- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਤ ਸਮੇਂ ਘਰਾਂ ਦੀਆਂ ਕੰਧਾਂ ਟੱਪ ਰਹੇ ਚੋਰ, ਇਕ ਰਾਤ ਛੇ ਕੋਠੀਆਂ ਨੂੰ ਬਣਾਇਆ ਨਿਸ਼ਾਨਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਸ਼ਹਿਰ ਵਿੱਚ ਰਾਤ ਸਮੇਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਚੋਰ ਖਾਲੀ ਪਈਆਂ ਕੋਠੀਆਂ ਅਤੇ ਮਕਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਘਰਾਂ ਦੀਆਂ ਕੰਧਾਂ ਟੱਪ ਕੇ ਅੰਦਰ ਦਾਖ਼ਲ ਹੋ ਰਹੇ ਹਨ। ਮੰਗਲਵਾਰ ਰਾਤ ਅਜੀਤ ਰੋਡ, ਕਮਲਾ ਨਹਿਰੂ ਕਲੋਨੀ ਅਤੇ ਸ਼ਕਤੀ ਵਿਹਾਰ ਵਿੱਚ ਚੋਰੀ ਅਤੇ ਇੱਕ ਕੋਠੀ ਵਿੱਚ ਸ਼ੱਕੀ ਵਿਅਕਤੀ ਦੇ ਦਾਖ਼ਲ ਹੋਣ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ। ਵਧੀਆਂ ਚੋਰੀਆਂ ਕਾਰਨ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਰੋਡ ਦੀ ਗਲੀ ਨੰਬਰ 26/3 ਵਿੱਚ ਮੰਗਲਵਾਰ ਰਾਤ ਕਰੀਬ 12:03 ਵਜੇ ਇੱਕ ਵਿਅਕਤੀ ਘਰ ਵਿੱਚ ਦਾਖ਼ਲ ਹੋਇਆ। ਉਸ ਦੀਆਂ ਗਤੀਵਿਧੀਆਂ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ੱਕੀ ਵਿਅਕਤੀ ਘਰ ਦੇ ਕਿਚਨ ਤੇ ਬਾਥਰੂਮ ਵਿਚ ਲੱਗੀਆਂ ਸੱਤ-ਅੱਠ ਮਹਿੰਗੀਆਂ ਟੂਟੀਆਂ ਉਖਾੜ ਕੇ ਲੈ ਗਿਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ।
ਇਸੇ ਤਰ੍ਹਾਂ ਕਮਲਾ ਨਹਿਰੂ ਕਲੋਨੀ ਵਿਚ ਮੰਗਲਵਾਰ ਰਾਤ ਕਰੀਬ 12:15 ਵਜੇ ਇੱਕ ਵਿਅਕਤੀ ਕੰਧ ਟੱਪ ਕੇ ਕੋਠੀ ਵਿੱਚ ਦਾਖ਼ਲ ਹੋ ਗਿਆ। ਜਿਵੇਂ ਹੀ ਕੋਠੀ ਵਿੱਚ ਲੱਗਾ ਸੁਰੱਖਿਆ ਹੂਟਰ ਵੱਜਿਆ ਤਾਂ ਸ਼ੱਕੀ ਵਿਅਕਤੀ ਬਾਹਰ ਨਿਕਲਣ ਦੀ ਬਜਾਏ ਕੋਠੀ ਦੇ ਅੰਦਰ ਹੀ ਲੁਕ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਈ। ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕੋਠੀ ਵਿਚ ਕਿਸ ਮਕਸਦ ਨਾਲ ਦਾਖ਼ਲ ਹੋਇਆ ਸੀ ਅਤੇ ਕੀ ਉਸ ਦਾ ਕਿਸੇ ਹੋਰ ਚੋਰੀ ਦੀ ਘਟਨਾ ਨਾਲ ਕੋਈ ਸਬੰਧ ਹੈ। ਉਧਰ ਸ਼ਕਤੀ ਵਿਹਾਰ ਵਿਚ ਚੋਰਾਂ ਨੇ ਇੱਕੋ ਸਮੇਂ ਛੇ ਕੋਠੀਆਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਵੱਲੋਂ ਕੋਠੀਆਂ ਦੇ ਅੰਦਰ ਲੱਗੀ ਬਿਜਲੀ ਦੀ ਫਿਟਿੰਗ ਦੀਆਂ ਤਾਰਾਂ ਉਖਾੜ ਕੇ ਲੈ ਜਾਣ ਦੇ ਨਾਲ ਕਈ ਥਾਵਾਂ ਤੋਂ ਟੂਟੀਆਂ ਵੀ ਚੋਰੀ ਕਰ ਲਈਆਂ ਗਈਆਂ। ਘਟਨਾ ਦਾ ਪਤਾ ਬੁੱਧਵਾਰ ਦੁਪਹਿਰ ਨੂੰ ਲੱਗਾ। ਕੋਠੀਆਂ ਦੇ ਮਾਲਕ ਧੀਰਜ ਗਰਗ ਨੇ ਦੱਸਿਆ ਕਿ ਉੱਥੇ ਉਨ੍ਹਾਂ ਦੀਆਂ ਚਾਰ ਕੋਠੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਦੋ ਵਿਕ ਚੁੱਕੀਆਂ ਹਨ, ਜਦਕਿ ਦੋ ਵਿਕਰੀ ਲਈ ਹਨ। ਇਹ ਸਾਰੀਆਂ ਕੋਠੀਆਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਇਸ ਤੋਂ ਇਲਾਵਾ ਨੇੜੇ ਦੀਆਂ ਦੋ ਹੋਰ ਕੋਠੀਆਂ ਵਿਚ ਵੀ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਕੋਠੀਆਂ ਦੇ ਅੰਦਰ ਬਿਜਲੀ ਦੀਆਂ ਫਿਟਿੰਗ ਤਾਰਾਂ ਉਖੜੀਆਂ ਹੋਈਆਂ ਸਨ ਤੇ ਕਈ ਥਾਵਾਂ ਤੋਂ ਟੂਟੀਆਂ ਗਾਇਬ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੁਲਿਸ ਦੀ ਕਾਰਗਜ਼ਾਰੀ ਸ਼ੱਕੀ
ਸ਼ਹਿਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਚੋਰਾਂ ਦਾ ਵਧ ਰਹੇ ਪ੍ਰਕੋਪ ਕਾਰਨ ਸ਼ਹਿਰ ਵਾਸੀਆਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੀਆਂ ਚੋਰੀ ਦੀਆਂ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਣ ਦੇ ਬਾਵਜ਼ੂਦ ਪੁਲਿਸ ਚੋਰਾਂ ਦਾ ਸੁਰਾਗ ਨਹੀ ਲਗਾ ਸਕੀ, ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਗਲ ਉੱਠ ਰਹੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਖਾਲੀ ਪਈਆਂ ਕੋਠੀਆਂ ਤੇ ਨਿਰਮਾਣ ਅਧੀਨ ਮਕਾਨਾਂ ਦੀ ਰਾਤ ਸਮੇਂ ਨਿਗਰਾਨੀ ਵਧਾਉਣ ਦੀ ਲੋੜ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੰਵੇਦਨਸ਼ੀਲ ਇਲਾਕਿਆਂ ਵਿਚ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।