ਜੋਧਪੁਰ ਪਾਖਰ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਮਤਾ ਪਾਸ ਕੀਤਾ ਜੋਧਪੁਰ ਪਾਖਰ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਮਤਾ ਪਾਸ ਕੀਤਾ
Publish Date: Thu, 08 Oct 2026 06:48 PM (IST)
Updated Date: Thu, 08 Oct 2026 06:50 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਜੋਧਪੁਰ ਪਾਖਰ ਦੀ ਪੰਚਾਇਤ ਵੱਲੋਂ ਅਹਿਮ ਪਹਿਲਕਦਮੀ ਕਰਦਿਆਂ ਨਸ਼ਿਆਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਪੰਚਾਇਤ ਵੱਲੋਂ ਪਿੰਡ ਦੀਆਂ ਦੁਕਾਨਾਂ ’ਤੇ ਐਨਰਜੀ ਡ੍ਰਿੰਕ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਵਿਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਾ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ। ਪੰਚਾਇਤ ਦਾ ਕਹਿਣਾ ਹੈ ਕਿ ਬੱਚਿਆਂ ਤੇ ਨੌਜਵਾਨਾਂ ਵਿਚ ਐਨਰਜੀ ਡ੍ਰਿੰਕ ਦੀ ਵਧ ਰਹੀ ਵਰਤੋਂ ਨੂੰ ਲੈ ਕੇ ਮਾਪਿਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਪੰਚਾਇਤ ਵੱਲੋਂ ਇਹ ਕਦਮ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਅਤੇ ਗਲਤ ਆਦਤਾਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਇਕ ਦਿਨ ਉਹ ਪਿੰਡ ਦੀ ਗਲੀ ਵਿਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਦੋ ਲੜਕੀਆਂ ਨੂੰ ਸਕੂਲ ਤੋਂ ਵਾਪਸ ਆਉਂਦੇ ਸਮੇਂ ਐਨਰਜੀ ਡ੍ਰਿੰਕ ਪੀਂਦਿਆਂ ਦੇਖਿਆ। ਉਨ੍ਹਾਂ ਨੇ ਲੜਕੀਆਂ ਨੂੰ ਉਸ ਸਮੇਂ ਕੁਝ ਨਹੀਂ ਕਿਹਾ, ਪਰ ਇਸ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ। ਸਰਪੰਚ ਅਨੁਸਾਰ ਉਸੇ ਦਿਨ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਬੱਚਿਆਂ ਨੂੰ ਐਨਰਜੀ ਡ੍ਰਿੰਕ ਦੀ ਆਦਤ ਤੋਂ ਦੂਰ ਰੱਖਣ ਲਈ ਪਿੰਡ ਪੱਧਰ ’ਤੇ ਇਸ ਦੀ ਵਿਕਰੀ ਰੋਕਣ ਲਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਅੱਜਕੱਲ੍ਹ ਦੁਕਾਨਾਂ ’ਤੇ ਵੱਖ-ਵੱਖ ਬ੍ਰਾਂਡਾਂ ਦੀਆਂ ਐਨਰਜੀ ਡ੍ਰਿੰਕ ਆਸਾਨੀ ਨਾਲ ਉਪਲਬਧ ਹਨ ਅਤੇ ਆਕਰਸ਼ਕ ਪੈਕਿੰਗ ਤੇ ਇਸ਼ਤਿਹਾਰਾਂ ਕਾਰਨ ਬੱਚੇ ਤੇ ਨੌਜਵਾਨ ਵੀ ਇਨ੍ਹਾਂ ਵੱਲ ਆਕਰਸ਼ਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਰਫ਼ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨਾ ਹੀ ਕਾਫ਼ੀ ਨਹੀਂ, ਸਗੋਂ ਨੌਜਵਾਨਾਂ ਨੂੰ ਗਲਤ ਆਦਤਾਂ ਵੱਲ ਲਿਜਾਣ ਵਾਲੇ ਕਾਰਕਾਂ ’ਤੇ ਵੀ ਧਿਆਨ ਦੇਣ ਦੀ ਲੋੜ ਹੈ। ਛੋਟੇ ਬੱਚੇ ਪਹਿਲਾਂ ਅਜਿਹੇ ਐਨਰਜੀ ਡ੍ਰਿੰਕ ਪੀਂਦੇ ਹਨ ਤੇ ਬਾਅਦ ਵਿਚ ਹੌਲੀ ਹੌਲੀ ਨਸ਼ਿਆਂ ਵੱਲ ਵਧ ਜਾਂਦੇ ਹਨ। ਪਿੰਡ ਦੀਆਂ ਦੁਕਾਨਾਂ ’ਤੇ ਨਹੀਂ ਵਿਕਣਗੀਆਂ ਐਨਰਜੀ ਡ੍ਰਿੰਕ ਪੰਚਾਇਤ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਪਿੰਡ ਦੇ ਦੁਕਾਨਦਾਰਾਂ ਨੂੰ ਐਨਰਜੀ ਡ੍ਰਿੰਕ ਦੀ ਵਿਕਰੀ ਨਾ ਕਰਨ ਲਈ ਕਿਹਾ ਗਿਆ ਹੈ। ਪੰਚਾਇਤ ਨੇ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੂੰ ਇਸ ਫ਼ੈਸਲੇ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੰਚਾਇਤ ਦਾ ਉਦੇਸ਼ ਬੱਚਿਆਂ ਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ। ਇਸ ਦੇ ਨਾਲ ਹੀ ਪੰਚਾਇਤ ਵੱਲੋਂ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਾ ਕਰਨ ਤੇ ਨਸ਼ਿਆਂ ਖ਼ਿਲਾਫ਼ ਸਾਂਝੇ ਤੌਰ ’ਤੇ ਆਵਾਜ਼ ਉਠਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਚਾਇਤ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਾਂ, ਦੁਕਾਨਦਾਰਾਂ ਤੇ ਪਿੰਡ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਪੰਚਾਇਤ ਦੀ ਇਸ ਪਹਿਲਕਦਮੀ ਦਾ ਉਦੇਸ਼ ਪਿੰਡ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਪਿੰਡ ਵਿਚ ਨਸ਼ਿਆਂ ਵਿਰੁੱਧ ਸਾਂਝਾ ਮਾਹੌਲ ਤਿਆਰ ਕਰਨਾ ਹੈ। ਪੰਚਾਇਤ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਦੇ ਖ਼ਾਤਮੇ ਲਈ ਇਕਜੁੱਟ ਹੋ ਕੇ ਸਹਿਯੋਗ ਕਰਨ। ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਦੀ ਪਿੰਡ ਵਾਸੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਪਿੰਡ ਨਰੂਆਣਾ ਦੀ ਪੰਚਾਇਤ ਨੇ ਵੀ ਨਸ਼ਿਆਂ ਖਿਲਾਫ਼ ਮਤਾ ਪਾਸ ਕੀਤਾ ਹੈ।