- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਚੋਰਾਂ ਦਾ ਕਹਿਰ: ਇੱਕ ਹਫ਼ਤੇ ’ਚ 15 ਚੋਰੀਆਂ

ਨਾ ਘਰ ਸੁਰੱਖਿਅਤ, ਨਾ ਦੁਕਾਨਾਂ ਤੇ ਨਾ ਹੀ ਵਾਹਨ, ਸਕੂਲ ਨੂੰ ਤਿੰਨ ਦਿਨਾਂ ’ਚ ਦੋ ਵਾਰ ਬਣਾਇਆ ਨਿਸ਼ਾਨਾ, ਸੀਸੀਟੀਵੀ ’ਚ ਕੈਦ ਹੋਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਸ਼ਹਿਰ ਵਿਚ ਚੋਰਾਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਇਕ ਹਫ਼ਤੇ ਦੌਰਾਨ ਚੋਰੀ ਦੀਆਂ ਕਰੀਬ 15 ਵਾਰਦਾਤਾਂ ਸਾਹਮਣੇ ਆਉਣ ਕਾਰਨ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਚੋਰਾਂ ਵੱਲੋਂ ਘਰਾਂ, ਦੁਕਾਨਾਂ, ਸਕੂਲਾਂ ਤੋਂ ਇਲਾਵਾ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਇਕ ਹਫ਼ਤੇ ਵਿਚ ਚੋਰ 9 ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ, ਜਦਕਿ ਕਈ ਘਰਾਂ ਤੇ ਸਕੂਲਾਂ ਵਿਚ ਵੀ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਚੋਰਾਂ ਦੇ ਵਧ ਰਹੇ ਹੌਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਸਰਕਾਰੀ ਸਕੂਲ ਨੂੰ ਸਿਰਫ਼ ਤਿੰਨ ਦਿਨਾਂ ਦੇ ਅੰਦਰ ਦੋ ਵਾਰ ਨਿਸ਼ਾਨਾ ਬਣਾਇਆ ਗਿਆ। ਇਸ ਕਾਰਨ ਸਕੂਲ ਪ੍ਰਬੰਧਕਾਂ ਅਤੇ ਇਲਾਕਾ ਵਾਸੀਆਂ ਵਿਚ ਵੀ ਚਿੰਤਾ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵਿਦਿਅਕ ਅਦਾਰੇ ਵੀ ਚੋਰਾਂ ਤੋਂ ਸੁਰੱਖਿਅਤ ਨਹੀਂ ਰਹੇ ਤਾਂ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਚੋਰੀ ਦੀਆਂ ਬਹੁਤੀਆਂ ਵਾਰਦਾਤਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਵੀ ਹੋਈਆਂ ਹਨ। ਕਈ ਮਾਮਲਿਆਂ ਵਿੱਚ ਚੋਰਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਵੱਲੋਂ ਵਰਤੇ ਵਾਹਨਾਂ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ, ਪਰ ਇਸ ਦੇ ਬਾਵਜੂਦ ਪੁਲਿਸ ਦੇ ਹੱਥ ਅਜੇ ਤੱਕ ਚੋਰਾਂ ਤਕ ਨਹੀਂ ਪਹੁੰਚ ਸਕੇ। ਬਹੁਤ ਸਾਰੀਆਂ ਵਾਰਦਾਤਾਂ ਅਜੇ ਵੀ ਅਣਸੁਲਝੀਆਂ ਪਈਆਂ ਹਨ। ਸੂਤਰਾਂ ਅਨੁਸਾਰ ਇਕ-ਦੋ ਮਾਮਲਿਆਂ ਵਿਚ ਤਾਂ ਲੋਕਾਂ ਨੇ ਖੁਦ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ। ਇਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਲੋਕਾਂ ਵਿਚ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਪੁਲਿਸ ਕੋਲ ਮੌਜੂਦ ਹਨ ਤਾਂ ਚੋਰਾਂ ਨੂੰ ਕਾਬੂ ਕਰਨ ਵਿੱਚ ਦੇਰੀ ਕਿਉਂ ਹੋ ਰਹੀ ਹੈ। ਸਿਆ ਜਾ ਰਿਹਾ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਜਿਨ੍ਹਾਂ 15 ਚੋਰੀ ਦੀਆਂ ਵਾਰਦਾਤਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾ ਚੁੱਕੇ ਹਨ। ਹਾਲਾਂਕਿ ਸ਼ਹਿਰ ਵਿਚ ਚੋਰੀ ਦੀਆਂ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਸਬੰਧੀ ਅਜੇ ਤਕ ਪੁਲਿਸ ਕੋਲ ਮਾਮਲੇ ਦਰਜ ਨਹੀਂ ਹੋਏ। ਇਸ ਕਾਰਨ ਚੋਰੀਆਂ ਦੀ ਅਸਲ ਗਿਣਤੀ ਹੋਰ ਵੀ ਵੱਧ ਹੋਣ ਦਾ ਖਦਸ਼ਾ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰਾਤ ਸਮੇਂ ਗਸ਼ਤ ਵਧਾਈ ਜਾਵੇ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਘਰ, ਦੁਕਾਨਾਂ ਅਤੇ ਵਾਹਨ ਤੱਕ ਸੁਰੱਖਿਅਤ ਨਹੀਂ ਹਨ, ਜਿਸ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਪਿਛਲੇ ਹਫਤੇ ਵਾਪਰੀਆਂ ਘਟਨਾਵਾਂ
ਜੇਕਰ ਪੁਲਿਸ ਦੇ ਦਰਜ ਕੇਸਾਂ ’ਤੇ ਨਜ਼ਰ ਮਾਰੀ ਜਾਵੇ ਤਾਂ 1 ਅਕਤੂਬਰ ਨੂੰ ਚੋਰੀ ਦੀਆਂ 2 ਵਾਰਦਾਤਾਂ ਵਾਪਰੀਆਂ ਹਨ ਜਦੋਂ ਕਿ 3 ਅਕਤੂਬਰ ਨੂੰ 4 ਵਾਰਦਾਤਾਂ ਵਾਪਰੀਆਂ ਹਨ। 5 ਅਕਤੂਬਰ ਨੂੰ ਚੋਰੀ ਦੀਆਂ 3, 6 ਅਕਤੂਬਰ ਨੂੰ ਚੋਰੀ 3 ਵਾਰਦਾਤਾਂ ਤੇ 7 ਅਕਤੂਬਰ ਚੋਰੀ ਦੀਆਂ 3 ਵਾਰਦਾਤਾਂ ਵਾਪਰੀਆਂ ਹਨ।
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
-----1 ਅਕਤੂਬਰ ਨੂੰ 2 ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਹਨ। ਚੋਰਾਂ ਨੇ ਗੋਪਾਲ ਨਗਰ ਵਿਚ ਸੁਮਨ ਨਾਮ ਦੀ ਔਰਤ ਦੇ ਘਰ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਤੇ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
-----1 ਅਕਤੂਬਰ ਨੂੰ ਥਾਣਾ ਕੋਟਫੱਤਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਏਖਾਨਾ ਵਿਚ ਅਣਪਛਾਤੇ ਚੋਰਾਂ ਨੇ ਸਕੂਲ ਵਿੱਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਤਿੰਨ ਦਿਨਾਂ ’ਚ ਦੋ ਵਾਰੀ ਸਕੂਲ ਅੰਦਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
-----3 ਅਕਤੂਬਰ ਨੂੰ ਸ਼ਿਵ ਕੁਮਾਰ ਨੇ ਥਾਣਾ ਕੋਤਵਾਲੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਅਣਪਛਾਤੇ ਚੋਰ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ
-----3 ਅਕਤੂਬਰ ਨੂੰ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਰਜੇਸ਼ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਚੋਰ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ
-----3 ਅਕਤੂਬਰ ਨੂੰ ਹੀ ਥਾਣਾ ਥਰਮਲ ਦੇ ਅਧੀਨ ਗੁਰ ਨਿਸ਼ਾਨ ਸਿੰਘ ਦਾ ਮੋਟਰਸਾਈਕਲ ਵੀ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ
-----3 ਅਕਤੂਬਰ ਨੂੰ ਹੀ ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਗਹਿਰੀ ਦੇਵੀ ਨਗਰ ’ਚੋਂ ਅਣਪਛਾਤੇ ਚੋਰਾਂ ਨੇ ਇਕ ਵਿਅਕਤੀ ਦੇ ਘਰੋਂ ਇਕ ਲੱਖ 70 ਹਜਾਰ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੁਲਿਸ ਨੇ ਪੀੜਤ ਮਨਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਹੈ।
----- 5 ਅਕਤੂਬਰ ਨੂੰ ਥਾਣਾ ਸਿਵਲ ਲਾਈਨ ਅਧੀਨ ਅਣਪਛਾਤੇ ਚੋਰਾਂ ਨੇ ਸੁਰਿੰਦਰ ਸਿੰਘ ਵਾਾਸੀ ਆਰਬਨ ਸਟੇਟ ਦਾ ਮੋਟਰਸਾਈਕਲ ਕਮਿਊਨਿਟੀ ਸੈਂਟਰ ਦੇ ਬਾਹਰੋਂ ਚੋਰੀ ਕਰ ਲਿਆ
-----5 ਅਕਤੂਬਰ ਨੂੰ ਹੀ ਰੁਪਿੰਦਰ ਕੌਰ ਦੇ ਘਰੋਂ ਅਣਪਛਾਤੇ ਚੋਰਾਂ ਨੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
-----5 ਅਕਤੂਬਰ ਨੂੰ ਹੀ ਅਮਨਦੀਪ ਸਿੰਘ ਦਾ ਰਾਮਪੁਰਾ ਮੰਡੀ ’ਚੋਂ ਮੋਟਰਸਾਈਕਲ ਚੋਰੀ ਹੋ ਗਿਆ। ਥਾਣਾ ਸਿਟੀ ਰਾਮਪੁਰਾ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕੀਤਾ
-----6 ਅਕਤੂਬਰ ਨੂੰ ਥਾਣਾ ਸਿਵਲ ਲਾਈਨ ਅਧੀਨ ਫੌਜੀ ਚੌਂਕ ਨੇੜੇ ਛੇ ਦੁਕਾਨਾਂ ਦੇ ਤਾਲੇ ਭੰਨੇ ਗਏ। ਇਸ ਤਰ੍ਹਾਂ ਬਿਪਨ ਕੁਮਾਰ ਦੀ ਸਪੇਅਰ ਪਾਰਟਸ ਦੀ ਦੁਕਾਨ ਵਿੱਚੋਂ 12 ਅਤੇ ਹੋਰਨਾਂ ਦੁਕਾਨਾਂ ਵਿੱਚੋਂ 87,000 ਰੁਪਏ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਏ।
-----6 ਅਕਤੂਬਰ ਨੂੰ ਹੀ ਥਾਣਾ ਕੈਨਾਲ ਕਲੋਨੀ ਅਧੀਨ ਬਲਜਿੰਦਰ ਸਿੰਘ ਦੀ ਐਕਟਿਵਾ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਈ ।
-----6 ਅਕਤੂਬਰ ਨੂੰ ਹੀ ਸੰਦੀਪ ਕੁਮਾਰ ਦੇ ਘਰੋਂ 70 ਹਜ਼ਾਰ ਰੁਪਏ ਤੇ ਸੋਨੇ ਦੀ ਮੁੰਦਰੀ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਈ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
-----7 ਅਕਤੂਬਰ ਨੂੰ ਥਾਣਾ ਕੋਤਵਾਲੀ ਅਧੀਨ ਰਾਖੀ ਯਾਦਵ ਦੀ ਐਕਿਟਵਾ ਸਕੂਟਰੀ ਅਣਪਛਾਤੇ ਵਿਅਕਤੀਆਂ ਨੇ ਸਿਰਕੀ ਬਾਜ਼ਾਰ ਵਿੱਚੋਂ ਚੋਰੀ ਕਰ ਲਈ
-----7 ਅਕਤੂਬਰ ਨੂੰ ਹੀ ਸਚਿਨ ਵਰਮਾ ਦਾ ਸ਼ਹਿਰ ਦੇ ਮਾਨ ਪੈਟਰੋਲ ਪੰਜ ਕੋਲੋ ’ਚੋਂ ਮੋਟਰਸਾਈਕਲ ਚੋਰੀ ਕਰ ਲਿਆ
---- 7 ਅਕਤੂਬਰ ਨੂੰ ਅਣਪਛਾਤੇ ਚੋਰ ਜਸਵੰਤ ਸਿੰਘ ਪਿੰਡ ਲਹਿਰਾਖਾਨਾ ਦੇ ਘਰੋਂ ਐਲਸੀਡੀ ਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ