- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ’ਚ ਬੇਖੌਫ਼ ਘੁੰਮ ਰਹੇ ਚੋਰ, ਘਰਾਂ ’ਚੋਂ ਸਿਲੰਡਰ ਅਤੇ ਸਕੂਟੀਆਂ ’ਚੋਂ ਮੋਬਾਈਲ ਤੇ ਪਰਸ ਚੋਰੀ

ਸੀਨੀਅਰ ਰਿਪੋਰਟਰ ਪੰਜਾਬੀ ਜਾਗਰਣ
ਬਠਿੰਡਾ:
ਸ਼ਹਿਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਅਤੇ ਤੜਕਸਾਰ ਘਰਾਂ ਵਿੱਚ ਦਾਖ਼ਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਮਾਡਲ ਟਾਊਨ ਫੇਜ਼-1 ਵਿੱਚ ਇੱਕ ਨਕਾਬਪੋਸ਼ ਨੌਜਵਾਨ ਤਿੰਨ ਮਕਾਨਾਂ ਦੀਆਂ ਛੱਤਾਂ ਟੱਪ ਕੇ ਘਰ ਵਿੱਚ ਦਾਖ਼ਲ ਹੋਇਆ ਅਤੇ ਉੱਥੋਂ ਦੋ ਗੈਸ ਸਿਲੰਡਰ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਪ੍ਰਤਾਪ ਨਗਰ ਦੀ ਗਲੀ ਨੰਬਰ-9 ਵਿੱਚ ਦੋ ਨੌਜਵਾਨਾਂ ਨੇ ਘਰ ਵਿੱਚੋਂ ਭਰਿਆ ਹੋਇਆ ਗੈਸ ਸਿਲੰਡਰ ਚੋਰੀ ਕਰ ਲਿਆ। ਇਸ ਤੋਂ ਇਲਾਵਾ ਸੇਂਟ ਜ਼ੇਵੀਅਰ ਸਕੂਲ ਦੇ ਬਾਹਰ ਖੜ੍ਹੀਆਂ ਵਿਦਿਆਰਥੀਆਂ ਦੀਆਂ ਸਕੂਟੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਮੋਬਾਈਲ ਫੋਨ ਅਤੇ ਪਰਸ ਚੋਰੀ ਕਰ ਲਏ ਗਏ। ਤਿੰਨਾਂ ਘਟਨਾਵਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਬਾਕਸ
ਮਾਡਲ ਟਾਊਨ ’ਚ ਛੱਤਾਂ ਰਾਹੀਂ ਘਰ ਅੰਦਰ ਦਾਖ਼ਲ ਹੋਇਆ ਚੋਰ
ਮਾਡਲ ਟਾਊਨ ਫੇਜ਼-1 ਵਿੱਚ ਮਾਤਾ ਦੁਰਗਾ ਮੰਦਰ ਨੇੜੇ ਹੋਈ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਫੁਟੇਜ ਵਿੱਚ ਇੱਕ ਨਕਾਬਪੋਸ਼ ਨੌਜਵਾਨ ਆਲੇ-ਦੁਆਲੇ ਦੇ ਮਕਾਨਾਂ ਦੀਆਂ ਕੰਧਾਂ ਅਤੇ ਛੱਤਾਂ ਟੱਪ ਕੇ ਇਕ ਘਰ ਵਿਚ ਦਾਖ਼ਲ ਹੁੰਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰੀਬ ਤਿੰਨ ਮਕਾਨਾਂ ਦੀਆਂ ਛੱਤਾਂ ਪਾਰ ਕਰਕੇ ਘਰ ਅੰਦਰ ਪਹੁੰਚਿਆ। ਪਹਿਲਾਂ ਉਸ ਨੇ ਪੌੜੀਆਂ ਕੋਲ ਰੱਖੇ ਸਿਲੰਡਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਪੌੜੀਆਂ ਹੇਠਾਂ ਰੱਖਿਆ ਖਾਲੀ ਸਿਲੰਡਰ ਚੁੱਕ ਕੇ ਬਾਹਰ ਸੁਰੱਖਿਅਤ ਥਾਂ ’ਤੇ ਰੱਖ ਦਿੱਤਾ। ਕੁਝ ਸਮੇਂ ਬਾਅਦ ਉਹ ਮੁੜ ਘਰ ਅੰਦਰ ਦਾਖ਼ਲ ਹੋਇਆ ਅਤੇ ਉੱਥੇ ਰੱਖਿਆ ਭਰਿਆ ਹੋਇਆ ਸਿਲੰਡਰ ਵੀ ਚੋਰੀ ਕਰਕੇ ਲੈ ਗਿਆ।
ਬਾਕਸ
ਪ੍ਰਤਾਪ ਨਗਰ ’ਚ ਦੋ ਨੌਜਵਾਨਾਂ ਨੇ ਚੋਰੀ ਕੀਤਾ ਸਿਲੰਡਰ
ਦੂਜੀ ਘਟਨਾ ਪ੍ਰਤਾਪ ਨਗਰ ਦੀ ਗਲੀ ਨੰਬਰ-9 ਦੀ ਹੈ। ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਇੱਕ ਘਰ ਦੇ ਆਲੇ-ਦੁਆਲੇ ਘੁੰਮਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਘਰ ਦੇ ਬਾਹਰ ਨਿਗਰਾਨੀ ਕਰਦਾ ਰਿਹਾ, ਜਦਕਿ ਦੂਜਾ ਖੁੱਲ੍ਹੇ ਦਰਵਾਜ਼ੇ ਰਾਹੀਂ ਅੰਦਰ ਦਾਖ਼ਲ ਹੋ ਗਿਆ। ਕੁਝ ਸਮੇਂ ਬਾਅਦ ਉਹ ਘਰ ਵਿੱਚੋਂ ਭਰਿਆ ਹੋਇਆ ਗੈਸ ਸਿਲੰਡਰ ਚੁੱਕ ਕੇ ਬਾਹਰ ਆਇਆ ਅਤੇ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ।
ਬਾਕਸ
ਸਕੂਟੀਆਂ ਦੀਆਂ ਡਿੱਕੀਆਂ ’ਚੋਂ ਮੋਬਾਈਲ ਤੇ ਪਰਸ ਚੋਰੀ
ਤੀਜੀ ਘਟਨਾ ਸੇਂਟ ਜ਼ੇਵੀਅਰ ਸਕੂਲ ਦੇ ਬਾਹਰ ਵਾਪਰੀ, ਜਿੱਥੇ ਦੋ ਨੌਜਵਾਨਾਂ ਨੇ ਵਿਦਿਆਰਥੀਆਂ ਦੀਆਂ ਖੜ੍ਹੀਆਂ ਸਕੂਟੀਆਂ ਨੂੰ ਨਿਸ਼ਾਨਾ ਬਣਾਇਆ। ਸੀਸੀਟੀਵੀ ਫੁਟੇਜ ਅਨੁਸਾਰ ਦੋਵੇਂ ਨੌਜਵਾਨ ਵਾਹਨਾਂ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਉਨ੍ਹਾਂ ਦੀਆਂ ਡਿੱਕੀਆਂ ਖੋਲ੍ਹ ਕੇ ਸਾਮਾਨ ਦੀ ਤਲਾਸ਼ੀ ਲੈਂਦੇ ਰਹੇ। ਦੋਸ਼ ਹੈ ਕਿ ਇੱਕ ਸਕੂਟੀ ਦੀ ਡਿੱਕੀ ਵਿੱਚੋਂ ਮੋਬਾਈਲ ਫੋਨ ਅਤੇ ਦੂਜੀ ਵਿੱਚੋਂ ਪਰਸ ਚੋਰੀ ਕਰ ਲਿਆ ਗਿਆ। ਇਸ ਤੋਂ ਬਾਅਦ ਦੋਵੇਂ ਨੌਜਵਾਨ ਉੱਥੋਂ ਫ਼ਰਾਰ ਹੋ ਗਏ।
ਬਾਕਸ
ਸੀਸੀਟੀਵੀ ਫੁਟੇਜ ਸਾਹਮਣੇ ਆਉਣ ਮਗਰੋਂ ਪੁਲਿਸ ਗਸ਼ਤ ’ਤੇ ਉੱਠੇ ਸਵਾਲ
ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਨੇ ਪੁਲਿਸ ਦੀ ਗਸ਼ਤ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੋਰ ਘਰਾਂ ਵਿੱਚ ਦਾਖ਼ਲ ਹੋ ਕੇ ਅਤੇ ਜਨਤਕ ਥਾਵਾਂ ’ਤੇ ਖੜ੍ਹੇ ਵਾਹਨਾਂ ਵਿੱਚੋਂ ਸਾਮਾਨ ਚੋਰੀ ਕਰ ਰਹੇ ਹਨ, ਪਰ ਅਜਿਹੀਆਂ ਵਾਰਦਾਤਾਂ ’ਤੇ ਰੋਕ ਨਹੀਂ ਲੱਗ ਰਹੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਦਿਨ ਅਤੇ ਰਾਤ ਦੀ ਗਸ਼ਤ ਵਧਾਉਣ, ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰਨ ਅਤੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।