- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣੀਆਂ ਕਾਰਾਂ ਦੇ ਡੀਲਰਾਂ ਲਈ ਆਰਟੀਓ ਦਫ਼ਤਰ ਵਿਚ ਰਜਿਸਟ੍ਰੇਸ਼ਨ ਪ੍ਰਕਿਰਿਆ ਜਲਦ ਹੋਵੇਗੀ ਸ਼ੁਰੂ

ਬਠਿੰਡਾ ਦੇ ਲਗਭਗ 100 ਕਾਰ ਡੀਲਰਾਂ ਨੂੰ ਕਰਵਾਉਣਾ ਪਵੇਗਾ ਰਜਿਸਟ੍ਰੇਸ਼ਨ
ਆਰਟੀਓ ਨੇ ਮੀਟਿੰਗ ਕਰਕੇ ਨਵੇਂ ਨਿਯਮਾਂ ਬਾਰੇ ਦਿੱਤੀ ਜਾਣਕਾਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਪੁਰਾਣੀਆਂ ਕਾਰਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਡੀਲਰਾਂ ਲਈ ਆਰਟੀਓ ਦਫ਼ਤਰ ਵਿਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧੀ ਆਰਟੀਓ ਬਠਿੰਡਾ ਕਪਿਲ ਜਿੰਦਲ ਵੱਲੋਂ ਕਾਰ ਡੀਲਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਨੂੰ ਨਵੇਂ ਨਿਯਮਾਂ, ਰਜਿਸਟ੍ਰੇਸ਼ਨ ਫ਼ੀਸ ਅਤੇ ਵਾਹਨਾਂ ਦਾ ਰਿਕਾਰਡ ਆਨਲਾਈਨ ਪੋਰਟਲ ’ਤੇ ਦਰਜ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਡੀਲਰਾਂ ਨੇ ਜਲਦ ਰਜਿਸਟ੍ਰੇਸ਼ਨ ਕਰਵਾਉਣ ਲਈ ਸਹਿਮਤੀ ਪ੍ਰਗਟਾਈ।
ਬਠਿੰਡਾ ਸ਼ਹਿਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਲਗਭਗ 100 ਕਾਰ ਡੀਲਰ ਪੁਰਾਣੀਆਂ ਗੱਡੀਆਂ ਦੀ ਖਰੀਦ-ਵਿਕਰੀ ਦਾ ਕਾਰੋਬਾਰ ਕਰਦੇ ਹਨ। ਨਵੀਂ ਵਿਵਸਥਾ ਤਹਿਤ ਇਨ੍ਹਾਂ ਡੀਲਰਾਂ ਨੂੰ ਕਾਰੋਬਾਰ ਕਰਨ ਲਈ ਪਹਿਲਾਂ ਟਰਾਂਸਪੋਰਟ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਪਹਿਲੀ ਵਾਰ ਪੰਜ ਸਾਲਾਂ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ, ਜਿਸ ਦੀ ਫ਼ੀਸ 25 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਮਿਆਦ ਪੂਰੀ ਹੋਣ ਤੋਂ ਬਾਅਦ ਡੀਲਰਾਂ ਨੂੰ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਕਰਵਾਉਣਾ ਪਵੇਗਾ।
ਬਾਕਸ
ਆਨਲਾਈਨ ਪੋਰਟਲ ’ਤੇ ਦਰਜ ਕਰਨਾ ਪਵੇਗਾ ਵਾਹਨਾਂ ਦਾ ਰਿਕਾਰਡ
ਨਵੀਂ ਵਿਵਸਥਾ ਅਨੁਸਾਰ ਰਜਿਸਟਰਡ ਕਾਰ ਡੀਲਰਾਂ ਨੂੰ ਆਨਲਾਈਨ ਪੋਰਟਲ ਦੀ ਸਹੂਲਤ ਦਿੱਤੀ ਜਾਵੇਗੀ। ਇਸ ’ਤੇ ਵਿਕਰੀ ਲਈ ਆਉਣ ਵਾਲੀ ਹਰ ਪੁਰਾਣੀ ਕਾਰ ਦਾ ਵੇਰਵਾ ਦਰਜ ਕਰਨਾ ਲਾਜ਼ਮੀ ਹੋਵੇਗਾ। ਕਾਰ ਦੀ ਵਿਕਰੀ ਹੋਣ ਤੋਂ ਬਾਅਦ ਵੀ ਇਸ ਸਬੰਧੀ ਜਾਣਕਾਰੀ ਪੋਰਟਲ ’ਤੇ ਅਪਡੇਟ ਕਰਨੀ ਪਵੇਗੀ। ਇਸ ਨਾਲ ਵਾਹਨਾਂ ਦੀ ਖਰੀਦ-ਵਿਕਰੀ ਦਾ ਡਿਜੀਟਲ ਰਿਕਾਰਡ ਉਪਲਬਧ ਰਹੇਗਾ ਅਤੇ ਲੋੜ ਪੈਣ ’ਤੇ ਕਿਸੇ ਵੀ ਵਾਹਨ ਬਾਰੇ ਜਾਣਕਾਰੀ ਹਾਸਲ ਕਰਨੀ ਆਸਾਨ ਹੋਵੇਗੀ।
ਬਾਕਸ
ਵਾਹਨ ਡੀਲਰ ਕੋਲ ਰਹਿਣ ਦੌਰਾਨ ਵੀ ਹੋਵੇਗੀ ਜਵਾਬਦੇਹੀ
ਨਵੇਂ ਨਿਯਮਾਂ ਅਨੁਸਾਰ ਵਾਹਨ ਡੀਲਰ ਕੋਲ ਆਉਣ ਤੋਂ ਲੈ ਕੇ ਉਸ ਦੀ ਵਿਕਰੀ ਹੋਣ ਤੱਕ ਦੀ ਮਿਆਦ ਦੌਰਾਨ ਜੇਕਰ ਕੋਈ ਹਾਦਸਾ ਜਾਂ ਹੋਰ ਘਟਨਾ ਵਾਪਰਦੀ ਹੈ ਤਾਂ ਡੀਲਰ ਦੀ ਜਵਾਬਦੇਹੀ ਵੀ ਨਿਯਮਾਂ ਅਨੁਸਾਰ ਤੈਅ ਕੀਤੀ ਜਾਵੇਗੀ। ਆਰਟੀਓ ਕਪਿਲ ਜਿੰਦਲ ਨੇ ਦੱਸਿਆ ਕਿ ਮੀਟਿੰਗ ਵਿਚ ਡੀਲਰਾਂ ਨੂੰ ਪੂਰੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਡੀਲਰ ਪਹਿਲਾਂ ਵਾਂਗ ਪੁਰਾਣੀਆਂ ਕਾਰਾਂ ਦੀ ਖਰੀਦ-ਵਿਕਰੀ ਕਰ ਸਕਣਗੇ, ਪਰ ਇਸ ਲਈ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।