ਸਰਕਾਰੀ ਸਪੋਰਟਸ ਸਕੂਲ ਦੀ ਬਦਲੇਗੀ ਤਸਵੀਰ, ਹੁਣ ਖੇਡ ਵਿਭਾਗ ਦੇ ਅਧੀਨ ਹੋਵੇਗਾ ਸਕੂਲ ਦਾ ਪ੍ਰਬੰਧ ਸਰਕਾਰੀ ਸਪੋਰਟਸ ਸਕੂਲ ਦੀ ਬਦਲੇਗੀ ਤਸਵੀਰ, ਹੁਣ ਖੇਡ ਵਿਭਾਗ ਦੇ ਅਧੀਨ ਹੋਵੇਗਾ ਸਕੂਲ ਦਾ ਪ੍ਰਬੰਧ
Publish Date: Mon, 24 Aug 2026 04:14 PM (IST)
Updated Date: Mon, 24 Aug 2026 04:15 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਸਥਿਤ ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਦੀ ਹੁਣ ਤਸਵੀਰ ਬਦਲਣ ਦੀ ਤਿਆਰੀ ਹੈ। ਪੰਜਾਬ ਸਰਕਾਰ ਵੱਲੋਂ ਇਸ ਸੰਸਥਾ ਨੂੰ ਨਵੀਂ ਪਛਾਣ ਅਤੇ ਨਵੀਂ ਪ੍ਰਬੰਧਕੀ ਵਿਵਸਥਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੇਂਡੂ ਖੇਤਰ ਦੀਆਂ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਣ ਦੇ ਉਦੇਸ਼ ਨਾਲ ਸਾਲ 2010 ਵਿਚ ਸਥਾਪਤ ਕੀਤੇ ਗਏ ਇਸ ਸਪੋਰਟਸ ਸਕੂਲ ਨੂੰ ਹੁਣ ਸਿੱਧੇ ਖੇਡ ਵਿਭਾਗ ਦੇ ਅਧੀਨ ਲਿਆਂਦਾ ਜਾਵੇਗਾ। ਇਸ ਨੂੰ ‘ਸੈਂਟਰ ਆਫ਼ ਐਕਸੀਲੈਂਸ ਫਾਰ ਸਪੋਰਟਸ’ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ। ਲੰਮੇ ਸਮੇਂ ਤੋਂ ਸਟਾਫ਼ ਦੀ ਕਮੀ, ਆਰਥਿਕ ਸਰੋਤਾਂ ਦੀ ਘਾਟ, ਹੋਸਟਲ ਦੇ ਰੱਖ-ਰਖਾਅ ਅਤੇ ਖੇਡ ਸਹੂਲਤਾਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇਸ ਸਕੂਲ ਨੂੰ ਨਵੀਂ ਵਿਵਸਥਾ ਨਾਲ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਨਵੀਂ ਪ੍ਰਣਾਲੀ ਤਹਿਤ ਖੇਡਾਂ ਨਾਲ ਸਬੰਧਤ ਸਾਰੀਆਂ ਮੁੱਖ ਜ਼ਿੰਮੇਵਾਰੀਆਂ ਖੇਡ ਵਿਭਾਗ ਵੱਲੋਂ ਸੰਭਾਲੀਆਂ ਜਾਣਗੀਆਂ, ਜਦਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ਿੰਮਾ ਸਿੱਖਿਆ ਵਿਭਾਗ ਕੋਲ ਹੀ ਰਹੇਗਾ। ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਦੇ ਅਧੀਨ ਹੋਵੇਗਾ ਸਕੂਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਨੁਸਾਰ ਹੁਣ ਤਕ ਸਕੂਲ ਦੇ ਸੰਚਾਲਨ ਵਿਚ ਖੇਡ ਵਿਭਾਗ ਦੀ ਸਿੱਧੀ ਭੂਮਿਕਾ ਨਹੀਂ ਸੀ। ਨਵੀਂ ਵਿਵਸਥਾ ਤਹਿਤ ਸਕੂਲ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਦੇ ਅਧੀਨ ਕੰਮ ਕਰੇਗਾ। ਖਿਡਾਰੀਆਂ ਨੂੰ ਖੇਡ ਸਿਖਲਾਈ, ਕੋਚਿੰਗ ਤੇ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਖੇਡ ਵਿਭਾਗ ਸੰਭਾਲੇਗਾ, ਜਦਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਕਾਦਮਿਕ ਪ੍ਰਬੰਧ ਦੇਖੇਗਾ। ਦੋਵਾਂ ਵਿਭਾਗਾਂ ਦੇ ਸਾਂਝੇ ਯਤਨਾਂ ਨਾਲ ਵਿਦਿਆਰਥੀਆਂ ਨੂੰ ਖੇਡ ਤੇ ਸਿੱਖਿਆ ਦਾ ਬਿਹਤਰ ਮਾਹੌਲ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਇਸ ਨਾਲ ਪੇਂਡੂ ਖੇਤਰ ਤੋਂ ਆਉਣ ਵਾਲੀਆਂ ਉਭਰਦੀਆਂ ਖੇਡ ਪ੍ਰਤਿਭਾਵਾਂ ਨੂੰ ਇੱਕੋ ਥਾਂ ’ਤੇ ਪੜ੍ਹਾਈ ਦੇ ਨਾਲ ਉੱਚ ਪੱਧਰੀ ਖੇਡ ਸਿਖਲਾਈ ਮਿਲ ਸਕੇਗੀ। ਪੰਜ ਖੇਡਾਂ ’ਚ ਮਹਿਲਾ ਖਿਡਾਰਨਾਂ ਦੇ ਟ੍ਰਾਇਲ ਸ਼ੁਰੂ ਸਪੋਰਟਸ ਸਕੂਲ ਵਿਚ ਦਾਖ਼ਲੇ ਲਈ 24 ਅਗਸਤ ਤੋਂ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ। ਪਹਿਲੇ ਪੜਾਅ ਵਿਚ ਅੰਡਰ-17 ਅਤੇ ਅੰਡਰ-19 ਉਮਰ ਵਰਗ ਦੀਆਂ ਉਭਰਦੀਆਂ ਮਹਿਲਾ ਖਿਡਾਰਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਟ੍ਰਾਇਲ ਐਥਲੈਟਿਕਸ, ਹਾਕੀ, ਕੁਸ਼ਤੀ, ਵੇਟਲਿਫਟਿੰਗ ਤੇ ਫੁੱਟਬਾਲ ਦੀਆਂ ਖੇਡਾਂ ਵਿਚ ਕਰਵਾਏ ਜਾ ਰਹੇ ਹਨ। ਇਸ ਨਾਲ ਪੇਂਡੂ ਖੇਤਰ ਦੀਆਂ ਉਨ੍ਹਾਂ ਲੜਕੀਆਂ ਨੂੰ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਹੈ, ਜਿਨ੍ਹਾਂ ਕੋਲ ਖੇਡ ਪ੍ਰਤਿਭਾ ਹੋਣ ਦੇ ਬਾਵਜੂਦ ਉੱਚ ਪੱਧਰੀ ਕੋਚਿੰਗ ਤੇ ਰਿਹਾਇਸ਼ ਦੀਆਂ ਸਹੂਲਤਾਂ ਉਪਲਬਧ ਨਹੀਂ ਹੁੰਦੀਆਂ। ਸੱਤ ਅਧਿਆਪਕ ਤੇ 14 ਕੋਚਾਂ ਦੀਆਂ ਅਸਾਮੀਆਂ ਮਨਜ਼ੂਰ ਅਧਿਕਾਰੀਆਂ ਅਨੁਸਾਰ ਪਹਿਲਾਂ ਸਕੂਲ ਦਾ ਸੰਚਾਲਨ ਸਿੱਖਿਆ ਵਿਭਾਗ ਰਾਹੀਂ ਕੀਤਾ ਜਾਂਦਾ ਸੀ ਤੇ ਕੋਚਾਂ ਤੇ ਹੋਰ ਸਟਾਫ਼ ਦੀਆਂ ਨਿਯੁਕਤੀਆਂ ਠੇਕੇ ਦੇ ਆਧਾਰ ’ਤੇ ਹੁੰਦੀਆਂ ਸਨ। ਸਕੂਲ ਵਿਚ ਸੱਤ ਅਧਿਆਪਕਾਂ ਤੇ 14 ਕੋਚਾਂ ਦੀਆਂ ਅਸਾਮੀਆਂ ਮਨਜ਼ੂਰ ਹਨ, ਪਰ ਮੌਜੂਦਾ ਸਮੇਂ ਸਿਰਫ਼ ਪੰਜ ਅਧਿਆਪਕ ਤੇ ਸੱਤ ਕੋਚ ਹੀ ਉਪਲਬਧ ਹਨ। ਸਕੂਲ ਦੇ ਪ੍ਰਿੰਸੀਪਲ ਵੀ ਸਿੱਖਿਆ ਵਿਭਾਗ ਤੋਂ ਡੈਪੂਟੇਸ਼ਨ ’ਤੇ ਸੇਵਾਵਾਂ ਨਿਭਾ ਰਹੇ ਹਨ। ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਖੇਡ ਸਿਖਲਾਈ ਲਈ ਲੋੜੀਂਦੇ ਕੋਚ, ਸਾਜ਼ੋ-ਸਾਮਾਨ ਤੇ ਹੋਰ ਸਰੋਤ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਇਸ ਨਾਲ ਖਿਡਾਰੀਆਂ ਦੀ ਸਿਖਲਾਈ ਦਾ ਪੱਧਰ ਉੱਚਾ ਚੁੱਕਣ ਵਿੱਚ ਮਦਦ ਮਿਲਣ ਦੀ ਉਮੀਦ ਹੈ। ਸਵਿਮਿੰਗ ਪੂਲ ਦਾ ਨਵੀਨੀਕਰਨ ਜਾਰੀ ਸਪੋਰਟਸ ਸਹੂਲਤਾਂ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਵਿਮਿੰਗ ਪੂਲ ਦਾ ਨਵੀਨੀਕਰਨ ਵੀ ਚੱਲ ਰਿਹਾ ਹੈ। ਉਮੀਦ ਹੈ ਕਿ ਅਗਲੇ ਵਿੱਦਿਅਕ ਸੈਸ਼ਨ ਤੋਂ ਵਿਦਿਆਰਥੀਆਂ ਲਈ ਵਾਟਰ ਸਪੋਰਟਸ ਵਿੱਚ ਦਾਖ਼ਲੇ ਦੀ ਸ਼ੁਰੂਆਤ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਪੜਾਅ ਵਿੱਚ ਸਰਕਾਰ ਵੱਲੋਂ ਪੰਜ ਹੋਰ ਖੇਡਾਂ ਨੂੰ ਵੀ ਸਕੂਲ ਵਿੱਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਤਿੰਨ ਕਰੋੜ ਰੁਪਏ ਨਾਲ ਚੱਲ ਰਿਹਾ ਨਵੀਨੀਕਰਨ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲ ’ਤੇ ਸਥਾਪਤ ਕੀਤਾ ਗਿਆ ਇਹ ਸਕੂਲ ਪੇਂਡੂ ਖੇਤਰ ਦੀਆਂ ਖੇਡ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ ਲਈ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇੱਥੇ ਛੇਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡ ਸਿਖਲਾਈ ਦਿੱਤੀ ਜਾਂਦੀ ਹੈ। ਸ਼ੁਰੂਆਤੀ ਦੌਰ ਵਿੱਚ ਇੱਥੇ 11 ਇਨਡੋਰ ਅਤੇ ਆਊਟਡੋਰ ਖੇਡਾਂ ਦੀ ਸਿਖਲਾਈ ਦਾ ਪ੍ਰਬੰਧ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ ਦੌਰਾਨ ਸੰਸਥਾਨ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਟਾਫ਼ ਨੂੰ ਸਮੇਂ ਸਿਰ ਤਨਖਾਹ ਦੇਣ, ਹੋਸਟਲ ਦੇ ਰੱਖ-ਰਖਾਅ, ਵਿਦਿਆਰਥੀਆਂ ਦੇ ਖਾਣੇ ਅਤੇ ਖੇਡ ਸਹੂਲਤਾਂ ’ਤੇ ਹੋਣ ਵਾਲੇ ਖਰਚੇ ਪੂਰੇ ਕਰਨਾ ਚੁਣੌਤੀ ਬਣਿਆ ਰਿਹਾ। ਸਾਲ 2010 ਵਿੱਚ ਸਕੂਲ ਲਈ 15 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਵੀ ਬਣਾਈ ਗਈ ਸੀ, ਜਿਸ ਤੋਂ ਹਰ ਤਿਮਾਹੀ ਕਰੀਬ 30 ਲੱਖ ਰੁਪਏ ਵਿਆਜ ਮਿਲਦਾ ਹੈ। ਅਧਿਕਾਰੀਆਂ ਅਨੁਸਾਰ ਇਹ ਰਕਮ ਸੰਸਥਾਨ ਦੇ ਕੁੱਲ ਖਰਚਿਆਂ ਲਈ ਕਾਫ਼ੀ ਨਹੀਂ ਸੀ। ਹੁਣ ਸਰਕਾਰ ਵੱਲੋਂ ਸਕੂਲ ਦੇ ਕਾਇਆਕਲਪ ਵੱਲ ਕਦਮ ਵਧਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ ’ਤੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀਐੱਸਆਰ) ਰਾਹੀਂ ਦੋ ਕਰੋੜ ਰੁਪਏ ਵੀ ਇਕੱਠੇ ਕੀਤੇ ਗਏ ਹਨ। ਇਸ ਰਕਮ ਦੀ ਵਰਤੋਂ ਹੋਸਟਲ ਅਤੇ ਖੇਡ ਢਾਂਚੇ ਦੇ ਰੱਖ-ਰਖਾਅ ਤੇ ਸੁਧਾਰ ਲਈ ਕੀਤੀ ਜਾ ਰਹੀ ਹੈ।