ਜਨਤਾ ਨਗਰ 'ਚ ਫਾਟਕ ਨੇੜਿਓਂ ਮਿਲੀ ਗਲੀ-ਸੜੀ ਲਾਸ਼, ਸੰਗਰੂਰ ਦੇ ਨੌਜਵਾਨ ਵਜੋਂ ਹੋਈ ਪਛਾਣ, ਇਲਾਕੇ 'ਚ ਫੈਲੀ ਸਨਸਨੀ
ਜਨਤਾ ਨਗਰ ਅਬੋਹਰ ਰੇਲਵੇ ਫਾਟਕ ਦੇ ਨੇੜੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਇਕ ਨੌਵਜਾਨ ਦੀ ਗਲੀ ਸੜੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਬਠਿੰਡਾ ’ਚ ਕਿਸੇ ਫੈਕਟਰੀ ’ਚ ਨੌਕਰੀ ਲਈ ਇੰਟਰਵਿਊ ਦੇਣ ਲਈ ਆਇਆ ਸੀ। ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਬਾਅਦ ਸਾਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਜੱਗਾ, ਟੇਕਚੰਦ, ਰਾਜਿੰਦਰ ਕੁਮਾਰ ਅਤੇ ਸੰਦੀਪ ਗਿੱਲ ਆਪਣੀ ਐਂਬੁਲੈਂਸ ਨਾਲ ਤੁਰੰਤ ਘਟਨਾ ਸਥਨਾਂ ’ਤੇ ਪਹੁੰਚੇ।
Publish Date: Fri, 05 Jun 2026 04:56 PM (IST)
Updated Date: Fri, 05 Jun 2026 04:58 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ। ਜਨਤਾ ਨਗਰ ਅਬੋਹਰ ਰੇਲਵੇ ਫਾਟਕ ਦੇ ਨੇੜੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਇਕ ਨੌਵਜਾਨ ਦੀ ਗਲੀ ਸੜੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਬਠਿੰਡਾ ’ਚ ਕਿਸੇ ਫੈਕਟਰੀ ’ਚ ਨੌਕਰੀ ਲਈ ਇੰਟਰਵਿਊ ਦੇਣ ਲਈ ਆਇਆ ਸੀ। ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਬਾਅਦ ਸਾਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਜੱਗਾ, ਟੇਕਚੰਦ, ਰਾਜਿੰਦਰ ਕੁਮਾਰ ਅਤੇ ਸੰਦੀਪ ਗਿੱਲ ਆਪਣੀ ਐਂਬੁਲੈਂਸ ਨਾਲ ਤੁਰੰਤ ਘਟਨਾ ਸਥਨਾਂ ’ਤੇ ਪਹੁੰਚੇ।
ਸਾਹਾਰਾ ਟੀਮ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਕੈਨਾਲ ਪੁਲਿਸ ਨੂੰ ਦਿੱਤੀ। ਥਾਣਾ ਕੈਨਾਲ ਦੇ ਐੱਸ.ਐੱਚ.ਓ. ਇੰਸਪੈਕਟਰ ਹਰਜੋਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਜਾਂਚ ਦੇ ਦੌਰਾਨ ਪੁਲਿਸ ਨੇ ਦੱਸਿਆ ਕਿ ਇਹ ਸਥਾਨ ਉਨ੍ਹਾਂ ਦੇ ਸੀਮਾ ਖੇਤਰ ਵਿੱਚ ਨਹੀਂ ਆਉਂਦਾ, ਇਸ ਲਈ ਮਾਮਲਾ ਥਾਣਾ ਜੀ.ਆਰ.ਪੀ. ਦੇ ਸੀਮਾ ਖੇਤਰ ਵਿੱਚ ਆਉਂਦਾ ਹੈ।
ਇਸ ਸੂਚਨਾ ਦੇ ਬਾਅਦ ਸਾਹਾਰਾ ਟੀਮ ਨੇ ਥਾਣਾ ਜੀ.ਆਰ.ਪੀ. ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਏ.ਐੱਸ.ਆਈ. ਗੁਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਲਾਸ਼ ਦੇ ਨੇੜੇ ਇੱਕ ਫੱਟਿਆ ਹੋਇਆ ਬੈਗ ਵੀ ਪਿਆ ਸੀ, ਜਿਸ ’ਚੋਂ ਕੁਝ ਦਸਤਾਵੇਜ਼ ਬਾਹਰ ਨਿਕਲੇ ਹੋਏ ਸਨ। ਦਸਤਾਵੇਜ਼ਾਂ ਦੇ ਆਧਾਰ ’ਤੇ ਸਾਹਾਰਾ ਟੀਮ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਕੀਤੀ।
ਉਸਦਾ ਨਾਮ ਕਮਲਜੀਤ ਸਿੰਘ (22) ਪੁੱਤਰ ਮੇਘਨਾਥ ਵਾਸੀ ਪਿੰਡ ਚੋਟੀਆਂ ਜ਼ਿਲ੍ਹਾ ਸੰਗਰੂਰ ਹੈ। ਸੂਤਰਾਂ ਦੇ ਅਨੁਸਾਰ ਕਮਲਜੀਤ 30 ਮਈ ਨੂੰ ਮਲੋਟ ਰੋਡ ’ਤੇ ਅੰਬੂਜਾ ਸੀਮੈਂਟ ਫੈਕਟਰੀ ’ਚ ਇੰਟਰਵਿਊ ਦੇਣ ਆਇਆ ਸੀ ਅਤੇ ਉਸ ਤੋਂ ਬਾਅਦ ਘਰ ਨਹੀਂ ਪੁੱਜਿਆ। ਲਾਸ਼ ਲਗਪਗ ਛੇ ਦਿਨ ਪੁਰਾਣੀ ਲੱਗ ਰਹੀ ਹੈ।
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਕਮਲਜੀਤ ਦੀ ਗੁਮਸ਼ੁਦਗੀ ਦੀ ਰਿਪੋਰਟ ਪਹਿਲਾਂ ਹੀ ਥਾਣਾ ਥਰਮਲ ’ਚ ਦਰਜ ਕਰਵਾਈ ਗਈ ਸੀ। ਮ੍ਰਿਤਕ ਨੌਜਵਾਨ ਪਹਿਲਾਂ ਨਸ਼ੇ ਕਰਦਾ ਸੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਜਨਤਾ ਨਗਰ ਕਿਵੇਂ ਪਹੁੰਚਿਆ। ਸਾਹਾਰਾ ਜਨ ਸੇਵਾ ਟੀਮ ਦੇ ਸੰਦੀਪ ਸਿੰਘ ਗਿੱਲ ਨੇ ਐਂਬੁਲੈਂਸ ਰਾਹੀਂ ਲਾਸ਼ ਨੂੰ ਹਸਪਤਾਲ ਮੋਰਚਰੀ ਭੇਜਿਆ। ਜੀ.ਆਰ.ਪੀ. ਦੇ ਏ.ਐੱਸ.ਆਈ. ਗੁਰਪਾਲ ਸਿੰਘ ਦੀ ਹਾਜ਼ਰੀ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਬਾਅਦ ਵਿੱਚ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।
ਡਾਕਟਰਾਂ ਨੇ ਲਾਸ਼ ਦਾ ਬਿਸਰਾ ਖੋਲ੍ਹ ਕੇ ਜਾਂਚ ਲਈ ਭੇਜ ਦਿੱਤਾ ਹੈ। ਏ.ਐੱਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਬਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਦੇ ਸਹੀ ਕਾਰਨ ਦਾ ਪਤਾ ਲੱਗ ਸਕੇਗਾ। ਇਸ ਮਾਮਲੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਪਰਿਵਾਰਕ ਅਤੇ ਸਥਾਨਕ ਸੂਤਰਾਂ ਤੋਂ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।