- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਅੰਦਰ ਚੋਰਾਂ ਦਾ ਕਹਿਰ: ਤਿੰਨ ਦਿਨ ਵਿਚ ਸਕੂਲ ਵਿਚ ਦੋ ਵਾਰ ਚੋਰੀ, ਦੋ ਘਰਾਂ ਅਤੇ ਆਰਓ ਨੂੰ ਬਣਾਇਆ ਨਿਸ਼ਾਨਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਜ਼ਿਲ੍ਹੇ ਅੰਦਰ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਚੋਰਾਂ ਨੇ ਦੋ ਘਰਾਂ, ਸਰਕਾਰੀ ਸਕੂਲ, ਏਟੀਐਮ ਅਤੇ ਆਰਓ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰ ਜਿੱਥੇ ਘਰ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ 30 ਹਜਾਰ ਰੁਪਏ ਦੀ ਨਕਦੀ, ਸਕੂਲ ਵਿੱਚੋਂ ਹਜ਼ਾਰਾਂ ਰੁਪਏ ਦਾ ਸਮਾਨ ਅਤੇ ਆਰਓ ਵਿੱਚ ਲੱਗੀ ਮੋਟਰ ਚੋਰੀ ਕਰਕੇ ਲੈ ਗਏ, ਉੱਥੇ ਹੀ ਏਟੀਐਮ ਵਿੱਚ ਚੋਰੀ ਦੀ ਨੀਅਤ ਨਾਲ ਭੰਨ੍ਹ ਤੋੜ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸੁਮਨ ਵਾਸੀ ਗੋਪਾਲ ਨਗਰ ਨੇ ਦੱਸਿਆ ਕਿ ਅੰਸ਼ਨੂਰ ਸਿੰਘ ਵਾਸੀ ਗੋਪਾਲ ਨਗਰ ਅਤੇ ਸ਼ਿਵਾ ਵਾਸੀ ਜੈਤੋ ਮੰਡੀ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਘਰ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ 30,000 ਦੀ ਨਗਦੀ ਚੋਰੀ ਕਰਕੇ ਲੈ ਗਏ। ਥਾਣਾ ਕੈਨਾਲ ਕਲੋਨੀ ਦੇ ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੰਸ਼ਨੂਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਸ਼ਿਵਾ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਮਰਿੰਦਰ ਸਿੰਘ ਬਰਾਂਚ ਮੈਨੇਜਰ ਇੰਡੀਅਨ ਬੈਂਕ ਫਤਿਹਗੜ੍ਹ ਨੌ ਆਬਾਦ ਨੇ ਦੱਸਿਆ ਕਿ 29 ਅਤੇ 30 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਏਟੀਐਮ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਚੋਰੀ ਦੀ ਨੀਅਤ ਨਾਲ ਏਟੀਐਮ ਦੀ ਭੰਨ੍ਹ ਤੋੜ ਕੀਤੀ ਪਰ ਮੁਲਜਮ ਚੋਰੀ ਕਰਨ ਵਿੱਚ ਅਸਫਲ ਰਹੇ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੀ ਥਾਣਾ ਰਾਮਾ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸੁਖਦੀਪ ਸਿੰਘ ਵਾਸੀ ਤਰਖਾਣ ਵਾਲਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ 29 ਸਤੰਬਰ ਦੀ ਰਾਤ ਨੂੰ ਉਸ ਦੇ ਕੋਲਡ ਸਟੋਰ ਵਿੱਚੋਂ ਆਰਓ ’ਤੇ ਲੱਗੀ ਮੋਟਰ ਤੇ ਤਾਂਬੇ ਦੀਆਂ ਕਾਰਾਂ ਚੋਰੀ ਕਰਕੇ ਲੈ ਗਏ। ਥਾਣਾ ਰਾਮਾ ਮੰਡੀ ਦੇ ਸਹਾਇਕ ਥਾਣੇਦਾਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਕੂਲ ’ਚ ਤਿੰਨ ਦਿਨਾਂ ’ਚ ਦੋ ਵਾਰ ਚੋਰੀ
ਚੋਰਾਂ ਦੇ ਬੁਲੰਦ ਹੌਸਲਿਆਂ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਰਾਏਖਾਨਾ ਵਿੱਚ ਤਿੰਨ ਦਿਨਾਂ ਦੌਰਾਨ ਦੋ ਵਾਰ ਚੋਰੀ ਕੀਤੀ ਹੈ। ਇਸ ਵਾਰਦਾਤ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਉਂਗਲ ਉੱਠਣ ਲੱਗੀ ਹੈ। ਅਣਪਛਾਤੇ ਚੋਰਾਂ ਨੇ ਪਹਿਲਾਂ 24 ਸਤੰਬਰ ਦੀ ਰਾਤ ਨੂੰ ਸਕੂਲ ਵਿੱਚ ਦਾਖਲ ਹੋ ਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ, ਜਦੋਂ ਕਿ 26 ਅਤੇ 27 ਸਤੰਬਰ ਦੀ ਦਰਮਿਆਨੀ ਰਾਤ ਨੂੰ ਫਿਰ ਚੋਰਾਂ ਨੇ ਸਕੂਲ ’ਤੇ ਧਾਵਾ ਬੋਲਦਿਆਂ 60 ਹਜ਼ਾਰਰ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕਰ ਲਿਆ।। ਥਾਣਾ ਕੋਟਫੱਤਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਰਜੇਸ਼ ਕੁਮਾਰ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਰਾਏਖਾਨਾ ਨੇ ਦੱਸਿਆ ਕਿ 24 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਸਕੂਲ ਵਿੱਚ ਦਾਖਲ ਹੋਏ। ਇਸ ਦੌਰਾਨ ਮੁਲਜਮਾਂ ਨੇ ਸਕੂਲ ਦੇ ਤਾਲੇ ਤੋੜ ਕੇ ਕਮਰੇ ਅੰਦਰ ਪਏ ਤਿੰਨ ਕੁਇੰਟਲ ਚੌਲ, ਦੋ ਗੈਸ ਸਿਲੰਡਰ, ਇਕ ਭੱਠੀ ਚੋਰੀ ਕਰ ਲਈ। ਅਜੇ ਤਕ ਇਸ ਵਾਰਦਾਤ ਦਾ ਕੋਈ ਸੁਰਾਗਰ ਨਹੀਂ ਲੱਗਾ ਸੀ ਕਿ 26 ਅਤੇ 27 ਸਤੰਬਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਫਿਰ ਸਕੂਲ ’ਤੇ ਧਾਵਾ ਬੋਲਦਿਆਂ ਉਸ ਵਿੱਚੋਂ ਇਕ ਕੰਪਿਊਟਰ ਸੈੱਟ, ਇਕ ਐਲਈਡ, ਮੌਡਮ, ਡੀਵੀਆਰ, ਪ੍ਰਿੰਟਰ, ਹਾਜ਼ਰੀ ਮਸ਼ੀਨ, ਡਿਜੀਟਲ ਬੈਲ, ਡਰਿਲ ਮਸ਼ੀਨ, ਇਕ ਕਟਰ ਮਸ਼ੀਨ, 15 ਸਨਮਾਨ ਚਿੰਨ੍ਹ, ਇਕ ਪਲਾਸ ਅਤੇ ਸਟੇਸ਼ਨਰੀ ਦਾ ਸਮਾਨ ਚੋਰੀ ਕਰ ਲਿਆ। ਥਾਣਾ ਮੌੜ ਮੰਡੀ ਦੇ ਇੰਸਪੈਕਟਰ ਤਰਨਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬਾਕਸ
ਇਸ ਤਰ੍ਹਾਂ ਸ਼ਹਿਰ ਵਿੱਚੋਂ ਅਣਪਛਾਤੇ ਚੋਰ ਇਕ ਵਿਅਕਤੀ ਦਾ ਮੋਟਰਸਾਈਕਲ ਅਤੇ ਸਾਈਕਲ ਚੋਰੀ ਕਰਕੇ ਲੈ ਗਏ। ਇਹ ਦੋਵੇਂ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਹਨ ਪਰ ਅਜੇ ਤਕ ਇਨ੍ਹਾਂ ਚੋਰਾਂ ਦਾ ਕੋਈ ਸੁਰਾਗ ਨਹੀੀ ਲੱਗਾ। ਪਹਿਲੀ ਘਟਨਾ ਅਤੀ ਭੀੜ ਭਾੜ ਵਾਲੇ ਖੇਤਰ ਮਾਲ ਰੋਡ ਦੀ ਹੈ, ਜਿੱਥੇ ਇਕ ਰੈਸਟੋਰੈਂਟ ਦੇ ਬਾਹਰੋਂ ਇਕ ਮੋਟਰਸਾਈਕਲ ਨੰਬਰ ਪੀਬੀ 03ਏਵਾਈ 3470 ਚੋਰੀ ਹੋ ਗਿਆ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਆਉਦਾ ਹੈ ਅਤੇ ਪਹਿਲਾਂ ਉਹ ਮੋਟਰਸਾਈਕਲ ਉੰਪਰ ਬੈਠਦਾ ਹੈ ਅਤੇ ਮਿੰਟਾਂ ਵਿਚ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਨਾਦਦੇਵ ਰੋਡ ’ਤੇ ਇਕ ਅਣਪਛਾਤਾ ਵਿਅਕਤੀ ਕਿਸੇ ਮਜ਼ਦੂਰ ਦਾ ਸਾਈਕਲ ਚੋਰੀ ਕਰਕੇ ਲੈ ਜਾਂਦਾ ਹੈ। ਮਜ਼ਦੂਰ ਕਿਸੇ ਉਸਾਰੀ ਦੇ ਕੰਮ ਵਿਚ ਪਿੰਡ ਤੋਂ ਆਇਆ ਸੀ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਇਸ ਤਰ੍ਹਾਂ ਇਕ ਅਣਪਛਾਤਾ ਵਿਅਕਤੀ ਜਿਹੜਾ ਕਿ ਪਲਾਸਟਿਕ ਦਾ ਸਮਾਨ ਵੇਚ ਰਿਹਾ ਸੀ, ਇਕ ਮਜ਼ਦੂਰ ਔਰਤ ਦਾ ਬੈਗ ਲੈ ਕੇ ਫਰਾਰ ਹੋ ਗਿਆ। ਬੈਗ ਵਿਚ ਮਜ਼ਦੂਰ ਔਰਤ ਦੇ ਮਿਹਨਤ ਦੇ ਪੰਜ ਹਜ਼ਾਰ ਰੁਪਏ ਸਨ।