ਸੇਂਟ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਵਿਚ ਉਤਸਾਹ ਨਾਲ ਮਨਾਇਆ ਤੀਜ ਉਤਸਵ ਸੇਂਟ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਵਿਚ ਉਤਸਾਹ ਨਾਲ ਮਨਾਇਆ ਤੀਜ ਉਤਸਵ
Publish Date: Mon, 31 Aug 2026 04:30 PM (IST)
Updated Date: Mon, 31 Aug 2026 04:31 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸੇਂਟ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਤੀਜ ਉਤਸਵ ਰਵਾਇਤੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਸਮਾਗਮ ਦੀ ਅਗਵਾਈ ਸੰਸਥਾ ਦੀ ਡਾਇਰੈਕਟਰ ਡਾ. ਸਪਨਾ ਪਰੂਥੀ ਨੇ ਕੀਤੀ। ਇਸ ਮੌਕੇ ਕਾਲਜ ਦੀ ਮਹਿਲਾ ਫੈਕਲਟੀ, ਸਟਾਫ ਅਤੇ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਭਾਗ ਲਿਆ ਤੇ ਪੂਰੇ ਕੈਂਪਸ ਵਿਚ ਖੁਸ਼ੀਆਂ ਤੇ ਉਮੰਗ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਦੌਰਾਨ ਰਵਾਇਤੀ ਝੂਲੇ, ਨਾਚ, ਗਿੱਧਾ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਮਹਿਲਾ ਸਟਾਫ ਅਤੇ ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਸਜ-ਧਜ ਕੇ ਸਮਾਗਮ ਦਾ ਆਨੰਦ ਮਾਣਿਆ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਝੂਲਿਆਂ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਵਿਸ਼ੇਸ਼ ਖਿੱਚ ਪੈਦਾ ਕੀਤੀ। ਮਹਿਲਾ ਸਟਾਫ ਨੇ ਪੰਜਾਬੀ ਲੋਕ ਗੀਤਾਂ ’ਤੇ ਨਾਚ ਅਤੇ ਗਿੱਧਾ ਪੇਸ਼ ਕਰਕੇ ਮਾਹੌਲ ਨੂੰ ਹੋਰ ਵੀ ਜੀਵੰਤ ਬਣਾ ਦਿੱਤਾ। ਡਾਇਰੈਕਟਰ ਡਾ. ਸਪਨਾ ਪਰੂਥੀ ਨੇ ਕਿਹਾ ਕਿ ਤੀਜ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਪਰੰਪਰਾਵਾਂ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਅਜਿਹੇ ਸਮਾਗਮ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਕਾਰਜਸਥਲ ’ਤੇ ਸਕਾਰਾਤਮਕ ਅਤੇ ਖੁਸ਼ਨੁਮਾ ਮਾਹੌਲ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਨੂੰ ਸਫਲ ਬਣਾਉਣ ਵਿਚ ਡਾ. ਪਲਕ, ਡਾ. ਨਿਧੀ, ਡਾ. ਅਰਪਣਾ, ਡਾ. ਸਾਕਸ਼ੀ ਅਤੇ ਡਾ. ਸੁਦੀਪ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੇ ਸਹਿਯੋਗ ਅਤੇ ਯਤਨਾਂ ਨਾਲ ਸਮਾਗਮ ਨੂੰ ਸ਼ਾਨਦਾਰ ਰੂਪ ਮਿਲਿਆ।