ਹਫਤਾ ਪਹਿਲਾਂ ਹੋਏ ਸੜਕੀ ਹਾਦਸੇ ’ਚ ਜ਼ਖਮੀ ਤੀਜੇ ਨੌਜਵਾਨ ਨੇ ਵੀ ਤੋੜਿਆ ਦਮ ਹਫਤਾ ਪਹਿਲਾਂ ਹੋਏ ਸੜਕੀ ਹਾਦਸੇ ਚ ਜਖਮੀ ਤੀਜੇ ਨੌਜਵਾਨ ਨੇ ਵੀ ਤੋੜਿਆ ਦਮ
Publish Date: Sun, 29 Nov 2026 06:08 PM (IST)
Updated Date: Sun, 29 Nov 2026 06:10 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਤਲਵੰਡੀ ਸਾਬੋ ਨਗਰ ਦੇ ਮੌੜ ਰੋਡ ’ਤੇ 23 ਨਵੰਬਰ ਨੂੰ ਇਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਟੱਕਰ ’ਚ ਮੋਟਰਸਾਈਕਲ ’ਤੇ ਸਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦੇ ਤਿੰਨ ਨੌਜਵਾਨਾਂ ’ਚੋਂ ਦੋ ਨੌਜਵਾਨਾਂ ਦੀ ਜਿੱਥੇ ਮੌਕੇ ’ਤੇ ਹੀ ਮੌਤ ਹੋ ਗਈ ਸੀ ਉੱਥੇ ਜ਼ਖਮੀ ਹੋਣ ਉਪਰੰਤ ਬਠਿੰਡਾ ਦੇ ਹਸਪਤਾਲ ’ਚ ਜ਼ੇਰੇ ਇਲਾਜ ਤੀਜੇ ਨੌਜਵਾਨ ਦੇ ਵੀ ਲੰਘੀ ਦੇਰ ਸ਼ਾਮ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈਕਿ ਬੀਤੀ 23 ਨਵੰਬਰ ਨੂੰ ਜਦੋਂ ਪਿੰਡ ਧਿੰਗੜ ਨਿਵਾਸੀ ਤਿੰਨ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਮੌੜ ਰੋਡ ਰਾਹੀਂ ਆਪਣੇ ਪਿੰਡ ਵੱਲ ਨੂੰ ਵਾਪਿਸ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇਕ ਸਵਿਫਟ ਕਾਰ ਨਾਲ ਹੋਈ ਟੱਕਰ ’ਚ ਤਿੰਨੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ’ਚੋਂ ਦੋ ਹਰਜੀਤ ਸਿੰਘ (24) ਅਤੇ ਚੰਨਪ੍ਰੀਤ ਸਿੰਘ (23) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਜਦੋਂਕਿ ਲਵਪ੍ਰੀਤ ਸਿੰਘ (23) ਨੂੰ ਗੰਭੀਰ ਜ਼ਖਮੀ ਹੋਣ ਕਾਰਣ ਬਠਿੰਡਾ ਦੇ ਇਕ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਜਿੱਥੇ ਲੰਘੀ ਸ਼ਾਮ ਜਖਮਾਂ ਦੀ ਤਾਬ ਨਾ ਝੱਲਦਿਆਂ ਉਹ ਵੀ ਦਮ ਤੋੜ ਗਿਆ। ਮ੍ਰਿਤਕ ਦੇ ਵਾਰਿਸਾਂ ਵੱਲੋਂ ਕਾਰ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਥਾਣਾ ਤਲਵੰਡੀ ਸਾਬੋ ਪਹੁੰਚਕੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ ਤੇ ਥਾਣਾ ਮੁਖੀ ਨਾਲ ਸੰਪਰਕ ਨਹੀਂ ਹੋ ਸਕਿਆ। ਉੱਧਰ ਤੀਜੇ ਨੌਜਵਾਨ ਦੀ ਵੀ ਮੌਤ ਹੋ ਜਾਣ ਨਾਲ ਪਿੰਡ ਧਿੰਗੜ ’ਚ ਸੋਗ ਦੀ ਲਹਿਰ ਦੌੜ ਗਈ ਹੈ।