ਡਿਪਟੀ ਡਾਇਰੈਕਟਰ ਨੇ ਖੇਤੀ ਮਾਹਿਰਾਂ ਸਮੇਤ ਨਰਮੇ ਦੀ ਫਸਲ ਦਾ ਲਿਆ ਜਾਇਜ਼ਾ ਡਿਪਟੀ ਡਾਇਰੈਕਟਰ ਨੇ ਖੇਤੀ ਮਾਹਿਰਾਂ ਸਮੇਤ ਨਰਮੇ ਦੀ ਫਸਲ ਦਾ ਲਿਆ ਜਾਇਜ਼ਾ
Publish Date: Tue, 28 Jul 2026 05:05 PM (IST)
Updated Date: Tue, 28 Jul 2026 05:07 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਜ਼ਿਲ੍ਹੇ ਵਿੱਚ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ, ਤੇਲੇ ਅਤੇ ਭੂਰੀ ਜੂੰ ਦੇ ਹਮਲੇ ਦੀਆਂ ਰਿਪੋਰਟਾਂ ਦਰਮਿਆਨ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਵਧਾਨ ਰਹਿਣ ਅਤੇ ਸਿਫ਼ਾਰਸ਼ੀ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਰਵੇਖਣ ਟੀਮ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ, ਸੰਗਤ ਕਲਾਂ ਅਤੇ ਪੱਕਾ ਕਲਾਂ ਦੇ ਨਰਮੇ ਦੇ ਖੇਤਾਂ ਦਾ ਦੌਰਾ ਕਰਕੇ ਫ਼ਸਲ ਦੀ ਸਥਿਤੀ ਦਾ ਜਾਇਜ਼ਾ ਲਿਆ। ਸਰਵੇਖਣ ਦੌਰਾਨ ਖੇਤੀ ਮਾਹਿਰਾਂ ਦੀ ਟੀਮ ਨੇ ਪਾਇਆ ਕਿ ਨਰਮੇ ਦੀ ਫ਼ਸਲ ਦੀ ਹਾਲਤ ਇਸ ਸਮੇਂ ਠੀਕ ਹੈ, ਪਰ ਮੌਜੂਦਾ ਮੌਸਮ ਰਸ ਚੂਸਕ ਕੀੜਿਆਂ ਦੇ ਵਾਧੇ ਲਈ ਅਨੁਕੂਲ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਿਤ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਚਿੱਟੀ ਮੱਖੀ ਜਾਂ ਤੇਲੇ ਦੀ ਗਿਣਤੀ ਆਰਥਿਕ ਕਗਾਰ ਤੋਂ ਵੱਧ ਪਾਈ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਨਿੰਮ ਆਧਾਰਿਤ ਦਵਾਈ ਦੀ ਸਪਰੇਅ ਨੂੰ ਤਰਜੀਹ ਦਿੱਤੀ ਜਾਵੇ। ਇਸ ਤੋਂ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ.) ਦੀਆਂ ਸਿਫ਼ਾਰਸ਼ਾਂ ਅਨੁਸਾਰ ਫਲੋਨੀਕਾਮਿਡ 50 ਡਬਲਿਊ.ਜੀ. 80 ਗ੍ਰਾਮ ਪ੍ਰਤੀ ਏਕੜ ਜਾਂ ਡਾਇਨੋਟੇਫੁਰਾਨ 20 ਐਸਜੀ. 60 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਖੇਤੀ ਮਾਹਿਰਾਂ ਨੇ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੇ ਬਾਲਗ ਅਤੇ ਨਿੰਫਾਂ ਦਾ ਹਮਲਾ ਵੱਧ ਪੱਧਰ ਤੇ ਹੋਵੇ ਤਾਂ 5 ਤੋਂ 7 ਦਿਨਾਂ ਦੇ ਅੰਤਰਾਲ ਨਾਲ ਅਫਿਡੋਪਾਇਰੋਪਿਨ 400 ਮਿਲੀਲੀਟਰ ਪ੍ਰਤੀ ਏਕੜ ਜਾਂ ਪਾਇਰੀਫਲੂਕੀਨਾਜੋਨ 200 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਇਸ ਤੋਂ ਬਾਅਦ ਪਾਈਰੀਪਰੋਕਸੀਫਿਨ 500 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਬਿਨਾਂ ਲੋੜ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਅਤੇ ਸਿਰਫ਼ ਸਿਫ਼ਾਰਸ਼ੀ ਦਵਾਈਆਂ ਦੀ ਹੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਭਾਰੀ ਬਾਰਸ਼ ਕਾਰਨ ਨਰਮੇ ਦੇ ਬੂਟੇ ਮੁਰਝਾਉਣ ਲੱਗਣ ਤਾਂ ਤੁਰੰਤ ਕੋਬਾਲਟ ਕਲੋਰਾਈਡ ਦੀ ਸਪਰੇਅ ਕੀਤੀ ਜਾਵੇ। ਇਹ ਦਵਾਈ ਸਬੰਧਤ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਰਮੇ ਦੀ ਫ਼ਸਲ ਇਸ ਵੇਲੇ ਫੁੱਲਾਂ ਦੀ ਅਵਸਥਾ ਵਿੱਚ ਹੈ, ਜਿਸ ਕਾਰਨ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਪੀਏਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਬਲੈਕਟ ਸਪਰੇਅ ਕਰਨਾ ਲਾਹੇਵੰਦ ਰਹੇਗਾ। ਮਾਹਿਰਾਂ ਨੇ ਦੱਸਿਆ ਕਿ ਜੇਕਰ ਫ਼ਸਲ ਵਿੱਚ ਮੈਗਨੀਸ਼ੀਅਮ ਦੀ ਘਾਟ ਦੇ ਲੱਛਣ ਨਜ਼ਰ ਆਉਣ ਤਾਂ ਮੈਗਨੀਸ਼ੀਅਮ ਸਲਫੇਟ ਇਕ ਕਿਲੋਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਤੇ ਆਪਣੇ ਨੇੜਲੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਤੁਰੰਤ ਸੰਪਰਕ ਕਰਨ। ਖੇਤੀਬਾੜੀ ਵਿਭਾਗ ਨੇ ਸਪੱਸ਼ਟ ਕੀਤਾ ਕਿ ਸਮੇਂ ਸਿਰ ਸਾਵਧਾਨੀ ਅਤੇ ਸਿਫ਼ਾਰਸ਼ੀ ਤਰੀਕਿਆਂ ਨੂੰ ਅਪਣਾਉਣ ਨਾਲ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ, ਤੇਲੇ, ਭੂਰੀ ਜੂੰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ।