ਤੀਆਂ ਪੰਜਾਬੀ ਸੱਭਿਆਚਾਰ ਦਾ ਅਨਮੋਲ ਹਿੱਸਾ : ਮਨਜਿੰਦਰ ਕੌਰ ਭੱਲਾ ਤੀਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦਾ ਅਨਮੋਲ ਹਿੱਸਾ : ਮਨਜਿੰਦਰ ਕੌਰ ਭੱਲਾ
Publish Date: Wed, 19 Aug 2026 04:35 PM (IST)
Updated Date: Wed, 19 Aug 2026 04:36 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਪਿੰਡ ਅਕਲੀਆ ਜਲਾਲ ਵਿਖੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਪਤਨੀ ਸ੍ਰੀਮਤੀ ਮਨਜਿੰਦਰ ਕੌਰ ਭੱਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਅਤੇ ਰਵਾਇਤੀ ਤੀਆਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਕੌਰ ਭੱਲਾ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਦਾ ਅਨਿੱਖੜਵਾਂ ਅੰਗ ਹਨ। ਪੰਜਾਬ ਦੀ ਧਰਤੀ ’ਤੇ ਤੀਆਂ ਦਾ ਤਿਉਹਾਰ ਭੈਣਾਂ ਅਤੇ ਧੀਆਂ ਲਈ ਖੁਸ਼ੀਆਂ, ਮਿਲਾਪ ਅਤੇ ਆਪਸੀ ਸਾਂਝ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਕਾਰਨ ਪੰਜਾਬੀ ਸਮਾਜ ਦੀਆਂ ਕਈ ਪੁਰਾਤਨ ਰਵਾਇਤਾਂ ਪ੍ਰਭਾਵਿਤ ਹੋਈਆਂ ਹਨ, ਪਰ ਪੰਜਾਬ ਦੀਆਂ ਧੀਆਂ ਅਤੇ ਭੈਣਾਂ ਆਪਣੇ ਵਿਰਸੇ ਨੂੰ ਸੰਭਾਲਣ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਤੀਆਂ ਵਰਗੇ ਸਮਾਗਮ ਲੋਕ ਰਵਾਇਤਾਂ, ਲੋਕ ਗੀਤਾਂ, ਬੋਲੀਆਂ, ਗਿੱਧੇ ਅਤੇ ਪੰਜਾਬੀ ਪਹਿਰਾਵੇ ਦੀ ਝਲਕ ਪੇਸ਼ ਕਰਦਿਆਂ ਔਰਤਾਂ ਨੂੰ ਆਪਸੀ ਮਿਲਵਰਤਣ ਦਾ ਮੌਕਾ ਵੀ ਦਿੰਦੇ ਹਨ। ਮਨਜਿੰਦਰ ਕੌਰ ਭੱਲਾ ਨੇ ਪ੍ਰਬੰਧਕਾਂ ਨੂੰ ਤੀਆਂ ਦਾ ਸੁਚੱਜਾ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭੱਲਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ ਰਾਮਪੁਰਾ ਫੂਲ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੇਗਾ ਅਤੇ ਲੋਕਾਂ ਦੀਆਂ ਖੁਸ਼ੀਆਂ-ਦੁੱਖਾਂ ਵਿੱਚ ਸ਼ਾਮਲ ਹੋਣਾ ਆਪਣਾ ਫਰਜ਼ ਸਮਝਦਾ ਹੈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਲੜਕੀਆਂ ਨੇ ਸ਼ਮੂਲੀਅਤ ਕੀਤੀ। ਹਾਜ਼ਰ ਔਰਤਾਂ ਨੇ ਅਜਿਹੇ ਸਮਾਗਮਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਲਈ ਸਮੇਂ ਦੀ ਲੋੜ ਦੱਸਿਆ। ਇਸ ਮੌਕੇ ਧਰਮਿੰਦਰ ਸਿੰਘ ਭਿੰਦਾ, ਕੁਸ਼ਪ੍ਰੀਤ ਸਿੰਘ ਭੱਠਲ, ਸਾਬਕਾ ਸਰਪੰਚ ਜਗਦੇਵ ਸਿੰਘ, ਮੱਖਣ ਸਿੰਘ, ਹਰਬੰਸ ਸਿੰਘ, ਕਰਤਾਰ ਸਿੰਘ ਅਤੇ ਮਨਜੀਤ ਕੌਰ ਜੀਤੀ ਸਮੇਤ ਕਈ ਪਤਵੰਤੇ ਹਾਜ਼ਰ ਸਨ।