ਸ਼ਹਿਰ ’ਚ ਚੋਰਾਂ ਨੇ ਮਚਾਇਆ ਆਤੰਕ, ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੀ ਉਂਗਲ, ਵਧੀਆਂ ਚੋਰੀਆਂ ਕਾਰਨ ਲੋਕਾਂ ’ਚ ਸਹਿਮ ਸ਼ਹਿਰ ’ਚ ਚੋਰਾਂ ਨੇ ਮਚਾਇਆ ਆਤੰਕ, ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੀ ਉਂਗਲ, ਵਧੀਆਂ ਚੋਰੀਆਂ ਕਾਰਨ ਲੋਕਾਂ ’ਚ ਸਹਿਮ
Publish Date: Thu, 10 Sep 2026 08:58 PM (IST)
Updated Date: Fri, 11 Sep 2026 04:11 AM (IST)
ਵਧੀਆਂ ਚੋਰੀਆਂ ਕਾਰਨ ਲੋਕਾਂ ’ਚ ਸਹਿਮ ਸ਼ੁਭਾਸ ਮਾਰਕੀਟ ਨੂੰ ਬਣਾਇਆ ਨਿਸ਼ਾਨਾ ਇਕ ਦਰਜਨ ਏਸੀ ਦੇ ਆਊਟਡੋਰ ਦੀਆਂ ਪਾਈਪਾਂ ਚੋਰੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਵਿੱਚ ਚੋਰੀ ਅਤੇ ਝਪਟਮਾਰੀ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਆਮ ਲੋਕਾਂ, ਦੁਕਾਨਦਾਰਾਂ ਤੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਉਹ ਰਾਤ ਦੇ ਸਮੇਂ ਬਾਜ਼ਾਰਾਂ ਅਤੇ ਹੋਰ ਵਪਾਰਕ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਸ਼ੁਭਾਸ ਮਾਰਕਿਟ ਨਾਲ ਸਬੰਧਤ ਹੈ, ਜਿੱਥੇ ਬੁੱਧਵਾਰ ਰਾਤ ਚੋਰਾਂ ਨੇ ਕਰੀਬ ਇਕ ਦਰਜਨ ਏਸੀ ਦੇ ਆਊਟਡੋਰ ਦੀਆਂ ਪਾਈਪਾਂ ਚੋਰੀ ਕਰ ਲਈਆਂ। ਇਸ ਤੋਂ ਸਿਰਫ਼ ਦੋ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਦੀ ਵਾਰਦਾਤ ਵਿੱਚ ਕਰੀਬ ਦੋ ਦਰਜਨ ਆਊਟਡੋਰ ਦੀਆਂ ਪਾਈਪਾਂ ਚੋਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਜਾਣਕਾਰੀ ਅਨੁਸਾਰ ਪਹਿਲਾਂ ਚੋਰਾਂ ਨੇ ਨਿਊ ਸ਼ੁਭਾਸ ਮਾਰਕਿਟ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਹੁਣ ਸ਼ੁਭਾਸ ਮਾਰਕਿਟ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲਗਾਤਾਰ ਦੋ ਵਾਰਦਾਤਾਂ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਪਾਰਕ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੌਜੂਦਗੀ ਦੇ ਬਾਵਜੂਦ ਜੇਕਰ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਇਹ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਰਾਤ ਦੇ ਸਮੇਂ ਦੁਕਾਨਾਂ ਅਤੇ ਇਮਾਰਤਾਂ ਦੇ ਬਾਹਰ ਲੱਗੇ ਏਸੀ ਦੇ ਆਊਟਡੋਰ ਨਾਲ ਜੁੜੀਆਂ ਪਾਈਪਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਪਾਈਪਾਂ ਨੂੰ ਕੱਟ ਕੇ ਚੋਰੀ ਕੀਤਾ ਗਿਆ। ਇਕ ਵਾਰਦਾਤ ਤੋਂ ਬਾਅਦ ਦੂਜੀ ਵਾਰ ਫਿਰ ਉਸੇ ਤਰ੍ਹਾਂ ਦੀ ਚੋਰੀ ਹੋਣ ਕਾਰਨ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਰਾਤ ਸਮੇਂ ਬਾਜ਼ਾਰਾਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਬਾਕਸ ਸੀਸੀਟੀਵੀ ਵਿੱਚ ਕੈਦ ਹੋ ਰਹੀਆਂ ਵਾਰਦਾਤਾਂ, ਫਿਰ ਵੀ ਚੋਰਾਂ ਤਕ ਨਹੀਂ ਪਹੁੰਚ ਰਹੀ ਪੁਲਿਸ ਸ਼ਹਿਰ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਕਈ ਚੋਰੀਆਂ ਦੀਆਂ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦੀ ਜਾਣਕਾਰੀ ਸਾਹਮਣੇ ਆਉਂਦੀ ਰਹੀ ਹੈ। ਕਈ ਮਾਮਲਿਆਂ ਵਿੱਚ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵੀ ਕੈਮਰਿਆਂ ਵਿੱਚ ਰਿਕਾਰਡ ਹੋਈਆਂ ਹਨ। ਇਸ ਦੇ ਬਾਵਜੂਦ ਕਈ ਮਾਮਲਿਆਂ ਦਾ ਹੱਲ ਨਾ ਹੋਣ ਕਾਰਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੋਰੀ ਦੀ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਂਦੀ ਹੈ, ਪਰ ਜੇਕਰ ਮਾਮਲੇ ਲੰਬੇ ਸਮੇਂ ਤੱਕ ਹੱਲ ਨਾ ਹੋਣ ਤਾਂ ਇਸ ਨਾਲ ਚੋਰਾਂ ਦੇ ਹੌਸਲੇ ਵਧ ਸਕਦੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਚੋਰੀ ਦੀਆਂ ਪੁਰਾਣੀਆਂ ਵਾਰਦਾਤਾਂ ਦੀ ਜਾਂਚ ਨੂੰ ਤੇਜ਼ ਕੀਤਾ ਜਾਵੇ ਅਤੇ ਜਿਹੜੇ ਮਾਮਲੇ ਅਜੇ ਤੱਕ ਅਣਸੁਲਝੇ ਹਨ, ਉਨ੍ਹਾਂ ਵਿੱਚ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਬਾਕਸ ਥਾਣਾ ਸਿਵਲ ਲਾਈਨ ਖੇਤਰ ’ਚ ਵਾਰਦਾਤਾਂ ਵਧਣ ਦੀ ਚਰਚਾ ਸ਼ਹਿਰ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਵਿੱਚ ਥਾਣਾ ਸਿਵਲ ਲਾਈਨ ਖੇਤਰ ਦਾ ਨਾਮ ਵੀ ਲਗਾਤਾਰ ਚਰਚਾ ਵਿੱਚ ਆ ਰਿਹਾ ਹੈ। ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਖੇਤਰ ਵਿੱਚ ਚੋਰੀ ਅਤੇ ਝਪਟਮਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਕਾਰਨ ਰਾਤ ਸਮੇਂ ਦੁਕਾਨਾਂ ਬੰਦ ਕਰਕੇ ਘਰ ਜਾਣ ਵਾਲੇ ਦੁਕਾਨਦਾਰਾਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਦੇ ਲੋਕ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਖ਼ਾਸ ਕਰਕੇ ਵਪਾਰਕ ਇਲਾਕਿਆਂ ਵਿੱਚ ਦੁਕਾਨਾਂ ਬੰਦ ਹੋਣ ਤੋਂ ਬਾਅਦ ਸੁਰੱਖਿਆ ਦਾ ਮੁੱਦਾ ਗੰਭੀਰ ਬਣ ਜਾਂਦਾ ਹੈ। ਬਾਕਸ ਪੁਲਿਸ ਗਸ਼ਤ ਵਧਾਉਣ ਦੀ ਮੰਗ ਵਧ ਰਹੀਆਂ ਚੋਰੀਆਂ ਤੋਂ ਚਿੰਤਤ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਯਮਤ ਨਾਕਾਬੰਦੀ ਅਤੇ ਗਸ਼ਤ ਕੀਤੀ ਜਾਵੇ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾਵੇ। ਦੁਕਾਨਦਾਰਾਂ ਨੇ ਕਿਹਾ ਕਿ ਵਾਰਦਾਤ ਹੋਣ ਤੋਂ ਬਾਅਦ ਕਾਰਵਾਈ ਕਰਨ ਦੇ ਨਾਲ-ਨਾਲ ਪੁਲਿਸ ਨੂੰ ਚੋਰੀਆਂ ਰੋਕਣ ਲਈ ਪਹਿਲਾਂ ਤੋਂ ਹੀ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਕਰਨੇ ਚਾਹੀਦੇ ਹਨ। ਬਾਜ਼ਾਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਨਿਯਮਤ ਤੌਰ ’ਤੇ ਖੰਗਾਲਣ ਅਤੇ ਪੁਰਾਣੇ ਮਾਮਲਿਆਂ ਦੀ ਜਾਂਚ ਨੂੰ ਤੇਜ਼ ਕਰਨ ਦੀ ਲੋੜ ਹੈ।