ਚੋਰਾਂ ਨੇ ਬਠਿੰਡਾ ਵਾਸੀਆਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡਾਈ ਚੋਰਾਂ ਨੇ ਬਠਿੰਡਾ ਵਾਸੀਆਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡਾਈ
Publish Date: Sun, 30 Aug 2026 03:52 PM (IST)
Updated Date: Sun, 30 Aug 2026 03:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਠਿੰਡਾ। ਸ਼ਹਿਰ ਵਿੱਚ ਚੋਰਾਂ ਅਤੇ ਝਪਟਮਾਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਬਿਨਾਂ ਕਿਸੇ ਡਰ ਦੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਐਤਵਾਰ ਤੜਕੇ ਮੇਨ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਵਿੱਚ ਕਰੀਬ ਇੱਕ ਘੰਟੇ ਦੇ ਅੰਦਰ ਇਕੋ ਨੌਜਵਾਨ ਵੱਲੋਂ ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਵਾਰਦਾਤਾਂ ਵਿਚ ਕਥਿਤ ਦੋਸ਼ੀ ਦਾ ਚਿਹਰਾ ਸੀਸੀਟੀਵੀ ਕੈਮਰਿਆਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ, ਪਰ ਇਸ ਦੇ ਬਾਵਜੂਦ ਪੁਲਿਸ ਹਾਲੇ ਤੱਕ ਉਸ ਤੱਕ ਨਹੀਂ ਪਹੁੰਚ ਸਕੀ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਜੀਟੀ ਰੋਡ ਤੋਂ ਮੋਟਰਸਾਈਕਲ ਚੋਰੀ ਹੋਣ ਅਤੇ ਸ਼ਨੀਵਾਰ ਸ਼ਾਮ ਸਿਰਕੀ ਬਾਜ਼ਾਰ ਵਿੱਚ ਦਿਨ-ਦਿਹਾੜੇ ਸੋਨੇ ਦਾ ਕੜਾ ਝਪਟਣ ਦੀ ਵਾਰਦਾਤ ਨੇ ਵੀ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਸਰਾਮ ਨਗਰ ਮੇਨ ਰੋਡ ਗਲੀ ਨੰਬਰ ਇੱਕ ਵਿਚ ਸਥਿਤ ਕੈਫੇ ਵਿੱਚ ਐਤਵਾਰ ਸਵੇਰੇ ਕਰੀਬ ਨੌਂ ਵਜੇ ਚੋਰੀ ਹੋਈ। ਕੈਫੇ ਚਲਾਉਣ ਵਾਲੇ ਸਾਹਿਲ ਕੁਮਾਰ ਅਨੁਸਾਰ ਉਸ ਨੇ ਸਵੇਰੇ ਕੈਫੇ ਖੋਲ੍ਹਣ ਤੋਂ ਬਾਅਦ ਸ਼ੀਸ਼ੇ ਵਾਲੇ ਦਰਵਾਜ਼ੇ ਨੂੰ ਜਿੰਦਰਾ ਲਗਾਇਆ ਅਤੇ ਖਾਣਾ ਖਾਣ ਲਈ ਘਰ ਚਲਾ ਗਿਆ। ਇਸੇ ਦੌਰਾਨ ਇਕ ਨੌਜਵਾਨ ਨੇ ਕੈਫੇ ਨੂੰ ਨਿਸ਼ਾਨਾ ਬਣਾਇਆ। ਸੀਸੀਟੀਵੀ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਜ਼ੋਰ ਲਾ ਕੇ ਸ਼ੀਸ਼ੇ ਵਾਲੇ ਦਰਵਾਜ਼ੇ ਦਾ ਜਿੰਦਰਾ ਤੋੜਿਆ ਅਤੇ ਇਸ ਤੋਂ ਬਾਅਦ ਦੁਕਾਨ ਅੰਦਰ ਦਾਖ਼ਲ ਹੋ ਗਿਆ। ਕਥਿਤ ਦੋਸ਼ੀ ਗੱਲੇ ਵਿੱਚ ਪਈ ਕਰੀਬ 20 ਤੋਂ 30 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਇਸ ਤੋਂ ਕਰੀਬ ਇੱਕ ਘੰਟੇ ਬਾਅਦ ਪ੍ਰਤਾਪ ਨਗਰ ਗਲੀ ਨੰਬਰ 17 ਸਥਿਤ ਮੋਹਿਤ ਟੈਲੀਕਾਮ ਦੀ ਦੁਕਾਨ ਵਿੱਚ ਵੀ ਚੋਰੀ ਹੋ ਗਈ। ਇੱਥੇ ਚੋਰ ਸਵੇਰੇ ਤੜਕੇ ਦੁਕਾਨ ਦਾ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋਇਆ ਅਤੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ, ਤਿੰਨ ਮੋਬਾਈਲ ਫੋਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਿਆ। ਦੋਵਾਂ ਵਾਰਦਾਤਾਂ ਦੀਆਂ ਸੀਸੀਟੀਵੀ ਤਸਵੀਰਾਂ ਵਿੱਚ ਇਕੋ ਨੌਜਵਾਨ ਦੇ ਦਿਖਾਈ ਦੇਣ ਦੀ ਗੱਲ ਸਾਹਮਣੇ ਆਈ ਹੈ। ਉਸ ਦੀ ਉਮਰ ਕਰੀਬ 25 ਤੋਂ 30 ਸਾਲ ਦੱਸੀ ਜਾ ਰਹੀ ਹੈ। ਜਿਸ ਤਰ੍ਹਾਂ ਇਹ ਨੌਜਵਾਨ ਬਿਨਾਂ ਕਿਸੇ ਡਰ ਦੇ ਲਗਾਤਾਰ ਵਾਰਦਾਤਾਂ ਕਰਦਾ ਦਿਖਾਈ ਦੇ ਰਿਹਾ ਹੈ, ਉਸ ਤੋਂ ਸ਼ਹਿਰ ਵਿੱਚ ਸਰਗਰਮ ਚੋਰ ਗਿਰੋਹਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਜੀਟੀ ਰੋਡ ਤੋਂ ਮੋਟਰਸਾਈਕਲ ਚੋਰੀ, ਦੋ ਨੌਜਵਾਨ ਸੀਸੀਟੀਵੀ ’ਚ ਕੈਦ ਇਸ ਤੋਂ ਇਲਾਵਾ ਬਠਿੰਡਾ ਦੇ ਜੀਟੀ ਰੋਡ ’ਤੇ ਸੁਖਮਨੀ ਡਾਇਗਨੋਜ਼ ਦੇ ਨੇੜਿਓਂ ਪੀਬੀ-03ਬੀਐੱਸ-5797 ਨੰਬਰ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਸੀਸੀਟੀਵੀ ਕੈਮਰੇ ਵਿੱਚ ਦੋ ਨੌਜਵਾਨ ਮੋਟਰਸਾਈਕਲ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਮਾਮਲੇ ਵਿੱਚ ਵੀ ਪੁਲਿਸ ਦੇ ਸਾਹਮਣੇ ਕਥਿਤ ਦੋਸ਼ੀਆਂ ਦੀ ਪਛਾਣ ਕਰਕੇ ਮੋਟਰਸਾਈਕਲ ਬਰਾਮਦ ਕਰਨ ਦੀ ਚੁਣੌਤੀ ਹੈ। ਸਿਰਕੀ ਬਾਜ਼ਾਰ ’ਚ ਦਿਨ-ਦਿਹਾੜੇ ਸੋਨੇ ਦਾ ਕੜਾ ਝਪਟਿਆ ਸ਼ਨੀਵਾਰ ਸ਼ਾਮ ਸਥਾਨਕ ਸਿਰਕੀ ਬਾਜ਼ਾਰ ਵਿੱਚ ਵੀ ਝਪਟਮਾਰੀ ਦੀ ਵਾਰਦਾਤ ਸਾਹਮਣੇ ਆਈ। ਦੋ ਮੋਟਰਸਾਈਕਲ ਸਵਾਰ ਨੌਜਵਾਨ ਇਕ ਵਿਅਕਤੀ ਦੇ ਹੱਥੋਂ ਦਿਨ-ਦਿਹਾੜੇ ਸੋਨੇ ਦਾ ਕੜਾ ਝਪਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਬਾਜ਼ਾਰ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਕਥਿਤ ਦੋਸ਼ੀਆਂ ਬਾਰੇ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਸੀਸੀਟੀਵੀ ’ਚ ਚਿਹਰੇ ਸਾਫ਼, ਫਿਰ ਵੀ ਗ੍ਰਿਫ਼ਤਾਰੀ ਨਹੀਂ ਸ਼ਹਿਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਵਾਰਦਾਤਾਂ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਗੱਲ ਇਹ ਹੈ ਕਿ ਦੁਕਾਨਾਂ ਵਿੱਚ ਹੋਈਆਂ ਚੋਰੀਆਂ ਦੌਰਾਨ ਕਥਿਤ ਦੋਸ਼ੀ ਦਾ ਚਿਹਰਾ ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਥੋੜ੍ਹੇ ਸਮੇਂ ਵਿੱਚ ਇਕੋ ਨੌਜਵਾਨ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਜੇਕਰ ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ ਤਾਂ ਇਸ ਨਾਲ ਅਪਰਾਧੀਆਂ ਦੇ ਹੌਸਲੇ ਵਧਣ ਦਾ ਖਦਸ਼ਾ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਤੋਂ ਰਾਤ ਅਤੇ ਸਵੇਰ ਸਮੇਂ ਗਸ਼ਤ ਵਧਾਉਣ, ਸੀਸੀਟੀਵੀ ਤਸਵੀਰਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਦੀ ਪਛਾਣ ਕਰਨ ਅਤੇ ਜਲਦ ਗ੍ਰਿਫ਼ਤਾਰੀ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕਰਨ ਦੀ ਮੰਗ ਕੀਤੀ ਹੈ।