ਦੂਨ ਪਬਲਿਕ ਸਕੂਲ ’ਚ ਮਨਾਈ ਦੀਵਾਲੀ
ਦੂਨ ਪਬਲਿਕ ਸਕੂਲ ਕਲਿਆਣ ਸੁੱਖਾ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Publish Date: Fri, 06 Nov 2026 06:29 PM (IST)
Updated Date: Fri, 06 Nov 2026 06:29 PM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ ਨਥਾਣਾ : ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਲਿਆਣ ਸੁੱਖਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਦੀਵਾ ਸਜਾਵਟ, ਪੂਜਾ ਥਾਲੀ ਸਜਾਵਟ, ਤੋਰਨ ਬਣਾਉਣਾ, ਬਿਨਾਂ ਅੱਗ ਤੋਂ ਮਿਠਾਈਆਂ ਤਿਆਰ ਕਰਨਾ, ਬੇਕਾਰ ਵਸਤੂਆਂ ਤੋਂ ਉਪਯੋਗੀ ਚੀਜ਼ਾਂ ਬਣਾਉਣਾ ਸ਼ਾਮਲ ਸੀ। ਇਸ ਤੋਂ ਇਲਾਵਾ ਬੁਲੇਟਿਨ ਬੋਰਡ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਇਸੇ ਲੜੀ ਤਹਿਤ ਸੀਬੀਐੱਸਈ ਦੀ ਪਹਿਲਕਦਮੀ ਕੌਸ਼ਲ ਬੋਧ ਅਧੀਨ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੋਮਬੱਤੀਆਂ ਬਣਾਉਣ ਦੀ ਹੁਨਰ-ਆਧਾਰਿਤ ਵਰਕਸ਼ਾਪ ਲਗਾਈ ਗਈ। ਇਸ ਵਿੱਚ ਪ੍ਰਸਿੱਧ ਉਦਯੋਗਪਤੀ ਤੇ ਆਰਗੈਨਿਕ ਉਤਪਾਦਾਂ ਦੇ ਬ੍ਰਾਂਡ ਸ਼ਾਊਚਾਮ ਦੀ ਸੰਸਥਾਪਕ ਮੀਨੂ ਮਿੱਤਲ ਨੇ ਵਿਦਿਆਰਥੀਆਂ ਨੂੰ ਮੋਮਬੱਤੀਆਂ ਬਣਾਉਣ ਦੀ ਕਲਾ ਸਿਖਾਈ। ਮੈਨੇਜਿੰਗ ਡਾਇਰੈਕਟਰ ਕੁਲਦੀਪ ਕੌਰ ਤੇ ਡਾਇਰੈਕਟਰ-ਪ੍ਰਿੰਸੀਪਲ ਨੀਤੂ ਅਰੋੜਾ ਨੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਸੋਚ, ਵਿਹਾਰਕ ਹੁਨਰ ਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ।