- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਕਰਨ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਬੰਦ ਕਰੇਗੀ ਪੁਲਿਸ

ਜ਼ਿਲ੍ਹੇ ’ਚ 100 ਤੋਂ ਵੱਧ ਥਾਵਾਂ ਦੀ ਪਛਾਣ,ਪਾਰਕਾਂ ਦੀ ਸਫ਼ਾਈ ਕਰਵਾ ਕੇ ਸੁਧਾਰੀ ਜਾਵੇਗੀ ਹਾਲਤ, ਰਾਤ ਦੀ ਗਸ਼ਤ ਵੀ ਵਧਾਈ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਨਸ਼ਾ ਕਰਨ ਲਈ ਵਰਤੇ ਜਾਂਦੇ ਸੁੰਨਸਾਨ ਟਿਕਾਣਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਜਿਹੀਆਂ 100 ਤੋਂ ਵੱਧ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਕਥਿਤ ਤੌਰ ’ਤੇ ਲੋਕ ਨਸ਼ਾ ਕਰਨ ਲਈ ਪਹੁੰਚਦੇ ਹਨ। ਇਨ੍ਹਾਂ ਥਾਵਾਂ ਨੂੰ ਹੁਣ ਬੰਦ ਕੀਤਾ ਜਾਵੇਗਾ, ਤਾਂ ਜੋ ਨਸ਼ਾ ਕਰਨ ਵਾਲਿਆਂ ਨੂੰ ਉੱਥੇ ਪਹੁੰਚਣ ਤੋਂ ਰੋਕਿਆ ਜਾ ਸਕੇ। ਸ਼ੁੱਕਰਵਾਰ ਨੂੰ ਐਸਐਸਪੀ ਸੁਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਥਾਣਾ ਥਰਮਲ ਦੇ ਇਲਾਕੇ ਵਿੱਚ ਸਥਿਤ ਥਰਮਲ ਕਾਲੋਨੀ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਵੱਲੋਂ ਇੱਕ ਪਾਰਕ ਵੱਲ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਸੁੰਨਸਾਨ ਥਾਵਾਂ ਨਸ਼ਾ ਕਰਨ ਵਾਲਿਆਂ ਲਈ ਸੁਰੱਖਿਅਤ ਟਿਕਾਣੇ ਬਣ ਜਾਂਦੀਆਂ ਹਨ, ਜਿਸ ਕਾਰਨ ਅਜਿਹੀਆਂ ਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬੰਦ ਕਰਨਾ ਜ਼ਰੂਰੀ ਹੈ। ਪੁਲਿਸ ਨੇ ਅਜਿਹੇ ਪਾਰਕਾਂ ਦੀ ਵੀ ਪਛਾਣ ਕੀਤੀ ਹੈ, ਜਿੱਥੇ ਨਸ਼ਾ ਕਰਨ ਵਾਲੇ ਲੋਕ ਪਹੁੰਚਦੇ ਹਨ। ਇਨ੍ਹਾਂ ਪਾਰਕਾਂ ਨੂੰ ਨਸ਼ੇ ਲਈ ਵਰਤੇ ਜਾਣ ਤੋਂ ਰੋਕਣ ਦੇ ਨਾਲ-ਨਾਲ ਉੱਥੇ ਸਫ਼ਾਈ ਵੀ ਕਰਵਾਈ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ, ਤਾਂ ਜੋ ਇਨ੍ਹਾਂ ਨੂੰ ਮੁੜ ਆਮ ਲੋਕਾਂ ਦੀ ਵਰਤੋਂ ਵਿੱਚ ਲਿਆਂਦਾ ਜਾ ਸਕੇ। ਪੁਲਿਸ ਵੱਲੋਂ ਨਸ਼ਾ ਕਰਨ ਵਾਲੀਆਂ ਥਾਵਾਂ ਤਕ ਪਹੁੰਚਣ ਵਾਲੇ ਰਸਤਿਆਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ।
ਬਾਕਸ
63 ਥਾਵਾਂ ’ਤੇ ਚਲਾਇਆ ਗਿਆ ਵਿਸ਼ੇਸ਼ ਅਭਿਆਨ
ਐਸਐਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 100 ਤੋਂ ਵੱਧ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸੇ ਮੁਹਿੰਮ ਤਹਿਤ ਥਰਮਲ ਕਾਲੋਨੀ ਵਿੱਚ ਪਾਰਕ ਵੱਲ ਜਾਣ ਵਾਲਾ ਰਸਤਾ ਬੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ 63 ਥਾਵਾਂ ’ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਨ੍ਹਾਂ ਸਾਰੀਆਂ ਥਾਵਾਂ ’ਤੇ ਪੁਲਿਸ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ, ਤਾਂ ਜੋ ਇੱਥੇ ਮੁੜ ਨਸ਼ਾ ਕਰਨ ਵਾਲਿਆਂ ਦਾ ਇਕੱਠ ਨਾ ਹੋ ਸਕੇ। ਪੁਲਿਸ ਦਾ ਉਦੇਸ਼ ਸਿਰਫ਼ ਨਸ਼ਾ ਕਰਨ ਵਾਲੀਆਂ ਥਾਵਾਂ ਨੂੰ ਬੰਦ ਕਰਨਾ ਹੀ ਨਹੀਂ, ਸਗੋਂ ਇਨ੍ਹਾਂ ਥਾਵਾਂ ਦੇ ਮਾਹੌਲ ਵਿੱਚ ਵੀ ਬਦਲਾਅ ਲਿਆਉਣਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਥਾਵਾਂ ਦੀ ਸਫ਼ਾਈ, ਸਾਂਭ-ਸੰਭਾਲ ਅਤੇ ਵਰਤੋਂਯੋਗਤਾ ਵਧਾਉਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਆਮ ਲੋਕ ਇਨ੍ਹਾਂ ਦੀ ਵਰਤੋਂ ਕਰ ਸਕਣ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਮੌਜੂਦ ਅਜਿਹੀਆਂ ਪੁਰਾਣੀਆਂ ਸਰਕਾਰੀ ਇਮਾਰਤਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਵਰਤੋਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਜਾ ਸਕਦੀ ਹੈ। ਪੁਲਿਸ ਵੱਲੋਂ ਇਨ੍ਹਾਂ ਇਮਾਰਤਾਂ ਨੂੰ ਢਾਹੁਣ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇਗਾ।
ਚੋਰੀ ਤੇ ਝਪਟਮਾਰੀ ਰੋਕਣ ਲਈ ਰਾਤ ਦੀ ਗਸ਼ਤ ਵਧਾਈ
ਜ਼ਿਲ੍ਹੇ ਵਿੱਚ ਵੱਧ ਰਹੀਆਂ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਸਬੰਧੀ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਰਾਤ ਸਮੇਂ ਗਸ਼ਤ ਵਧਾਈ ਜਾ ਰਹੀ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਉਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰੀ, ਝਪਟਮਾਰੀ ਜਾਂ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਟਰੇਸ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਨਾਲ-ਨਾਲ ਅਪਰਾਧਾਂ ’ਤੇ ਕਾਬੂ ਪਾਉਣ ਲਈ ਵੀ ਪੁਲਿਸ ਦਾ ਵਿਸ਼ੇਸ਼ ਧਿਆਨ ਰਹੇਗਾ। ਪੁਲਿਸ ਅਨੁਸਾਰ ਗਸ਼ਤ ਅਤੇ ਨਿਗਰਾਨੀ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਕੇ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾਵੇਗੀ।