ਮਾਲਵਾ 'ਚ ਮੁੜ ਮੰਡਰਾਇਆ ਗੁਲਾਬੀ ਸੁੰਡੀ ਦਾ ਖ਼ਤਰਾ, ਵਿਭਾਗ ਵੱਲੋਂ ਨਰਮੇ 'ਤੇ ਤੁਰੰਤ ਬਲੈਂਕੇਟ ਸਪਰੇਅ ਦੀ ਅਪੀਲ; ਲਾਪਰਵਾਹੀ ਪੈ ਸਕਦੀ ਹੈ ਮਹਿੰਗੀ
ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ 'ਤੇ ਇਕ ਵਾਰ ਫਿਰ ਗੁਲਾਬੀ ਸੁੰਡੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਮੌਸਮ ਕੀਟ ਦੇ ਫੈਲਾਅ ਲਈ ਅਨੁਕੂਲ ਬਣਿਆ ਹੋਇਆ ਹੈ ਅਤੇ ਕੁਝ ਇਲਾਕਿਆਂ ਵਿੱਚ ਇਸ ਦੀ ਮੌਜੂਦਗੀ ਵੀ ਸਾਹਮਣੇ ਆਈ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਦਾ ਦਾਅਵਾ ਹੈ ਕਿ ਮੌਜੂਦਾ ਸਮੇਂ ਹਮਲਾ ਆਰਥਿਕ ਕਗਾਰ ਤੋਂ ਹੇਠਾਂ ਹੈ, ਪਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਅਤੇ ਸਮੇਂ ਸਿਰ ਬਲੈਂਕੇਟ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ।
Publish Date: Sat, 01 Aug 2026 09:56 AM (IST)
Updated Date: Sat, 01 Aug 2026 09:57 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ - ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ 'ਤੇ ਇਕ ਵਾਰ ਫਿਰ ਗੁਲਾਬੀ ਸੁੰਡੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਮੌਸਮ ਕੀਟ ਦੇ ਫੈਲਾਅ ਲਈ ਅਨੁਕੂਲ ਬਣਿਆ ਹੋਇਆ ਹੈ ਅਤੇ ਕੁਝ ਇਲਾਕਿਆਂ ਵਿੱਚ ਇਸ ਦੀ ਮੌਜੂਦਗੀ ਵੀ ਸਾਹਮਣੇ ਆਈ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਦਾ ਦਾਅਵਾ ਹੈ ਕਿ ਮੌਜੂਦਾ ਸਮੇਂ ਹਮਲਾ ਆਰਥਿਕ ਕਗਾਰ ਤੋਂ ਹੇਠਾਂ ਹੈ, ਪਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਅਤੇ ਸਮੇਂ ਸਿਰ ਬਲੈਂਕੇਟ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ।
ਦੂਜੇ ਪਾਸੇ ਮੀਂਹ ਪੈਣ ਨਾਲ ਕਾਫ਼ੀ ਹੱਦ ਤਕ ਨਰਮੇ ਦੀ ਫਸਲ ਦਾ ਫਾਇਦਾ ਹੋ ਰਿਹਾ ਹੈ, ਪਰ ਅਜੇ ਤਕ ਲੋੜ ਅਨੁਸਾਰ ਮੀਂਹ ਨਾਂ ਪੈਣ ਕਾਰਨ ਜ਼ਿਲ੍ਹੇ ਅੰਦਰ ਸੋਕੇ ਵਰਗੀ ਸਥਿਤੀ ਬਣੀ ਹੋਈ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਨਰਮੇ ਦੀ ਫ਼ਸਲ ਇਸ ਵੇਲੇ ਫੁੱਲ ਅਤੇ ਟੀਂਡਾ ਬਣਨ ਦੇ ਮਹੱਤਵਪੂਰਨ ਪੜਾਅ ਵਿੱਚ ਹੈ। ਇਹੀ ਉਹ ਸਮਾਂ ਹੈ ਜਦੋਂ ਗੁਲਾਬੀ ਸੁੰਡੀ ਟੀਂਡਿਆਂ ਵਿੱਚ ਦਾਖ਼ਲ ਹੋ ਕੇ ਫ਼ਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਕੀਟ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਨਾ ਸਿਰਫ਼ ਝਾੜ ਘਟੇਗਾ, ਸਗੋਂ ਕਪਾਹ ਦੇ ਰੇਸ਼ੇ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ 'ਤੇ ਪਵੇਗਾ। ਡਾ. ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਪ੍ਰਭਾਵਸ਼ਾਲੀ ਕੰਟਰੋਲ ਲਈ ਵਿਅਕਤੀਗਤ ਨਹੀਂ, ਸਗੋਂ ਸਮੂਹਿਕ ਯਤਨਾਂ ਦੀ ਲੋੜ ਹੈ। ਜੇਕਰ ਇੱਕ ਪਿੰਡ ਜਾਂ ਖੇਤਰ ਦੇ ਸਾਰੇ ਕਿਸਾਨ ਇੱਕੋ ਸਮੇਂ ਸਪਰੇਅ ਕਰਨਗੇ ਤਾਂ ਕੀਟ ਦੇ ਫੈਲਾਅ ਦੀ ਲੜੀ ਨੂੰ ਤੋੜਿਆ ਜਾ ਸਕੇਗਾ ਅਤੇ ਵੱਡੇ ਨੁਕਸਾਨ ਤੋਂ ਬਚਾਅ ਸੰਭਵ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਨਿਯਮਿਤ ਜਾਂਚ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਗੁਲਾਬੀ ਸੁੰਡੀ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਬਿਨਾਂ ਸਲਾਹ ਦੇ ਜਾਂ ਸਿਫ਼ਾਰਸ਼ ਤੋਂ ਵੱਧ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਲਾਗਤ ਵਧਣ ਦੇ ਨਾਲ-ਨਾਲ ਕੀਟਾਂ ਵਿੱਚ ਰੋਧਕ ਸਮਰੱਥਾ ਵੀ ਵਿਕਸਤ ਹੋ ਸਕਦੀ ਹੈ।
ਇਨ੍ਹਾਂ ਕੀੜੇਮਾਰ ਦਵਾਈਆਂ ਦੀ ਕੀਤੀ ਜਾਵੇ ਵਰਤੋਂ ਖੇਤੀ ਮਾਹਿਰਾਂ ਅਨੁਸਾਰ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਬਲੈਂਕੇਟ ਸਪਰੇਅ ਪਰੋਕਲੇਮ 5 ਐਸਜੀ (ਐਮਾਮੈਕਟੀਨ ਬੈਨਜੋਏਟ) 100 ਗਰਾਮ ਪ੍ਰਤੀ ਏਕੜ , ਡੈਲੀਗੇਟ 11.7 (ਸਪਾਈਨਟੋਰਮ 170 ਮਿਲੀਲਿਟਰ ਪ੍ਰਤੀ ਏਕੜ, ਪਰਫੈਨੋਫਾਸ 50 ਈਸੀ. 500 ਮਿਲੀਲਿਟਰ ਪ੍ਰਤੀ ਏਕੜ, ਫਾਸਮਾਈਟ (ਈਥੀਆਨ 50 ਈਸੀ. 800 ਮਿਲੀਲਿਟਰ ਪ੍ਰਤੀ ਏਕੜ, ਫੇਮ 480 ਐਸਸੀ. (ਫਲੂਬੈਡੀਆਮਾਈਡ) 40 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਕੋਈ ਵੀ ਇਕ ਸਪਰੇਅ ਕਰ ਲਈ ਜਾਵੇ। ਹਮਲਾ ਭਾਵੇਂ ਆਰਥਿਕ ਕਗਾਰ ਤੋਂ ਹੇਠਾਂ ਹੈ, ਪਰ ਸਮੇਂ ਸਿਰ ਕੀਤੀ ਗਈ ਬਲੈਂਕੇਟ ਸਪਰੇਅ ਹੀ ਫ਼ਸਲ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।