ਤੀਜੀ ਅੱਖ ਤੋਂ ਨਾ ਬਚ ਸਕਿਆ ਝਪਟਮਾਰ, ਦੋ ਵਾਰਦਾਤਾਂ ਸੁਲਝੀਆਂ ਤੀਜੀ ਅੱਖ ਤੋਂ ਨਾ ਬਚ ਸਕਿਆ ਝਪਟਮਾਰ, ਦੋ ਵਾਰਦਾਤਾਂ ਸੁਲਝੀਆਂ
Publish Date: Sun, 30 Aug 2026 03:55 PM (IST)
Updated Date: Sun, 30 Aug 2026 03:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਠਿੰਡਾ। ਸ਼ਹਿਰ ਵਿਚ ਝਪਟਮਾਰੀ ਦੀਆਂ ਦੋ ਵਾਰਦਾਤਾਂ ਨੂੰ ਬਠਿੰਡਾ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸੁਲਝਾ ਲਿਆ ਹੈ। ਪੁਲਿਸ ਅਨੁਸਾਰ ਆਈ-3-ਸੀ (ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ) ਬਠਿੰਡਾ, ਥਾਣਾ ਕੋਤਵਾਲੀ ਅਤੇ ਪੀਸੀਆਰ ਟੀਮ ਦੇ ਸਾਂਝੇ ਯਤਨਾਂ ਨਾਲ ਕਥਿਤ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਉਸ ਕੋਲੋਂ ਝਪਟੀ ਗਈ ਰਕਮ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਲੰਘੀ 24 ਅਗਸਤ ਨੂੰ ਮਧੂਬਨ ਗਲੀ ਵਾਸੀ ਵਿਜਯਤਾ ਬਾਂਸਲ ਨੇ 112 ਨੰਬਰ ’ਤੇ ਸੂਚਨਾ ਦਿੱਤੀ ਸੀ ਕਿ ਇਕ ਅਣਪਛਾਤਾ ਵਿਅਕਤੀ ਉਸ ਦੀ ਮਾਂ ਦਾ ਪਰਸ ਝਪਟ ਕੇ ਫਰਾਰ ਹੋ ਗਿਆ। ਪਰਸ ਵਿਚ ਮੋਬਾਈਲ ਫੋਨ ਅਤੇ 500 ਰੁਪਏ ਦੀ ਨਕਦੀ ਸੀ। ਇਸੇ ਤਰ੍ਹਾਂ 28 ਅਗਸਤ ਨੂੰ ਅਮਰਪੁਰਾ ਬਸਤੀ ਵਾਸੀ ਸਾਕਸ਼ੀ ਨੇ 112 ਨੰਬਰ ’ਤੇ ਸੂਚਨਾ ਦਿੱਤੀ ਕਿ ਨੀਤਾ ਸਟਰੀਟ ਇਲਾਕੇ ਵਿਚ ਉਸ ਦਾ ਪਰਸ ਝਪਟ ਲਿਆ ਗਿਆ। ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਕਸ਼ੀ ਦੇ ਪਰਸ ਵਿਚ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਸੀ। ਸੀਸੀਟੀਵੀ ’ਚ ਦਿਖਿਆ ਸਪਲੈਂਡਰ ਮੋਟਰਸਾਈਕਲ ਦੋਵਾਂ ਮਾਮਲਿਆਂ ਦੀ ਜਾਂਚ ਦੌਰਾਨ ਪੀਸੀਆਰ ਅਤੇ ਥਾਣਾ ਕੋਤਵਾਲੀ ਦੀਆਂ ਟੀਮਾਂ ਨੇ ਆਈ-3-ਸੀ ਬਠਿੰਡਾ ਰਾਹੀਂ ਸ਼ਹਿਰ ਵਿਚ ਲੱਗੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਖੰਘਾਲੀਆਂ। ਤਸਵੀਰਾਂ ਵਿਚ ਇਕ ਸਪਲੈਂਡਰ ਮੋਟਰਸਾਈਕਲ ਦੋਵਾਂ ਵਾਰਦਾਤਾਂ ਵਿਚ ਸ਼ੱਕੀ ਢੰਗ ਨਾਲ ਵਰਤਿਆ ਜਾਂਦਾ ਦਿਖਾਈ ਦਿੱਤਾ। ਪੁਲਿਸ ਨੇ ਮੋਟਰਸਾਈਕਲ ਦੇ ਸ਼ਹਿਰ ਵਿਚ ਆਉਣ-ਜਾਣ ਵਾਲੇ ਰਸਤੇ ਦੀ ਜਾਂਚ ਕਰਕੇ ਉਸ ਬਾਰੇ ਜਾਣਕਾਰੀ ਇਕੱਠੀ ਕੀਤੀ। ਮੋਟਰਸਾਈਕਲ ਦਾ ਰਜਿਸਟਰੇਸ਼ਨ ਨੰਬਰ ਈ-ਵਾਹਨ ਐਪ ’ਤੇ ਜਾਂਚਣ ’ਤੇ ਇਹ ਪ੍ਰਤਾਪ ਨਗਰ ਵਾਸੀ ਅਸ਼ੋਕ ਕੁਮਾਰ ਦੇ ਨਾਂ ’ਤੇ ਦਰਜ ਮਿਲਿਆ। ਪੁਲਿਸ ਜਦੋਂ ਉਸ ਦੇ ਘਰ ਪਹੁੰਚੀ ਤਾਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਪੀਬੀ-03-ਏਐੱਸ-8536 ਨੰਬਰ ਵਾਲਾ ਮੋਟਰਸਾਈਕਲ ਸਾਲ 2022 ਵਿਚ ਹੀ ਚੋਰੀ ਹੋ ਚੁੱਕਾ ਸੀ। ਚੋਰੀ ਦੇ ਮੋਟਰਸਾਈਕਲ ’ਤੇ ਦੂਜੀ ਨੰਬਰ ਪਲੇਟ ਲਾ ਕੇ ਕਰਦੇ ਸਨ ਵਾਰਦਾਤ ਪੁਲਿਸ ਅਨੁਸਾਰ ਅੱਗੇ ਦੀ ਜਾਂਚ ਵਿਚ ਪਤਾ ਲੱਗਾ ਕਿ ਕਥਿਤ ਦੋਸ਼ੀ ਨੇ ਵਾਰਦਾਤ ਵਿਚ ਵਰਤੇ ਮੋਟਰਸਾਈਕਲ ’ਤੇ ਦੂਜੀ ਨੰਬਰ ਪਲੇਟ ਲਗਾਈ ਹੋਈ ਸੀ। ਨੰਬਰ ਪਲੇਟ ਬਦਲਣ ਦਾ ਮਕਸਦ ਪੁਲਿਸ ਨੂੰ ਗੁੰਮਰਾਹ ਕਰਨਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਅਮਰੀਕ ਸਿੰਘ ਰੋਡ, ਮੁਲਤਾਨੀਆ ਰੋਡ, ਵਾਲਮੀਕਿ ਚੌਕ, ਬੱਸ ਅੱਡੇ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਖੰਘਾਲੀਆਂ। ਤਸਵੀਰਾਂ ਅਤੇ ਹੋਰ ਉਪਲਬਧ ਸਬੂਤਾਂ ਦੇ ਆਧਾਰ ’ਤੇ ਸ਼ੱਕੀ ਦੀ ਪਛਾਣ ਸੁਖਪੀਰ ਰੋਡ ਬਠਿੰਡਾ ਦੀ ਗਲੀ ਨੰਬਰ 20 ਵਾਸੀ ਮੁਖਤਿਆਰ ਉਰਫ਼ ਵਿਨੋਦ ਕੁਮਾਰ ਵਜੋਂ ਹੋਈ। ਵਕੀਲ ਕੋਲ ਮੁਨਸ਼ੀ ਦਾ ਕੰਮ ਕਰਦਾ ਹੈ ਮੁਲਜ਼ਮ ਪੁਲਿਸ ਮੁਤਾਬਕ ਕਥਿਤ ਦੋਸ਼ੀ ਬਠਿੰਡਾ ਜ਼ਿਲ੍ਹਾ ਅਦਾਲਤ ਵਿਚ ਇਕ ਵਕੀਲ ਕੋਲ ਮੁਨਸ਼ੀ ਵਜੋਂ ਕੰਮ ਕਰਦਾ ਹੈ। ਕੰਟਰੋਲ ਰੂਮ ਰਾਹੀਂ ਸੀਸੀਟੀਵੀ ਤਸਵੀਰਾਂ ਦੀ ਲਗਾਤਾਰ ਨਿਗਰਾਨੀ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਥਿਤ ਮੁਲਜ਼ਮ ਕੋਲੋਂ ਝਪਟਮਾਰੀ ਦੀ ਰਕਮ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਹੁਣ ਕਥਿਤ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਵੱਲੋਂ ਇਸ ਤੋਂ ਪਹਿਲਾਂ ਵੀ ਕੋਈ ਹੋਰ ਵਾਰਦਾਤ ਕੀਤੀ ਗਈ ਹੈ ਜਾਂ ਨਹੀਂ।