ਚੋਰਾਂ ਦਾ ਕਹਿਰ: ਦੋ ਘਰਾਂ-ਦੁਕਾਨਾਂ ਨੂੰ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਦੋ ਮੋਟਰਸਾਈਕਲ-ਐਕਟਿਵਾ ਚੋਰੀ ਚੋਰਾਂ ਦਾ ਕਹਿਰ: ਦੋ ਘਰਾਂ-ਦੁਕਾਨਾਂ ਨੂੰ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਦੋ ਮੋਟਰਸਾਈਕਲ-ਐਕਟਿਵਾ ਚੋਰੀ
Publish Date: Tue, 06 Oct 2026 06:37 PM (IST)
Updated Date: Tue, 06 Oct 2026 06:38 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਸ਼ਹਿਰ ਵਿਚ ਅਣਪਛਾਤੇ ਚੋਰਾਂ ਨੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕੀਤੀ, ਜਦਕਿ ਵੱਖ-ਵੱਖ ਥਾਵਾਂ ਤੋਂ ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਚੋਰੀ ਕਰ ਲਈ। ਇਸ ਤੋਂ ਇਲਾਵਾ ਇੱਕ ਘਰ ਦੇ ਤਾਲੇ ਤੋੜ ਕੇ 70 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀ ਮੁੰਦਰੀ ਚੋਰੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੂੰ ਬਿਪਨ ਕੁਮਾਰ ਵਾਸੀ ਗਰੀਨ ਐਵਨਿਊ, ਬਠਿੰਡਾ ਨੇ ਦੱਸਿਆ ਕਿ ਉਹ ਫੌਜੀ ਚੌਕ ਨੇੜੇ ਸਪੇਅਰ ਪਾਰਟਸ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਅਣਪਛਾਤੇ ਚੋਰ ਦੁਕਾਨ ਦੀ ਭੰਨਤੋੜ ਕਰਕੇ ਅੰਦਰ ਦਾਖਲ ਹੋਏ ਅਤੇ ਦੁਕਾਨ ਵਿੱਚੋਂ ਕਰੀਬ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਅਨੁਸਾਰ ਚੋਰਾਂ ਨੇ ਨੇੜੇ ਦੀਆਂ ਹੋਰ ਦੁਕਾਨਾਂ ਦੇ ਤਾਲੇ ਵੀ ਤੋੜੇ ਅਤੇ ਉਥੋਂ ਕਰੀਬ 87 ਹਜ਼ਾਰ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕੀਤੀ। ਥਾਣਾ ਸਿਵਲ ਲਾਈਨ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਕੈਨਾਲ ਕਲੋਨੀ ਅਧੀਨ ਆਉਂਦੇ ਇਲਾਕੇ ਵਿੱਚ ਵੀ ਵਾਹਨ ਚੋਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਬਲਜਿੰਦਰ ਸਿੰਘ ਵਾਸੀ ਰੇਲਵੇ ਕੁਆਰਟਰ, ਬਠਿੰਡਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਐਕਟਿਵਾ ਅੰਡਰਬ੍ਰਿਜ, ਪਰਸਰਾਮ ਨਗਰ ਨੇੜੇ ਖੜ੍ਹੀ ਕੀਤੀ ਸੀ। ਵਾਪਸ ਆਉਣ ’ਤੇ ਐਕਟਿਵਾ ਗਾਇਬ ਮਿਲੀ। ਇਸੇ ਤਰ੍ਹਾਂ ਹਿੰਮਤ ਕੁਮਾਰ ਵਾਸੀ ਪਰਸਰਾਮ ਨਗਰ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਰੇਲਵੇ ਗਰਾਊਂਡ ਨੇੜੇ ਖੜ੍ਹਾ ਕੀਤਾ ਸੀ, ਜਿਸ ਨੂੰ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਥਾਣਾ ਕੈਨਾਲ ਕਲੋਨੀ ਦੇ ਸਹਾਇਕ ਥਾਣੇਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਨਤਾ ਨਗਰ ਦੇ ਰਹਿਣ ਵਾਲੇ ਸੰਦੀਪ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਨੈਣੀਤਾਲ ਗਿਆ ਹੋਇਆ ਸੀ ਅਤੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਵਾਪਸ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਨੇ ਲੋਹੇ ਦੀ ਅਲਮਾਰੀ ਤੋੜ ਕੇ ਉਸ ਵਿੱਚੋਂ 70 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀ ਮੁੰਦਰੀ ਚੋਰੀ ਕਰ ਲਈ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ।