ਚੋਰਾਂ ਨੇ ਸ਼ਹਿਰ ਵਾਸੀਆਂ ਦੇ ਨੱਕ ’ਚ ਕੀਤਾ ਦਮ, ਡੇਢ ਦਰਜਨ ਏਸੀ ਦੇ ਆਉਟਡੋਰ ਦੀਆਂ ਪਾਈਪਾਂ ਚੋਰੀ ਚੋਰਾਂ ਨੇ ਸ਼ਹਿਰ ਵਾਸੀਆਂ ਦੇ ਨੱਕ ਵਿਚ ਕੀਤਾ ਦਮ, ਡੇਢ ਦਰਜਨ ਏਸੀ ਦੇ ਆਉਟਡੋਰ ਦੀਆਂ ਪਾਇਪਾਂ ਚੋਰੀ
Publish Date: Mon, 07 Sep 2026 04:10 PM (IST)
Updated Date: Mon, 07 Sep 2026 04:10 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਸ਼ਾਮ ਸਮੇਂ ਦੁਕਾਨਾਂ ਬੰਦ ਹੋਣ ਤੋਂ ਬਾਅਦ ਚੋਰਾਂ ਦੀ ਸਰਗਰਮੀ ਨੇ ਦੁਕਾਨਦਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਚੋਰਾਂ ਨੇ ਨਿਊ ਸੁਭਾਸ਼ ਮਾਰਕੀਟ ਤੇ ਵਿਸ਼ਵਾਸ ਨਗਰ ਇਲਾਕੇ ਦੀਆਂ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਛੱਤਾਂ ’ਤੇ ਲੱਗੇ ਏਅਰ ਕੰਡੀਸ਼ਨਰਾਂ ਦੀਆਂ ਆਊਟਡੋਰ ਯੂਨਿਟਾਂ ਨਾਲ ਜੁੜੀਆਂ ਕਾਪਰ ਦੀਆਂ ਪਾਈਪਾਂ ਕੱਟ ਕੇ ਚੋਰੀ ਕਰ ਲਈਆਂ। ਇਸ ਘਟਨਾ ਕਾਰਨ ਜਿੱਥੇ ਦੁਕਾਨਦਾਰਾਂ ਦਾ ਸਾਮਾਨ ਚੋਰੀ ਹੋਇਆ ਹੈ, ਉੱਥੇ ਹੀ ਏਸੀ ਵੀ ਨੁਕਸਾਨੇ ਜਾਣ ਕਾਰਨ ਉਨ੍ਹਾਂ ਨੂੰ ਦੋਹਰਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਕਾਪਰ ਦੀਆਂ ਪਾਈਪਾਂ ਕੱਟ ਕੇ ਲੈ ਜਾਣ ਕਾਰਨ ਏਅਰ ਕੰਡੀਸ਼ਨਰਾਂ ਦੀ ਗੈਸ ਲੀਕ ਹੋ ਗਈ ਹੈ। ਹੁਣ ਉਨ੍ਹਾਂ ਨੂੰ ਏਸੀ ਦੀ ਦੁਬਾਰਾ ਫਿਟਿੰਗ ਕਰਵਾਉਣ ਦੇ ਨਾਲ-ਨਾਲ ਗੈਸ ਵੀ ਭਰਵਾਉਣੀ ਪਵੇਗੀ। ਇਸ ਸਾਰੀ ਪ੍ਰਕਿਰਿਆ ’ਤੇ ਹਰੇਕ ਦੁਕਾਨਦਾਰ ਨੂੰ ਕਾਫ਼ੀ ਰਕਮ ਖਰਚ ਕਰਨੀ ਪਵੇਗੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਕੁਝ ਰੁਪਏ ਦੀ ਕਾਪਰ ਦੀ ਪਾਈਪ ਚੋਰੀ ਕਰਨ ਲਈ ਉਨ੍ਹਾਂ ਦਾ ਕਾਫ਼ੀ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਦੁਕਾਨਦਾਰਾਂ ਮੁਤਾਬਕ ਐਤਵਾਰ ਨੂੰ ਨਿਊ ਸੁਭਾਸ਼ ਮਾਰਕੀਟ ਸ਼ਾਮ ਕਰੀਬ 5 ਤੋਂ 6 ਵਜੇ ਦੇ ਦਰਮਿਆਨ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। ਇਸ ਤੋਂ ਬਾਅਦ ਮਾਰਕੀਟ ਵਿਚ ਆਮ ਲੋਕਾਂ ਦੀ ਆਵਾਜਾਈ ਵੀ ਘੱਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤਕ ਚੌਂਕੀਦਾਰ ਵੀ ਤਾਇਨਾਤ ਰਹਿੰਦਾ ਹੈ। ਇਸ ਕਾਰਨ ਦੁਕਾਨਦਾਰਾਂ ਨੂੰ ਸ਼ੱਕ ਹੈ ਕਿ ਚੋਰੀ ਦੀਆਂ ਇਹ ਘਟਨਾਵਾਂ ਸ਼ਾਮ 6 ਤੋਂ ਰਾਤ 9 ਵਜੇ ਦੇ ਵਿਚਕਾਰ ਵਾਪਰੀਆਂ ਹੋ ਸਕਦੀਆਂ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ਭੀੜ-ਭਾੜ ਵਾਲੇ ਇਲਾਕੇ ਵਿੱਚ ਹੋਣ ਦੇ ਬਾਵਜੂਦ ਚੋਰਾਂ ਵੱਲੋਂ ਛੱਤਾਂ ’ਤੇ ਚੜ੍ਹ ਕੇ ਏਸੀ ਦੀਆਂ ਪਾਈਪਾਂ ਕੱਟ ਕੇ ਲੈ ਜਾਣਾ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਚੋਰਾਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ। ਨਾਲ ਹੀ ਰਾਤ ਸਮੇਂ ਇਲਾਕੇ ਵਿੱਚ ਗਸ਼ਤ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ। ਸਬੰਧਤ ਥਾਣਾ ਪੁਲਿਸ ਨੇ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਥਾਣਾ ਥਰਮਲ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗਿਲਪੱਤੀ ਵਾਸੀ ਬੇਅੰਤ ਸਿੰਘ ਨੇ ਦੱਸਿਆ ਕਿ ਵਿਸ਼ਵਾਸ ਨਗਰ ਬਠਿੰਡਾ ਵਿੱਚ ਉਸ ਦੀ ਬੇਅੰਤ ਪ੍ਰਾਪਰਟੀ ਐਡਵਾਈਜ਼ਰ ਨਾਮ ਦੀ ਦੁਕਾਨ ਹੈ। ਇਸੇ ਇਲਾਕੇ ਵਿੱਚ ਮਹਿੰਦਰਪਾਲ ਵਾਸੀ ਵਿਸ਼ਵਾਸ ਨਗਰ ਦੀ ਫਰੈਂਡਜ਼ ਪ੍ਰਾਪਰਟੀ ਨਾਮ ਦੀ ਦੁਕਾਨ ਵੀ ਹੈ। ਸ਼ਿਕਾਇਤਕਰਤਾ ਅਨੁਸਾਰ 4 ਅਤੇ 5 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਦੋਵੇਂ ਦੁਕਾਨਾਂ ਦੀਆਂ ਛੱਤਾਂ ’ਤੇ ਲੱਗੇ ਏਸੀ ਦੇ ਆਊਟਡੋਰ ਯੂਨਿਟ ਚੋਰੀ ਕਰ ਲਏ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਥਰਮਲ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐਸਆਈ ਜਸਕੌਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸਾਹਮਣੇ ਖੜ੍ਹੀ ਆਲਟੋ ਕਾਰ ਲੈ ਗਏ ਚੋਰ ਇਸੇ ਤਰ੍ਹਾਂ ਚੋਰੀ ਦੀ ਦੂਜੀ ਵਾਰਦਾਤ ਥਾਣਾ ਕੈਂਟ ਇਲਾਕੇ ਵਿੱਚ ਵਾਪਰੀ। ਪਿੰਡ ਚੱਕਬਖ਼ਤੂ ਵਾਸੀ ਲਵਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 5 ਸਤੰਬਰ ਦੀ ਰਾਤ ਉਸ ਨੇ ਆਪਣੀ ਆਲਟੋ ਕਾਰ ਨੰਬਰ ਪੀਬੀ 03 ਏਵਾਈ-0282 ਅਦੇਸ਼ ਹਸਪਤਾਲ ਦੇ ਸਾਹਮਣੇ ਖੜ੍ਹੀ ਕੀਤੀ ਸੀ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਵਾਪਸ ਆਇਆ ਤਾਂ ਕਾਰ ਉੱਥੋਂ ਗਾਇਬ ਸੀ। ਉਸ ਨੇ ਆਸ-ਪਾਸ ਭਾਲ ਕੀਤੀ ਪਰ ਕਾਰ ਦਾ ਕੋਈ ਪਤਾ ਨਹੀਂ ਲੱਗਿਆ। ਸ਼ਿਕਾਇਤਕਰਤਾ ਨੇ ਚੋਰੀ ਹੋਈ ਕਾਰ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਦੱਸੀ ਹੈ। ਥਾਣਾ ਕੈਂਟ ਪੁਲਿਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰ ਦੀ ਭਾਲ ਅਤੇ ਮੁਲਜ਼ਮ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏਐਸਆਈ ਕਰਮਜੀਤ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਆਦੇਸ਼ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ। ਪੁਲਿਸ ਵੱਲੋਂ ਦੋਵੇਂ ਮਾਮਲਿਆਂ ਵਿੱਚ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।