ਪਸ਼ੂ ਪਾਲਕਾਂ ਵਿਚ ਮੱਕੀ ਦਾ ਅਚਾਰ ਪਾਉਣ ਦਾ ਰੁਝਾਨ ਵਧਿਆ ਪਸ਼ੂ ਪਾਲਕਾਂ ਵਿਚ ਮੱਕੀ ਦਾ ਅਚਾਰ ਪਾਉਣ ਦਾ ਰੁਝਾਨ ਵਧਿਆ
Publish Date: Sat, 12 Sep 2026 05:19 PM (IST)
Updated Date: Sat, 12 Sep 2026 05:20 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਕਣਕ ਦੀ ਕਟਾਈ ਕੰਬਾਈਨਾਂ ਰਾਹੀਂ ਹੋਣ ਕਾਰਨ ਭਾਵੇਂ ਕਿਸਾਨਾਂ ਦਾ ਕਟਾਈ ਦਾ ਕੰਮ ਜਲਦੀ ਮੁਕੰਮਲ ਹੋ ਜਾਂਦਾ ਹੈ, ਪਰ ਇਸ ਦੇ ਨਾਲ ਹੀ ਪਸ਼ੂਆਂ ਲਈ ਲੋੜੀਂਦੀ ਤੂੜੀ ਦੀ ਘਾਟ ਲਗਾਤਾਰ ਵਧਦੀ ਜਾ ਰਹੀ ਹੈ। ਤੂੜੀ ਦੀ ਕਮੀ ਕਾਰਨ ਇਸ ਦੇ ਭਾਅ ਵਿੱਚ ਵੀ ਕਾਫ਼ੀ ਵਾਧਾ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਪਸ਼ੂ ਪਾਲਕਾਂ ’ਤੇ ਪੈ ਰਿਹਾ ਹੈ। ਇਸ ਕਾਰਨ ਹੁਣ ਪਸ਼ੂ ਪਾਲਕਾਂ ਦਾ ਰੁਝਾਨ ਮੱਕੀ ਦਾ ਅਚਾਰ (ਸਾਈਲੇਜ) ਤਿਆਰ ਕਰਕੇ ਪਸ਼ੂਆਂ ਨੂੰ ਖੁਆਉਣ ਵੱਲ ਵਧ ਰਿਹਾ ਹੈ। ਮਾਹਿਰਾਂ ਅਨੁਸਾਰ ਮੱਕੀ ਦਾ ਅਚਾਰ ਸੰਤੁਲਿਤ ਪਸ਼ੂ ਆਹਾਰ ਹੋਣ ਦੇ ਨਾਲ-ਨਾਲ ਤੂੜੀ ਦੇ ਮੁਕਾਬਲੇ ਕਿਫਾਇਤੀ ਵੀ ਪੈਂਦਾ ਹੈ। ਮੱਕੀ ਦਾ ਅਚਾਰ ਬਣਾਉਣ ਸਬੰਧੀ ਜਾਣਕਾਰੀ ਦਿੰਦਿਆਂ ਵੈਟਰਨਰੀ ਮਾਹਿਰ ਤੇ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਮਈ-ਜੂਨ ਅਤੇ ਸਤੰਬਰ-ਅਕਤੂਬਰ ਦੇ ਮਹੀਨਿਆਂ ਦੌਰਾਨ ਹਰੇ ਪੱਠਿਆਂ ਦੀ ਘਾਟ ਹੋਣ ਕਾਰਨ ਮੱਕੀ ਦਾ ਅਚਾਰ ਪਸ਼ੂਆਂ ਲਈ ਰਾਮਬਾਣ ਸਾਬਤ ਹੁੰਦਾ ਹੈ। ਇਸ ਲਈ ਪਸ਼ੂ ਪਾਲਕ ਮੱਕੀ ਦੀ ਫ਼ਸਲ ਬੀਜ ਕੇ ਉਸ ਦਾ ਵਧੀਆ ਅਚਾਰ ਤਿਆਰ ਕਰ ਸਕਦੇ ਹਨ। ਇਹ ਖ਼ਾਸ ਕਰਕੇ ਦੁੱਧ ਦੇਣ ਵਾਲੇ ਪਸ਼ੂਆਂ ਲਈ ਬਹੁਤ ਲਾਭਦਾਇਕ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਦੇ ਨਾਲ ਪਾਚਨ ਸ਼ਕਤੀ ਨੂੰ ਵੀ ਬਿਹਤਰ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਹਰੇ ਚਾਰੇ ਦਾ ਅਚਾਰ ਪਸ਼ੂਆਂ ਨੂੰ ਸਹੀ ਮਾਤਰਾ ਵਿੱਚ ਦਿੱਤਾ ਜਾਵੇ ਤਾਂ ਡੇਅਰੀ ਪਾਲਕ ਆਪਣੇ ਪਸ਼ੂ ਪਾਲਣ ਦੇ ਧੰਦੇ ਤੋਂ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ। ਆਮ ਤੌਰ ’ਤੇ ਇੱਕ ਏਕੜ ਵਿੱਚੋਂ 160 ਤੋਂ 180 ਕੁਇੰਟਲ ਤੱਕ ਮੱਕੀ ਪੈਦਾ ਹੋ ਸਕਦੀ ਹੈ। ਮੱਕੀ ਦੇ ਅਚਾਰ ਲਈ ਫ਼ਸਲ ਵਿੱਚ ਲਗਭਗ 60 ਤੋਂ 65 ਫ਼ੀਸਦੀ ਪਾਣੀ ਅਤੇ 30 ਤੋਂ 35 ਫ਼ੀਸਦੀ ਡਰਾਈ ਮੈਟਰ ਹੋਣਾ ਚਾਹੀਦਾ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਦੀ ਪਹਿਲੀ ਕਟਾਈ 55 ਤੋਂ 60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ, ਜਦੋਂ ਛੱਲੀ ਵਿੱਚ ਦੋਧੀ ਦਾਣਾ ਪੈ ਜਾਂਦਾ ਹੈ। ਇਸ ਤੋਂ ਇਲਾਵਾ ਲਗਭਗ 90 ਦਿਨਾਂ ਬਾਅਦ ਵੀ ਫ਼ਸਲ ਦੀ ਕਟਾਈ ਕੀਤੀ ਜਾ ਸਕਦੀ ਹੈ, ਜਦੋਂ ਛੱਲੀਆਂ ’ਤੇ ਦਾਣੇ ਪੂਰੀ ਤਰ੍ਹਾਂ ਆ ਜਾਣ ਅਤੇ ਦਾਣਿਆਂ ’ਤੇ ਅੱਧ ਤੱਕ ਚਿੱਟੀ ਲਕੀਰ (ਮਿਲਕ ਲਾਈਨ) ਦਿਖਾਈ ਦੇਣ ਲੱਗੇ। ਇਸ ਸਮੇਂ ਮੱਕੀ ਦਾ ਕੁਤਰਾ ਕਰਦੇ ਹੋਏ ਦਾਣਿਆਂ ਨੂੰ ਵੀ ਚੰਗੀ ਤਰ੍ਹਾਂ ਕੁਤਰਨਾ ਜ਼ਰੂਰੀ ਹੈ। ਉਨ੍ਹਾਂ ਟੋਆ ਪੁੱਟ ਕੇ ਹਰੇ ਚਾਰੇ ਦਾ ਅਚਾਰ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 50×18×6 ਫੁੱਟ ਦਾ ਟੋਆ ਲਗਭਗ 8 ਏਕੜ ਮੱਕੀ ਲਈ ਲੋੜੀਂਦਾ ਹੁੰਦਾ ਹੈ। ਇਸੇ ਤਰ੍ਹਾਂ ਇੱਕ ਮੀਟਰ ਲੰਮਾ, ਇੱਕ ਮੀਟਰ ਚੌੜਾ ਅਤੇ ਇੱਕ ਮੀਟਰ ਡੂੰਘਾ ਟੋਆ ਲਗਭਗ 6 ਕੁਇੰਟਲ ਮੱਕੀ ਲਈ ਕਾਫ਼ੀ ਰਹਿੰਦਾ ਹੈ। ਟੋਏ ਦੀ ਉਸਾਰੀ ਹਮੇਸ਼ਾ ਉੱਚੀ ਜਗ੍ਹਾ ’ਤੇ ਕਰਨੀ ਚਾਹੀਦੀ ਹੈ ਤਾਂ ਜੋ ਬਰਸਾਤੀ ਜਾਂ ਹੋਰ ਪਾਣੀ ਅੰਦਰ ਨਾ ਜਾ ਸਕੇ। ਹਰ 10 ਫੁੱਟ ਦੇ ਟੋਏ ਵਿੱਚ ਲਗਭਗ 1 ਇੰਚ ਦੀ ਢਲਾਨ ਹੋਣੀ ਚਾਹੀਦੀ ਹੈ, ਤਾਂ ਜੋ ਪਾਣੀ ਖੜ੍ਹਾ ਨਾ ਹੋਵੇ। ਡਾ. ਸ਼ਰਮਾ ਅਨੁਸਾਰ ਹਰੇ ਚਾਰੇ ਨੂੰ 1 ਤੋਂ 3 ਸੈਂਟੀਮੀਟਰ ਦੇ ਟੁਕੜਿਆਂ ਵਿੱਚ ਕੁਤਰ ਕੇ ਟੋਏ ਵਿੱਚ ਪਾਉਣਾ ਚਾਹੀਦਾ ਹੈ ਅਤੇ ਟਰੈਕਟਰ ਜਾਂ ਮਜ਼ਦੂਰਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦੇਣਾ ਚਾਹੀਦਾ ਹੈ, ਤਾਂ ਜੋ ਇਸ ਵਿੱਚ ਹਵਾ ਜਾਂ ਪਾਣੀ ਨਾ ਜਾ ਸਕੇ। ਹਵਾ ਜਾਂ ਪਾਣੀ ਲੱਗਣ ਕਾਰਨ ਅਚਾਰ ਨੂੰ ਉੱਲੀ ਲੱਗ ਸਕਦੀ ਹੈ, ਜੋ ਪਸ਼ੂਆਂ ਲਈ ਲਾਭ ਦੀ ਬਜਾਏ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਇਸ ਨਾਲ ਪਸ਼ੂਆਂ ਵਿੱਚ ਥਣਾਂ ਦੀਆਂ ਬਿਮਾਰੀਆਂ ਅਤੇ ਅਫਾਰੇ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮੱਕੀ ਦਾ ਅਚਾਰ ਆਮ ਤੌਰ ’ਤੇ 45 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ। ਪਸ਼ੂ ਨੂੰ ਉਸ ਦੇ ਸਰੀਰਕ ਵਜ਼ਨ ਦਾ ਲਗਭਗ ਦਸਵਾਂ ਹਿੱਸਾ ਮੱਕੀ ਦਾ ਅਚਾਰ ਦਿੱਤਾ ਜਾ ਸਕਦਾ ਹੈ। 25 ਤੋਂ 30 ਲੀਟਰ ਰੋਜ਼ਾਨਾ ਦੁੱਧ ਦੇਣ ਵਾਲੇ ਪਸ਼ੂ ਨੂੰ ਲਗਭਗ 25 ਤੋਂ 30 ਕਿਲੋ ਮੱਕੀ ਦਾ ਅਚਾਰ ਅਤੇ 1 ਤੋਂ 1.5 ਕਿਲੋ ਤੂੜੀ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਤੂੜੀ ਦੇ ਲਗਾਤਾਰ ਵਧ ਰਹੇ ਭਾਅ ਅਤੇ ਘਾਟ ਦੇ ਮੱਦੇਨਜ਼ਰ ਪਸ਼ੂ ਪਾਲਕਾਂ ਨੂੰ ਮੱਕੀ ਦਾ ਅਚਾਰ ਤਿਆਰ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਪਸ਼ੂਆਂ ਨੂੰ ਪੌਸ਼ਟਿਕ ਖੁਰਾਕ ਮਿਲਣ ਦੇ ਨਾਲ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੋ ਸਕਦਾ ਹੈ ਅਤੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ।