ਹਲਕਾ ਭੁੱਚੋ ’ਚ ‘ਆਪ’ ਦੀ ਟਿਕਟ ਲਈ ਦਾਅਵੇਦਾਰਾਂ ਦੀ ਦੌੜ ਤੇਜ਼, ਵਰਕਰ ਦੁਚਿੱਤੀ ’ਚ ਹਲਕਾ ਭੁੱਚੋ ’ਚ ‘ਆਪ’ ਦੀ ਟਿਕਟ ਲਈ ਦਾਅਵੇਦਾਰਾਂ ਦੀ ਦੌੜ ਤੇਜ਼, ਵਰਕਰ ਦੁਚਿੱਤੀ ’ਚ
Publish Date: Fri, 04 Sep 2026 04:02 PM (IST)
Updated Date: Fri, 04 Sep 2026 04:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਗੋਨਿਆਣਾ ਮੰਡੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਅਧੀਨ ਹਲਕਾ ਭੁੱਚੋ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਪਾਰਟੀ ਦੀ ਟਿਕਟ ਹਾਸਲ ਕਰਨ ਲਈ ਕਈ ਆਗੂਆਂ ਵੱਲੋਂ ਆਪੋ-ਆਪਣੇ ਪੱਧਰ ’ਤੇ ਹਲਕੇ ਵਿੱਚ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਆਪਣੀ ਮੌਜੂਦਗੀ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਪਾਰਟੀ ਵਰਕਰਾਂ ਅਤੇ ਸਿਆਸੀ ਹਲਕਿਆਂ ਵਿੱਚ ਵੀ ਇਹ ਚਰਚਾ ਤੇਜ਼ ਹੋ ਗਈ ਹੈ ਕਿ ਆਖ਼ਰ ਪਾਰਟੀ ਹਾਈਕਮਾਂਡ ਵੱਲੋਂ ਕਿਸ ਆਗੂ ’ਤੇ ਭਰੋਸਾ ਜਤਾਇਆ ਜਾਂਦਾ ਹੈ। ਹਲਕਾ ਭੁੱਚੋ ਵਿੱਚ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਸਪੁੱਤਰ ਅਤੇ ਗਾਇਕ ਹਰਸਿਮਰਨ ਸਿੰਘ, ਐੱਸ.ਸੀ. ਵਿੰਗ ਨਾਲ ਜੁੜੇ ਗੁਰਜੰਟ ਸਿੰਘ ਸਿਵੀਆ, ਐੱਸ.ਸੀ. ਵਿੰਗ ਦੇ ਮੀਤ ਪ੍ਰਧਾਨ ਅਤੇ ਐੱਸ.ਸੀ. ਕਾਰਪੋਰੇਸ਼ਨ ਪੰਜਾਬ ਦੇ ਉਪ ਚੇਅਰਮੈਨ ਰਹੇ ਸੁਰਿੰਦਰ ਬਿੱਟੂ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਪੱਧਰ ’ਤੇ ਪਾਰਟੀ ਨਾਲ ਸਰਗਰਮ ਰਹੇ ਆਗੂਆਂ ਤੋਂ ਇਲਾਵਾ ਵਕੀਲ ਲੇਖਪ੍ਰੀਤ ਸਿੰਘ ਵੱਲੋਂ ਵੀ ਹਲਕੇ ਵਿੱਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਵੱਲੋਂ ਪਿੰਡਾਂ ਵਿੱਚ ਲੋਕਾਂ ਨਾਲ ਮੁਲਾਕਾਤਾਂ ਕਰਨ, ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡਣ, ਪਾਰਟੀ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਅਤੇ ਤੀਆਂ ਤੇ ਰੱਖੜੀ ਸਮੇਤ ਵੱਖ-ਵੱਖ ਸਮਾਜਿਕ ਸਮਾਗਮ ਕਰਵਾਉਣ ਰਾਹੀਂ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੋਸਟਰਾਂ ਅਤੇ ਹੋਰ ਪ੍ਰਚਾਰ ਸਮੱਗਰੀ ਰਾਹੀਂ ਵੀ ਆਪਣੀ ਮੌਜੂਦਗੀ ਦਰਜ ਕਰਵਾਈ ਜਾ ਰਹੀ ਹੈ। ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਹਰਸਿਮਰਨ ਸਿੰਘ ਵੱਲੋਂ ਵੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ, ਚੈੱਕ ਵੰਡਣ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਧਰ ਗੁਰਜੰਟ ਸਿੰਘ ਸਿਵੀਆ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਖੇਡ ਕਿੱਟਾਂ ਵੰਡਣ ਦੇ ਨਾਲ-ਨਾਲ ਪਾਰਟੀ ਵੱਲੋਂ ਦਿੱਤੇ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਾ ਰਿਹਾ ਹੈ। ਵਕੀਲ ਲੇਖਪ੍ਰੀਤ ਸਿੰਘ ਵੱਲੋਂ ਰੱਖੜੀ ਮੌਕੇ ਔਰਤਾਂ ਨਾਲ ਕਰਵਾਏ ਗਏ ਸਮਾਗਮ ਅਤੇ ਰੱਖੜੀਆਂ ਬੰਨ੍ਹਣ ਦੀਆਂ ਤਸਵੀਰਾਂ ਵੀ ਸਿਆਸੀ ਚਰਚਾ ਦਾ ਵਿਸ਼ਾ ਬਣੀਆਂ। ਇਸ ਤੋਂ ਇਲਾਵਾ 15 ਅਗਸਤ ਨੂੰ ਉਨ੍ਹਾਂ ਵੱਲੋਂ ਹਲਕੇ ਵਿੱਚ ਰੋਡ ਸ਼ੋਅ ਕੱਢ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਉਕਤ ਦਾਅਵੇਦਾਰ ਆਪਣੇ-ਆਪਣੇ ਸਮਰਥਕਾਂ ਰਾਹੀਂ ਹਾਈਕਮਾਂਡ ਦਾ ਧਿਆਨ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਟਿਕਟ ਸਬੰਧੀ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਕੀਤਾ ਜਾਣਾ ਹੈ। ਇਸ ਦੌਰਾਨ ਕੁਝ ਪਾਰਟੀ ਵਰਕਰਾਂ ਵਿੱਚ ਟਿਕਟ ਨੂੰ ਲੈ ਕੇ ਉਡੀਕ ਅਤੇ ਦੁਚਿੱਤੀ ਦੀ ਸਥਿਤੀ ਵੀ ਦਿਖਾਈ ਦੇ ਰਹੀ ਹੈ। ਕੁਝ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਮੌਜੂਦਾ ਵਿਧਾਇਕ ਜਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਮੁੜ ਟਿਕਟ ਮਿਲਦੀ ਹੈ ਤਾਂ ਉਹ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾ ਸਕਦੇ ਹਨ। ਹਾਲਾਂਕਿ ਇਹ ਕੁਝ ਵਰਕਰਾਂ ਦੀ ਨਿੱਜੀ ਰਾਏ ਹੈ ਅਤੇ ਪਾਰਟੀ ਵੱਲੋਂ ਇਸ ਸਬੰਧੀ ਕੋਈ ਫੈਸਲਾ ਜਨਤਕ ਨਹੀਂ ਕੀਤਾ ਗਿਆ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਹਲਕਾ ਭੁੱਚੋ ਵਿੱਚ ਸਰਗਰਮ ਦਾਅਵੇਦਾਰਾਂ ਵਿਚੋਂ ਪਾਰਟੀ ਹਾਈਕਮਾਂਡ ਕਿਸ ਨੂੰ ਉਮੀਦਵਾਰੀ ਦਿੰਦੀ ਹੈ। ਕੀ ਮੌਜੂਦਾ ਵਿਧਾਇਕ ਦੇ ਪਰਿਵਾਰ ਨੂੰ ਮੁੜ ਮੌਕਾ ਮਿਲੇਗਾ ਜਾਂ ਕਿਸੇ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ, ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਫਿਲਹਾਲ ਟਿਕਟ ਦੀ ਦੌੜ ਨੇ ਹਲਕਾ ਭੁੱਚੋ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ।