ਜਥੇਦਾਰ ਬਾਬਾ ਸ਼ੇਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਜਥੇਦਾਰ ਬਾਬਾ ਸ਼ੇਰ ਸਿੰਘ ਨਿਹੰਗ ਸਿੰਘ ਬੁੱਢਾ ਦਲ ਨਮਿਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ
Publish Date: Fri, 02 Oct 2026 06:00 PM (IST)
Updated Date: Fri, 02 Oct 2026 06:01 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨਿਹੰਗ ਸਿੰਘਾਂ ਦੇ ਹੈੱਡਕੁਆਰਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਦੇ ਸਾਬਕਾ ਹੈੱਡ ਗ੍ਰੰਥੀ ਬਾਬਾ ਸ਼ੇਰ ਸਿੰਘ ਨਿਹੰਗ ਸਿੰਘ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਬੁੱਢਾ ਦਲ ਛਾਉਣੀ ਵਿਖੇ ਕਰਵਾਇਆ ਗਿਆ। ਇਸ ਮੌਕੇ ਪਹਿਲਾਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਖੁੱਲ੍ਹਾ ਕੀਰਤਨ ਦਰਬਾਰ, ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ। ਸੰਤ ਬਾਬਾ ਅਵਤਾਰ ਸਿੰਘ ਬੁੰਗਾ ਮਸਤੂਆਣਾ ਸਾਹਿਬ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ, ਜਦਕਿ ਅਰਦਾਸ ਬੁੱਢਾ ਦਲ ਦੇ ਪ੍ਰਚਾਰਕ ਸਕੱਤਰ ਭਾਈ ਸੁਖਵਿੰਦਰ ਸਿੰਘ ਮੋਰ ਨੇ ਕੀਤੀ। ਪੰਥ ਬੁੱਢਾ ਦਲ ਵੱਲੋਂ ਬਾਬਾ ਸੁਰਜੀਤ ਸਿੰਘ ਮਹਿਰੋਂ, ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਅਤੇ ਸਾਬਕਾ ਮੈਨੇਜਰ ਭਾਈ ਭਰਪੂਰ ਸਿੰਘ ਨੇ ਬਾਬਾ ਸ਼ੇਰ ਸਿੰਘ ਦੇ ਜੀਵਨ ਅਤੇ ਸੇਵਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਪੰਥ ਬੁੱਢਾ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੁੰਗਾ ਮਸਤੂਆਣਾ ਸਾਹਿਬ ਅਤੇ ਹੋਰ ਨਿਹੰਗ ਸਿੰਘ ਦਲਾਂ ਵੱਲੋਂ ਬਾਬਾ ਸ਼ੇਰ ਸਿੰਘ ਦੇ ਸਪੁੱਤਰ ਭਾਈ ਮਾਨ ਸਿੰਘ ਲਿਖਾਰੀ ਬੁੱਢਾ ਦਲ ਦੀ ਦਸਤਾਰਬੰਦੀ ਕੀਤੀ ਗਈ। ਸਮਾਗਮ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਸੀ ਖੇਤਰ ਨਾਲ ਸਬੰਧਤ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ੋਕ ਸੰਦੇਸ਼ ਦਿੱਤੇ। ਇਸ ਮੌਕੇ ਬਲਜਿੰਦਰ ਕੌਰ, ਕਿਰਨਜੀਤ ਸਿੰਘ ਗਹਿਰੀ, ਦਿਲਪ੍ਰੀਤ ਸਿੰਘ ਜਟਾਣਾ, ਰਣਵੀਰ ਸਿੰਘ ਸਿੱਧੂ, ਹਰਮੋਹਿੰਦਰ ਸਿੰਘ, ਰਵੀਪ੍ਰੀਤ ਸਿੰਘ ਸਿੱਧੂ ਸਮੇਤ ਵੱਖ-ਵੱਖ ਆਗੂ, ਨਿਹੰਗ ਸਿੰਘ ਜਥੇਦਾਰ, ਧਾਰਮਿਕ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀ ਹਾਜ਼ਰ ਸਨ।