ਜ਼ੋਨਲ ਸ਼ਤਰੰਜ ਮੁਕਾਬਲਿਆਂ 'ਚ ਦ ਸੰਸਕਾਰ ਸਕੂਲ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ ਜੋਨਲ ਸ਼ਤਰੰਜ ਮੁਕਾਬਲਿਆਂ 'ਚ ਦ ਸੰਸਕਾਰ ਸਕੂਲ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ
Publish Date: Sat, 25 Jul 2026 04:37 PM (IST)
Updated Date: Sat, 25 Jul 2026 04:38 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜੋਨਲ ਸਕੂਲ ਖੇਡ ਮੁਕਾਬਲਿਆਂ ਵਿਚ ਦ ਸੰਸਕਾਰ ਸਕੂਲ, ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਤਰੰਜ ਅੰਡਰ-14 (ਲੜਕੀਆਂ) ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣਾਂ ਦੀ ਇਸ ਉਪਲਬਧੀ ਨਾਲ ਸਕੂਲ ਵਿਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਸਕੂਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੋਨਲ ਮੁਕਾਬਲਿਆਂ ਵਿਚ ਅਭਿਜੋਤ ਕੌਰ (ਜਮਾਤ ਸੱਤਵੀਂ), ਅਮਨੀਤ ਕੌਰ (ਜਮਾਤ ਸੱਤਵੀਂ), ਪੂਰਵੀ ਗਰਗ (ਜਮਾਤ ਛੇਵੀਂ), ਸਾਚੀ ਕਛੱਅਪ (ਜਮਾਤ ਸੱਤਵੀਂ) ਅਤੇ ਅਨੂਪਵੀਰ ਕੌਰ (ਜਮਾਤ ਛੇਵੀਂ) ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਚੋਂ ਅਮਨੀਤ ਕੌਰ, ਪੂਰਵੀ ਗਰਗ ਅਤੇ ਸਾਚੀ ਕਛੱਅਪ ਦੀ ਚੋਣ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਿਆਂ ਲਈ ਹੋਈ ਹੈ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਇਸ ਸ਼ਾਨਦਾਰ ਪ੍ਰਾਪਤੀ ਮੌਕੇ ਸਕੂਲ ਦੀ ਪ੍ਰਿੰਸੀਪਲ ਦੀਪਿਕਾ ਕਪੂਰ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦ ਸੰਸਕਾਰ ਸਕੂਲ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੀ ਵਿਦਿਆਰਥੀਆਂ ਨੂੰ ਹਰ ਪੱਧਰ ਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੀ ਸਕੂਲ ਦੀਆਂ ਵਿਦਿਆਰਥਣਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਹੋਰ ਉੱਚਾ ਕਰਨਗੀਆਂ। ਸਕੂਲ ਦੀ ਚੇਅਰਪਰਸਨ ਨਿਮਰਤ ਸਿੱਧੂ ਨੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ ਅਤੇ ਹੋਰ ਬੱਚਿਆਂ ਨੂੰ ਵੀ ਮਿਹਨਤ ਕਰਕੇ ਅੱਗੇ ਵਧਣ ਦਾ ਹੌਸਲਾ ਮਿਲਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਭਵਿੱਖ ਵਿਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਨੇ ਵੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਦ ਸੰਸਕਾਰ ਸਕੂਲ ਦੀ ਇਹ ਸਫ਼ਲਤਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਸੰਸਥਾ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਬੌਧਿਕ ਗਤੀਵਿਧੀਆਂ ਵਿਚ ਵੀ ਵਿਦਿਆਰਥੀਆਂ ਨੂੰ ਉੱਚ ਪੱਧਰ ਤੇ ਤਿਆਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ।