ਕੌਮੀ ਇਨਸਾਫ਼ ਮੋਰਚੇ ਦੇ ਬੰਦ ਦਾ ਜ਼ਿਲ੍ਹੇ ’ਚ ਵਿਆਪਕ ਅਸਰ, ਬਾਜ਼ਾਰ ਬੰਦ, ਨਿੱਜੀ ਸਕੂਲ ਰਹੇ ਬੰਦ, ਸੜਕਾਂ ’ਤੇ ਛਾਇਆ ਸੰਨਾਟਾ ਕੌਮੀ ਇਨਸਾਫ਼ ਮੋਰਚੇ ਦੇ ਬੰਦ ਦਾ ਜ਼ਿਲ੍ਹੇ ਵਿੱਚ ਵਿਆਪਕ ਅਸਰ, ਬਾਜ਼ਾਰ ਬੰਦ, ਨਿੱਜੀ ਸਕੂਲ ਰਹੇ ਬੰਦ, ਸੜਕਾਂ ’ਤੇ ਛਾਇਆ ਸੰਨਾਟਾ
Publish Date: Fri, 21 Aug 2026 04:42 PM (IST)
Updated Date: Fri, 21 Aug 2026 04:45 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਦਾ ਬਠਿੰਡਾ ਜ਼ਿਲ੍ਹੇ ’ਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬਠਿੰਡਾ ਸ਼ਹਿਰ ਤੋਂ ਇਲਾਵਾ ਭੁੱਚੋ ਮੰਡੀ, ਨਥਾਣਾ, ਰਾਮਾ ਅਤੇ ਰਾਮਪੁਰਾ ਇਲਾਕਿਆਂ ਵਿਚ ਵੀ ਬੰਦ ਨੂੰ ਵੱਡਾ ਸਮਰਥਨ ਮਿਲਿਆ। ਮੈਡੀਕਲ ਸਟੋਰਾਂ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਜ਼ਿਆਦਾਤਰ ਦੁਕਾਨਾਂ ਦੁਪਹਿਰ 2 ਵਜੇ ਤਕ ਬੰਦ ਰਹੀਆਂ। ਬਾਜ਼ਾਰਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਚਹਿਲ-ਪਹਿਲ ਪੂਰੀ ਤਰ੍ਹਾਂ ਗਾਇਬ ਰਹੀ ਅਤੇ ਮੁੱਖ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਵੀ ਕਾਫ਼ੀ ਘੱਟ ਰਹੀ। ਬੰਦ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਸੰਗਠਨਾਂ ਵੱਲੋਂ ਧਰਨੇ ਤੇ ਪ੍ਰਦਰਸ਼ਨ ਵੀ ਕੀਤੇ ਗਏ। ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਰਾਮਪੁਰਾ ਮੰਡੀ ਚੌਕ, ਬਠਿੰਡਾ-ਫਰੀਦਕੋਟ ਮਾਰਗ ’ਤੇ ਜੀਦਾ ਟੋਲ ਪਲਾਜ਼ਾ, ਬਠਿੰਡਾ-ਮਾਨਸਾ ਮਾਰਗ ’ਤੇ ਮੌੜ ਚੌਕ ਤੇ ਬਠਿੰਡਾ-ਬਾਜਾਖਾਨਾ ਮਾਰਗ ’ਤੇ ਪ੍ਰਦਰਸ਼ਨ ਹੋਏ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ’ਚ ਬੱਸ ਸਟੈਂਡ ਦੇ ਬਾਹਰ ਵੀ ਧਰਨਾ ਲਗਾਇਆ ਗਿਆ। ਇਨ੍ਹਾਂ ਧਰਨਿਆਂ ਕਾਰਨ ਕਈ ਮਾਰਗਾਂ ’ਤੇ ਆਵਾਜਾਈ ਪ੍ਰਭਾਵਿਤ ਰਹੀ ਤੇ ਲੋਕਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪਿਆ। ਪ੍ਰਾਈਵੇਟ ਤੇ ਸਰਕਾਰੀ ਬੱਸਾਂ ਰਹੀਆਂ ਬੰਦ ਬੰਦ ਕਾਰਨ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਬਿਲਕੁਲ ਬੰਦ ਰਹੀਆਂ। ਬਠਿੰਡਾ ਬੱਸ ਸਟੈਂਡ ’ਤੇ ਸਵੇਰ ਤੋਂ ਹੀ ਕਈ ਯਾਤਰੀ ਬੱਸਾਂ ਦੀ ਉਡੀਕ ਕਰਦੇ ਨਜ਼ਰ ਆਏ। ਕਈ ਯਾਤਰੀਆਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਬੱਸ ਸੇਵਾ ਕਦੋਂ ਆਮ ਹੋਵੇਗੀ। ਦੂਜੇ ਸ਼ਹਿਰਾਂ ਤੇ ਪਿੰਡਾਂ ਵੱਲ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀਆਂ ਨੇ ਬੱਸ ਸੇਵਾ ਪ੍ਰਭਾਵਿਤ ਹੋਣ ਕਾਰਨ ਆਪਣਾ ਸਫ਼ਰ ਮੁਲਤਵੀ ਕਰ ਦਿੱਤਾ, ਜਦਕਿ ਕੁਝ ਲੋਕ ਨਿੱਜੀ ਵਾਹਨਾਂ ਜਾਂ ਹੋਰ ਸਾਧਨਾਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਅਤੇ ਧਰਨਿਆਂ ਨੂੰ ਦੇਖਦਿਆਂ ਮੁੱਖ ਚੌਕਾਂ, ਸੜਕਾਂ ਅਤੇ ਧਰਨਾ ਸਥਲਾਂ ’ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਨਿੱਜੀ ਸਕੂਲ ਬੰਦ, ਸਰਕਾਰੀ ਸਕੂਲ ਖੁੱਲ੍ਹੇ ਪਰ ਹਾਜ਼ਰੀ ਘੱਟ ਬੰਦ ਦਾ ਅਸਰ ਜ਼ਿਲ੍ਹੇ ਦੇ ਸਿੱਖਿਆ ਅਦਾਰਿਆਂ ’ਤੇ ਵੀ ਦੇਖਣ ਨੂੰ ਮਿਲਿਆ। ਜ਼ਿਲ੍ਹੇ ਵਿਚ ਜ਼ਿਆਦਾਤਰ ਨਿੱਜੀ ਸਕੂਲ ਬੰਦ ਰਹੇ, ਜਦਕਿ ਸਰਕਾਰੀ ਸਕੂਲ ਖੁੱਲ੍ਹੇ ਰਹੇ। ਹਾਲਾਂਕਿ ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਦੀ ਹਾਜ਼ਰੀ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਰਹੀ। ਕਈ ਮਾਪਿਆਂ ਨੇ ਬੰਦ ਦੇ ਮੱਦੇਨਜ਼ਰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਰਹੇਜ਼ ਕੀਤਾ। ਕਈ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਅਤੇ ਹੋਰ ਸਟਾਫ਼ ਤਾਂ ਪਹੁੰਚਿਆ, ਪਰ ਵਿਦਿਆਰਥੀਆਂ ਦੀ ਗਿਣਤੀ ਆਮ ਨਾਲੋਂ ਕਾਫ਼ੀ ਘੱਟ ਰਹੀ। ਇਸ ਕਾਰਨ ਸਕੂਲਾਂ ’ਚ ਵੀ ਆਮ ਦਿਨਾਂ ਵਾਲੀ ਰੌਣਕ ਨਜ਼ਰ ਨਹੀਂ ਆਈ। ਬਾਜ਼ਾਰਾਂ ’ਚ ਛਾਇਆ ਸ਼ੰਨਾਟਾ ਬਠਿੰਡਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਜ਼ਿਆਦਾਤਰ ਦੁਕਾਨਾਂ ਦੇ ਸ਼ਟਰ ਬੰਦ ਰਹੇ ਤੇ ਆਮ ਦਿਨਾਂ ਵਾਂਗ ਖਰੀਦਦਾਰੀ ਕਰਨ ਵਾਲੇ ਲੋਕ ਵੀ ਬਾਜ਼ਾਰਾਂ ਵਿਚ ਘੱਟ ਹੀ ਨਜ਼ਰ ਆਏ। ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਘੱਟ ਹੋਣ ਕਾਰਨ ਕਈ ਪ੍ਰਮੁੱਖ ਸਥਾਨ ਸੁੰਨੇ ਦਿਖਾਈ ਦਿੱਤੇ। ਭੁੱਚੋ ਮੰਡੀ, ਨਥਾਣਾ, ਰਾਮਾ, ਤਲਵੰਡੀ ਸਾਬੋ ਤੇ ਰਾਮਪੁਰਾ ਵਿਚ ਵੀ ਦੁਪਹਿਰ 2 ਵਜੇ ਤਕ ਬਾਜ਼ਾਰ ਲਗਭਗ ਪੂਰੀ ਤਰ੍ਹਾਂ ਬੰਦ ਰਹੇ। ਬੰਦ ਸਮਰਥਕਾਂ ਵੱਲੋਂ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਬੰਦ ਸਫ਼ਲ ਬਣਾਉਣ ਦੀ ਅਪੀਲ ਕੀਤੀ ਗਈ ਸੀ। ਬੰਦੀ ਸਿੰਘਾਂ ਦੀ ਰਿਹਾਈ ਤੇ ਦਰਜ ਕੇਸ ਵਾਪਸ ਲੈਣ ਦੀ ਮੰਗ ਕੌਮੀ ਇਨਸਾਫ਼ ਮੋਰਚੇ ਅਤੇ ਵੱਖ-ਵੱਖ ਸੰਗਠਨਾਂ ਵੱਲੋਂ ਇਹ ਬੰਦ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ 15 ਅਗਸਤ ਨੂੰ ਚੰਡੀਗੜ੍ਹ ਵਿੱਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲੈਣ ਦੀ ਮੰਗ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਉਠਾਈ ਗਈ। ਸੰਗਠਨਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਮਾਤਾ ਦੀ ਗੰਭੀਰ ਸਿਹਤ ਨੂੰ ਦੇਖਦਿਆਂ ਪੈਰੋਲ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਜਗਤਾਰ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੂੰ ਵੀ ਪੈਰੋਲ ’ਤੇ ਰਿਹਾਅ ਕਰਨ ਦੀ ਮੰਗ ਕੀਤੀ ਗਈ। ਸੰਗਠਨਾਂ ਅਨੁਸਾਰ ਦੋਵਾਂ ਵੱਲੋਂ ਪੈਰੋਲ ਲਈ ਅਰਜ਼ੀਆਂ ਦਿੱਤੀਆਂ ਜਾ ਚੁੱਕੀਆਂ ਹਨ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਹੋਏ ਸ਼ਾਮਲ ਬੰਦ ਦੇ ਸਮਰਥਨ ਵਿਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਫੂਲ, ਦਮਦਮੀ ਟਕਸਾਲ ਸੇਵਕ ਜਥੇ ਦੇ ਬਾਬਾ ਆਤਮਾ ਸਿੰਘ ਚਹਿਲ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਰਮਿੰਦਰ ਸਿੰਘ ਬਾਲਿਆਂਵਾਲੀ, ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ, ਵਾਰਿਸ ਪੰਜਾਬ ਸੰਗਠਨ ਦੇ ਚਮਕੌਰ ਸਿੰਘ, ਪੁਨਰਸੁਰਜੀਤ ਅਕਾਲੀ ਦਲ ਦੇ ਭੋਲਾ ਸਿੰਘ ਗਿੱਲਪੱਤੀ ਅਤੇ ਨੌਜਵਾਨ ਆਗੂ ਹਰਸਿਮਰਨ ਸਿੰਘ, ਵਾਰਿਸ ਪੰਜਾਬ ਤੋਂ ਗੁਰਜੰਟ ਸਿੰਘ ਧੀਮਾਨ, ਨਰਿੰਦਰ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਧਰਨਿਆਂ ਵਿਚ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਬੰਦ ਕਿਸੇ ਵਿਅਕਤੀ ਜਾਂ ਸਿਆਸੀ ਪਾਰਟੀ ਦੇ ਵਿਰੋਧ ਵਿਚ ਨਹੀਂ, ਸਗੋਂ ਉਨ੍ਹਾਂ ਅਨੁਸਾਰ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਉਭਾਰਨ ਤੇ ਸਰਕਾਰ ਦਾ ਧਿਆਨ ਇਨ੍ਹਾਂ ਮਾਮਲਿਆਂ ਵੱਲ ਖਿੱਚਣ ਲਈ ਕੀਤਾ ਗਿਆ ਹੈ।