- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਰਾਮਾਂ ਮੰਡੀ ਦੇ ਨਵਨਿਯੁਕਤ ਪ੍ਰਧਾਨ ਰੁਚਿਕਾ ਗੋਇਲ ਦੀ ਤਾਜਪੋਸ਼ੀ ਸ਼ਾਨਦਾਰ ਢੰਗ ਨਾਲ ਸੰਪੰਨ

ਪ੍ਰੋਫੈਸਰ ਬਲਜਿੰਦਰ ਕੌਰ ਨੇ ਨਵੀਂ ਟੀਮ ਨੂੰ ਦਿੱਤੀਆਂ ਵਧਾਈਆਂ, ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਦਾ ਦਿੱਤਾ ਭਰੋਸਾ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ,
ਤਲਵੰਡੀ ਸਾਬੋ/ਰਾਮਾਂ ਮੰਡੀ: ਸਥਾਨਕ ਨਗਰ ਕੌਂਸਲ ਦੇ ਨਵਨਿਯੁਕਤ ਪ੍ਰਧਾਨ ਰੁਚਿਕਾ ਗੋਇਲ ਪਤਨੀ ਬੰਟੀ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇਪਾਲ ਅਤੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੰਬਰਦਾਰ ਦੀ ਤਾਜਪੋਸ਼ੀ ਦਾ ਸਮਾਗਮ ਨਗਰ ਕੌਂਸਲ ਦਫ਼ਤਰ ਰਾਮਾਂ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਵਿਚ ਹਲਕਾ ਵਿਧਾਇਕਾ ਅਤੇ ਕੈਬਨਿਟ ਰੈਂਕ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਵਨਿਯੁਕਤ ਅਹੁਦੇਦਾਰਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਬਲਜਿੰਦਰ ਕੌਰ ਨੇ ਨਗਰ ਕੌਂਸਲ ਦੇ 15 ਵਾਰਡਾਂ ਵਿਚੋਂ 13 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਜਿਤਾਉਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੇ ਨਤੀਜੇ ਲੋਕਾਂ ਦੇ ਸਾਹਮਣੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੇ ਆਧਾਰ ’ਤੇ 2027 ਵਿਚ ਵੀ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੇਗੀ।
ਨਵਨਿਯੁਕਤ ਪ੍ਰਧਾਨ ਰੁਚਿਕਾ ਗੋਇਲ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਰਾਮਾਂ ਮੰਡੀ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਿਕਾਸ ਪੱਖੋਂ ਮਜ਼ਬੂਤ ਬਣਾਉਣ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ। ਸਮਾਗਮ ਵਿਚ ਬੰਟੀ ਗਰਗ, ਸਮੂਹ ਕੌਂਸਲਰ, ਨਗਰ ਕੌਂਸਲ ਸਟਾਫ਼, ਵਪਾਰੀ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।