ਤੋਂ ਪਹਿਲਾਂ 15 ਅਗਸਤ ਵਾਲੇ ਦਿਨ ਵੀ ਨਗਰ ਨਿਗਮ ਦਫ਼ਤਰ ਅਤੇ ਮੇਅਰ ਦਫ਼ਤਰ ਨੂੰ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਲਗਾਤਾਰ ਸਾਹਮਣੇ ਆ ਰਹੀਆਂ ਇਹ ਧਮਕੀਆਂ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪੁਲਿਸ ਹੁਣ ਪਿਛਲੀਆਂ ਧਮਕੀਆਂ ਅਤੇ ਮੌਜੂਦਾ ਈਮੇਲ ਵਿਚਕਾਰ ਕਿਸੇ ਸੰਭਾਵੀ ਕਨੈਕਸ਼ਨ ਦੀ ਜਾਂਚ ਵੀ ਕਰ ਰਹੀ ਹੈ।
ਪੁਲਿਸ ਸਰੋਤਾਂ ਅਨੁਸਾਰ, ਧਮਕੀ ਭਰੀ ਈਮੇਲ ਦੀ ਤਕਨੀਕੀ ਜਾਂਚ ਕਰਕੇ ਉਸ ਦੇ ਸਰੋਤ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਈਬਰ ਮਾਹਰਾਂ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਦੀ ਪਛਾਣ ਅਤੇ ਉਸ ਦੇ IP ਐਡਰੈੱਸ ਸਮੇਤ ਹੋਰ ਪਹਿਲੂਆਂ ਨੂੰ ਖੰਗਾਲਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਸਤੂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਅਤੇ ਅਫ਼ਵਾਹਾਂ 'ਤੇ ਧਿਆਨ ਨਾ ਦੇਣ।
ਦੱਸਿਆ ਜਾ ਰਿਹਾ ਹੈ ਕਿ ਧਮਕੀ ਭਰੀ ਈਮੇਲ ਵਿੱਚ ਭੇਜਣ ਵਾਲਿਆਂ ਨੇ ਖ਼ੁਦ ਨੂੰ ਕੁੱਝ ਪਾਬੰਦੀਸ਼ੁਦਾ ਖ਼ਾਲਿਸਤਾਨੀ ਸੰਗਠਨਾਂ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ।