ਰਾਮਾਂ ਮੰਡੀ ਦੀ ਨਵੀਂ ਸਬਜ਼ੀ ਮੰਡੀ ਪੁਰਾਣੀ ਨਾਲੋਂ ਵੀ ਮਾੜੀ, ਸਹੂਲਤਾਂ ਦੀ ਘਾਟ ਕਾਰਨ ਸਬਜ਼ੀ ਵਪਾਰੀ ਪ੍ਰੇਸ਼ਾਨ ਰਾਮਾਂ ਮੰਡੀ ਦੀ ਨਵੀਂ ਸਬਜ਼ੀ ਮੰਡੀ ਪੁਰਾਣੀ ਨਾਲੋਂ ਵੀ ਮਾੜੀ, ਸਹੂਲਤਾਂ ਦੀ ਘਾਟ ਕਾਰਨ ਸਬਜ਼ੀ ਵਪਾਰੀ ਪ੍ਰੇਸ਼ਾਨ
Publish Date: Thu, 12 Nov 2026 05:32 PM (IST)
Updated Date: Thu, 12 Nov 2026 05:33 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ, ਕਰੀਬ ਪੰਜ ਸਾਲ ਪਹਿਲਾਂ ਰਾਮਾਂ ਮੰਡੀ ਵਿਖੇ ਬਣਾਈ ਗਈ ਨਵੀਂ ਸਬਜ਼ੀ ਮੰਡੀ ਪੁਰਾਣੀ ਮੰਡੀ ਨਾਲੋਂ ਵੀ ਕਈ ਗੁਣਾ ਮਾੜੀ ਸਾਬਤ ਹੋ ਰਹੀ ਹੈ। ਸਬਜ਼ੀ ਵਪਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਸਬਜ਼ੀ ਮੰਡੀ ਵਿੱਚ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ, ਜਦਕਿ ਪੁਰਾਣੀ ਮੰਡੀ ਵਿੱਚ ਉਨ੍ਹਾਂ ਕੋਲ ਕਿਰਾਏ ਤੇ ਪੱਕੀਆਂ ਦੁਕਾਨਾਂ ਸਨ। ਵਪਾਰੀਆਂ ਨੇ ਦੱਸਿਆ ਕਿ ਪੁਰਾਣੀ ਮੰਡੀ ਵਿੱਚ ਪੱਕੀਆਂ ਦੁਕਾਨਾਂ ਹੋਣ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਮਾਨ ਨੂੰ ਮੀਂਹ, ਗਰਮੀ ਤੇ ਸਰਦੀ ਦੀ ਮਾਰ ਤੋਂ ਬਚਾਅ ਰਹਿੰਦਾ ਸੀ, ਪਰ ਨਵੀਂ ਮੰਡੀ ਵਿੱਚ ਦੁਕਾਨਾਂ ਬਣਾਉਣ ਦੀ ਬਜਾਏ ਸਿਰਫ਼ ਸ਼ੈੱਡ ਬਣਾ ਕੇ ਦਿੱਤੇ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਹਰ ਮੌਸਮ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਸਮ ਦੀ ਮਾਰ ਕਾਰਨ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ ਅਤੇ ਸਾਮਾਨ ਦੀ ਚੋਰੀ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਬਜ਼ੀ ਵਪਾਰੀਆਂ ਦਾ ਕਹਿਣਾ ਹੈ ਕਿ ਪੱਕੀਆਂ ਦੁਕਾਨਾਂ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਦੀ ਹਾਲਤ ਟੱਪਰੀਵਾਸਾਂ ਵਰਗੀ ਬਣ ਕੇ ਰਹਿ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਨਵੀਂ ਸਬਜ਼ੀ ਮੰਡੀ ਵਿੱਚ ਪੱਕੀਆਂ ਦੁਕਾਨਾਂ ਦੀ ਉਸਾਰੀ ਕਰਵਾ ਕੇ ਉਨ੍ਹਾਂ ਨੂੰ ਵਾਜਬ ਕਿਰਾਏ ਤੇ ਦਿੱਤਾ ਜਾਵੇ। ਵਪਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਅਤੇ ਦੁਕਾਨਾਂ ਬਣਾ ਕੇ ਨਾ ਦਿੱਤੀਆਂ ਗਈਆਂ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਚੋਣਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ।