ਫੁਲੋਖਾਰੀ ਵਿਚ ਚੋਰਾਂ ਨੇ ਇੱਕੋ ਰਾਤ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, 50 ਹਜ਼ਾਰ ਨਕਦੀ ਤੇ ਚਾਰ ਤੋਲੇ ਸੋਨਾ ਚੋਰੀ ਫੁਲੋਖਾਰੀ ਵਿਚ ਚੋਰਾਂ ਨੇ ਇੱਕੋ ਰਾਤ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, 50 ਹਜ਼ਾਰ ਨਕਦੀ ਤੇ ਚਾਰ ਤੋਲੇ ਸੋਨਾ ਚੋਰੀ
Publish Date: Sat, 14 Nov 2026 05:55 PM (IST)
Updated Date: Sat, 14 Nov 2026 05:57 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾ ਮੰਡੀ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਫੁਲੋਖਾਰੀ ਵਿਖੇ ਬੀਤੀ ਰਾਤ ਨਾਮਲੂਮ ਚੋਰਾਂ ਵੱਲੋਂ ਦੋ ਵੱਖ-ਵੱਖ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਘਰ ਵਿਚ ਚੋਰਾਂ ਨੇ ਕੰਧ ਵਿਚ ਪਾੜ ਲਗਾ ਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਸਿਰਫ਼ ਕੋਟ-ਪੈਂਟ ਹੀ ਚੋਰੀ ਕਰਕੇ ਲੈ ਗਏ, ਜਦਕਿ ਦੂਜੇ ਘਰ ਵਿੱਚੋਂ 50 ਹਜ਼ਾਰ ਰੁਪਏ ਦੀ ਨਕਦੀ ਅਤੇ ਕਰੀਬ ਚਾਰ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਇੱਕੋ ਰਾਤ ਦੋ ਘਰਾਂ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਕਾਰਨ ਪਿੰਡ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਦੀ ਪਹਿਲੀ ਘਟਨਾ ਪਿੰਡ ਵਾਸੀ ਗੁਰਮੇਲ ਸਿੰਘ ਦੇ ਘਰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਨਾਮਲੂਮ ਚੋਰਾਂ ਨੇ ਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ਵੱਲੋਂ ਕੰਧ ਵਿੱਚ ਪਾੜ ਲਗਾਇਆ ਅਤੇ ਇਸ ਰਸਤੇ ਰਾਹੀਂ ਘਰ ਅੰਦਰ ਦਾਖਲ ਹੋ ਗਏ। ਚੋਰਾਂ ਨੇ ਘਰ ਵਿੱਚ ਕੀਮਤੀ ਸਾਮਾਨ ਦੀ ਭਾਲ ਕੀਤੀ, ਪਰ ਕੋਈ ਨਕਦੀ ਜਾਂ ਹੋਰ ਕੀਮਤੀ ਵਸਤੂ ਹੱਥ ਨਾ ਲੱਗਣ ਕਾਰਨ ਉਹ ਸਿਰਫ਼ ਕੋਟ-ਪੈਂਟ ਹੀ ਚੋਰੀ ਕਰਕੇ ਲੈ ਗਏ। ਇਸ ਘਟਨਾ ਨੂੰ ਦੇਖਦਿਆਂ ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਕਹਾਵਤ ਸੱਚ ਸਾਬਤ ਹੁੰਦੀ ਨਜ਼ਰ ਆਈ। ਘਰ ਦੀ ਕੰਧ ਵਿੱਚ ਲਾਇਆ ਗਿਆ ਪਾੜ ਚੋਰਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦੀ ਗਵਾਹੀ ਭਰ ਰਿਹਾ ਹੈ। ਚੋਰੀ ਦੀ ਦੂਜੀ ਘਟਨਾ ਬਲਜਿੰਦਰ ਸਿੰਘ ਦੇ ਘਰ ਵਾਪਰੀ, ਜਿੱਥੇ ਚੋਰਾਂ ਨੇ ਪਰਿਵਾਰ ਦੇ ਸੁੱਤੇ ਹੋਣ ਦਾ ਫਾਇਦਾ ਉਠਾਉਂਦਿਆਂ ਘਰ ਦੇ ਦੂਜੇ ਬੰਦ ਪਏ ਕਮਰੇ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਜਿਸ ਸਮੇਂ ਚੋਰ ਘਰ ਅੰਦਰ ਦਾਖਲ ਹੋਏ, ਉਸ ਸਮੇਂ ਪਰਿਵਾਰ ਦੇ ਮੈਂਬਰ ਇੱਕ ਕਮਰੇ ਵਿੱਚ ਸੁੱਤੇ ਪਏ ਸਨ। ਚੋਰਾਂ ਨੇ ਦੂਜੇ ਕਮਰੇ ਦਾ ਤਾਲਾ ਤੋੜ ਦਿੱਤਾ ਅਤੇ ਅੰਦਰ ਪਈ ਗੋਦਰੇਜ ਦੀ ਅਲਮਾਰੀ ਵਿੱਚੋਂ 50 ਹਜ਼ਾਰ ਰੁਪਏ ਦੀ ਨਕਦੀ ਅਤੇ ਕਰੀਬ ਚਾਰ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਣ ਤੇ ਪੀੜਤ ਪਰਿਵਾਰ ਵੱਲੋਂ ਘਰ ਵਿੱਚ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਨਕਦੀ ਅਤੇ ਸੋਨੇ ਦੇ ਗਹਿਣੇ ਗਾਇਬ ਮਿਲੇ। ਪਰਿਵਾਰ ਵੱਲੋਂ ਇਸ ਸਬੰਧੀ ਰਾਮਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਕੋ ਰਾਤ ਪਿੰਡ ਵਿੱਚ ਦੋ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਨੇ ਪਿੰਡ ਵਾਸੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਲੋਕਾਂ ਵੱਲੋਂ ਰਾਤ ਸਮੇਂ ਪਿੰਡ ਵਿੱਚ ਚੌਕਸੀ ਅਤੇ ਪੁਲਿਸ ਗਸ਼ਤ ਵਧਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।