ਬਠਿੰਡਾ ’ਚ ਚੋਰਾਂ-ਝਪਟਮਾਰਾਂ ਦਾ ਬੋਲਬਾਲਾ! ਸਰਕਾਰੀ ਦਫ਼ਤਰਾਂ ਤੋਂ ਲੈ ਕੇ ਗਲੀਆਂ ਤੇ ਦੁਕਾਨਾਂ ਤੱਕ ਚੋਰਾਂ ਦੇ ਨਿਸ਼ਾਨੇ ’ਤੇ ਬਠਿੰਡਾ ’ਚ ਚੋਰਾਂ-ਝਪਟਮਾਰਾਂ ਦਾ ਬੋਲਬਾਲਾ! ਸਰਕਾਰੀ ਦਫ਼ਤਰਾਂ ਤੋਂ ਲੈ ਕੇ ਗਲੀਆਂ ਤੇ ਦੁਕਾਨਾਂ ਤੱਕ ਚੋਰਾਂ ਦੇ ਨਿਸ਼ਾਨੇ ’ਤੇ
Publish Date: Tue, 01 Sep 2026 04:21 PM (IST)
Updated Date: Tue, 01 Sep 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ। ਸ਼ਹਿਰ ਵਿੱਚ ਚੋਰੀ ਅਤੇ ਝਪਟਮਾਰੀ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਨੇ ਪੁਲਿਸ ਦੀ ਗਸ਼ਤ, ਨਾਕਾਬੰਦੀ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਦੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਤ ਇਹ ਹਨ ਕਿ ਦਫ਼ਤਰ ਦੇ ਬਾਹਰ ਖੜ੍ਹਾ ਵਾਹਨ ਹੋਵੇ ਜਾਂ ਮਿੰਨੀ ਸਕੱਤਰੇਤ ਦੀ ਪਾਰਕਿੰਗ, ਬਾਜ਼ਾਰ ਦੀ ਦੁਕਾਨ ਹੋਵੇ ਜਾਂ ਡੇਅਰੀ ਫਾਰਮ, ਚੋਰ ਕਿਤੇ ਵੀ ਹੱਥ ਸਾਫ਼ ਕਰ ਰਹੇ ਹਨ। ਇਸੇ ਦੌਰਾਨ ਰਿਹਾਇਸ਼ੀ ਗਲੀ ਵਿੱਚ ਔਰਤ ਕੋਲੋਂ ਬੈਗ ਝਪਟਣ ਦੀ ਘਟਨਾ ਨੇ ਦਿਨ ਵੇਲੇ ਵੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਪੁਲਿਸ ਰਿਕਾਰਡ ਮੁਤਾਬਕ ਅਗਸਤ ਮਹੀਨੇ ਵਿੱਚ ਵਾਹਨ ਚੋਰੀ ਤੋਂ ਇਲਾਵਾ ਘਰਾਂ ਅਤੇ ਦੁਕਾਨਾਂ ਵਿੱਚ ਚੋਰੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਮਾਮਲਿਆਂ ਦੀ ਜਾਂਚ ਇੱਕੋ ਨੌਜਵਾਨ ਤੱਕ ਪਹੁੰਚੀ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਜਦਕਿ ਕਈ ਹੋਰ ਮਾਮਲਿਆਂ ਵਿੱਚ ਅਣਪਛਾਤੇ ਚੋਰਾਂ ਦੀ ਭਾਲ ਜਾਰੀ ਹੈ। ਦਫ਼ਤਰ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਥਾਣਾ ਕੋਤਵਾਲੀ ਵਿਚ ਜੁਝਾਰ ਸਿੰਘ ਨਗਰ ਵਾਸੀ ਰਾਜੇਸ਼ ਕੁਮਾਰ ਗੋਇਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੀ ਹੌਂਡਾ ਟਵਿਸਟਰ ਮੋਟਰਸਾਈਕਲ ਨੰਬਰ ਪੀਬੀ03-ਏਜੀ-6285 ਲੰਘੀ 29 ਅਗਸਤ ਦੀ ਸਵੇਰ ਤਿੰਨ ਕੋਨੀ ਸਥਿਤ ਆਪਣੇ ਦਫ਼ਤਰ ਦੇ ਬਾਹਰ ਖੜ੍ਹੀ ਕੀਤੀ ਸੀ। ਸ਼ਾਮ ਨੂੰ ਜਦੋਂ ਉਹ ਦਫ਼ਤਰ ਤੋਂ ਬਾਹਰ ਆਇਆ ਤਾਂ ਬਾਈਕ ਗਾਇਬ ਸੀ। ਆਸ-ਪਾਸ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗਾ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿੰਨੀ ਸਕੱਤਰੇਤ ਦੀ ਪਾਰਕਿੰਗ ਵੀ ਨਹੀਂ ਬਚੀ ਥਾਣਾ ਸਿਵਲ ਲਾਈਨ ਵਿੱਚ ਡਰੀਮ ਸਿਟੀ ਵਾਸੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਮੋਟਰਸਾਈਕਲ ਨੰਬਰ ਪੀਬੀ-03-ਏਯੂ-0615 ਲੰਘੀ 13 ਅਗਸਤ ਨੂੰ ਸਵੇਰੇ ਕਰੀਬ 9 ਵਜੇ ਮਿੰਨੀ ਸਕੱਤਰੇਤ ਦੀ ਪਾਰਕਿੰਗ ਵਿੱਚ ਖੜ੍ਹੀ ਕੀਤੀ ਸੀ। ਦੁਪਹਿਰ ਕਰੀਬ 1:15 ਵਜੇ ਵਾਪਸ ਆਇਆ ਤਾਂ ਬਾਈਕ ਗਾਇਬ ਮਿਲੀ। ਸ਼ਿਕਾਇਤ ਤੋਂ ਬਾਅਦ ਜਾਂਚ ਅੱਗੇ ਵਧੀ ਤਾਂ ਪੁਲਿਸ ਨੇ ਕਥਿਤ ਦੋਸ਼ੀ ਗੁਰਦੇਵ ਸਿੰਘ ਵਾਸੀ ਪਿੰਡ ਮਹਿਰਾਜ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗਲੀ ’ਚ ਔਰਤ ਦਾ ਬੈਗ ਝਪਟਿਆ ਥਾਣਾ ਸਿਵਲ ਲਾਈਨ ਵਿੱਚ ਸਰਾਭਾ ਨਗਰ ਵਾਸੀ ਦਰਸ਼ਨਾ ਗਰਗ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਸ਼ਾਮ ਕਰੀਬ 5 ਵਜੇ ਘਰ ਤੋਂ ਪਾਰਕ ਵੱਲ ਜਾ ਰਹੀ ਸੀ। ਗਲੀ ਨੰਬਰ 1/3 ਵਿੱਚ ਪਿੱਛੋਂ ਬਿਨਾਂ ਨੰਬਰ ਵਾਲੀ ਸਕੂਟੀ ’ਤੇ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੇ ਹੱਥ ਵਿੱਚ ਫੜਿਆ ਬੈਗ ਝਪਟ ਕੇ ਫ਼ਰਾਰ ਹੋ ਗਏ। ਬੈਗ ਵਿੱਚ ਆਈਫੋਨ ਮੋਬਾਈਲ, ਐਨਕ, ਘਰ ਦੀਆਂ ਦੋ ਚਾਬੀਆਂ ਅਤੇ 700 ਰੁਪਏ ਨਕਦ ਸਨ। ਪੁਲਿਸ ਨੇ ਦੋ ਅਣਪਛਾਤੇ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਸਬੰਧੀ 30 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਵੀ ਇੱਕ ਪੋਸਟ ਸਾਹਮਣੇ ਆਈ ਸੀ, ਜਿਸ ਵਿੱਚ ਬਿਨਾਂ ਨੰਬਰ ਪਲੇਟ ਵਾਲੀ ਸਕੂਟੀ ’ਤੇ ਸਵਾਰ ਦੋ ਨੌਜਵਾਨਾਂ ਵੱਲੋਂ ਵੀਰ ਕਾਲੋਨੀ ਵਿੱਚ ਔਰਤ ਦਾ ਪਰਸ ਝਪਟਣ ਦਾ ਦਾਅਵਾ ਕੀਤਾ ਗਿਆ ਸੀ। ਕੰਧ ਟੱਪ ਕੇ ਡੇਅਰੀ ਫਾਰਮ ’ਚ ਵੜੇ ਚੋਰ ਥਾਣਾ ਕੈਨਾਲ ਕਾਲੋਨੀ ਵਿੱਚ ਅਰਜੁਨ ਨਗਰ ਵਾਸੀ ਸ਼ੰਕਰ ਕੁਮਾਰ ਨੇ ਸ਼ਿਕਾਇਤ ਦਿੱਤੀ ਕਿ ਲੰਘੀ 30 ਅਗਸਤ ਦੀ ਸਵੇਰ ਚੋਰਾਂ ਨੇ ਉਸ ਦੇ ਡੇਅਰੀ ਫਾਰਮ ਦੀ ਕੰਧ ਟੱਪ ਕੇ ਫਰਾਟਾ ਪੱਖਾ ਚੋਰੀ ਕਰ ਲਿਆ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਰਾਤ ਸਮੇਂ ਅਣਪਛਾਤੇ ਵਿਅਕਤੀ ਡੇਅਰੀ ਫਾਰਮ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਪੱਖੇ ਤੋਂ ਇਲਾਵਾ ਕਣਕ ਦੀਆਂ ਦੋ ਬੋਰੀਆਂ ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋ ਦੁਕਾਨਾਂ ਦੇ ਦਰਾਜ਼ ਸਾਫ਼, 30 ਹਜ਼ਾਰ ਰੁਪਏ ਲੈ ਗਏ ਥਾਣਾ ਕੈਨਾਲ ਕਾਲੋਨੀ ਦੇ ਪ੍ਰਤਾਪ ਨਗਰ ਵਿੱਚ ਵੀ ਚੋਰਾਂ ਨੇ ਇੱਕੋ ਸਮੇਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਮੋਹਿਤ ਗੋਇਲ ਨੇ ਪੁਲਿਸ ਨੂੰ ਦੱਸਿਆ ਕਿ ਗਲੀ ਨੰਬਰ 17 ਸਥਿਤ ਉਸ ਦੀ ਦੁਕਾਨ ਦੇ ਕਾਊਂਟਰ ਦੇ ਦਰਾਜ਼ ਵਿੱਚੋਂ ਕਰੀਬ 6 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਇਸੇ ਦੌਰਾਨ ਪਰਸਰਾਮ ਨਗਰ ਵਾਸੀ ਸਾਹਿਲ ਕੁਮਾਰ ਦੀ ਦੁਕਾਨ ਵਿੱਚੋਂ ਕਰੀਬ 24 ਹਜ਼ਾਰ ਰੁਪਏ ਨਕਦ ਚੋਰੀ ਹੋ ਗਏ। ਦੋਵਾਂ ਦੁਕਾਨਾਂ ਵਿੱਚੋਂ ਕੁੱਲ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬੀਬੀ ਵਾਲਾ ਚੌਕ ਤੋਂ ਐਕਟੀਵਾ ਚੋਰੀ ਥਾਣਾ ਕੈਂਟ ਵਿਚ ਸ਼ਕਤੀ ਵਿਹਾਰ ਕਾਲੋਨੀ ਵਾਸੀ ਤਰੁਣ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਹੌਂਡਾ ਐਕਟਿਵਾ ਨੰਬਰ ਪੀਬੀ-04-ਯੂ-7288 ਲੰਘੀ 27 ਅਗਸਤ ਨੂੰ ਬੀਬੀ ਵਾਲਾ ਚੌਕ ਤੋਂ ਚੋਰੀ ਹੋ ਗਈ। ਸ਼ਿਕਾਇਤ ਤੋਂ ਬਾਅਦ ਪੁਲਿਸ ਜਾਂਚ ਵਿੱਚ ਕਥਿਤ ਦੋਸ਼ੀ ਗੁਰਦੇਵ ਸਿੰਘ ਦਾ ਨਾਮ ਸਾਹਮਣੇ ਆਇਆ। ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਚੋਰੀ ਹੋਈ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ। ਇਸੇ ਤਰ੍ਹਾਂ ਥਾਣਾ ਕੈਂਟ ਦੇ ਅਧੀਨ ਆਉਂਦੇ ਇਲਾਕੇ ਵਿੱਚ ਚੋਰਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਰਿਕਾਰਡ ਮੁਤਾਬਕ ਭਾਰਤ ਨਗਰ ਤੋਂ ਐਕਟਿਵਾ, ਬੀਬੀ ਵਾਲਾ ਚੌਕ ਤੋਂ ਮੋਟਰਸਾਈਕਲ, ਭੁੱਚੋ ਆਊਟਲੈੱਟ ਤੋਂ ਸੀਡੀ ਡੀਲਕਸ ਮੋਟਰਸਾਈਕਲ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋਈ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਇਸ ਤੋਂ ਇਲਾਵਾ ਰੇਲਵੇ ਰੋਡ ਸਥਿਤ ਮਾਧੋਕਪੁਰਾ ਇਲਾਕੇ ਵਿੱਚ ਵੀ ਦੋ ਨੌਜਵਾਨਾਂ ਵੱਲੋਂ ਬਾਈਕ ਚੋਰੀ ਕਰਕੇ ਫ਼ਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ।