ਇਮਾਰਤ ਢਾਹੁਣ ਪਹੁੰਚੀ ਟੀਮ ਨੂੰ ਬੇਰੰਗ ਮੋੜਿਆ, ਕੌਂਸਲਰ ਨੇ ਜੇਸੀਬੀ ਅੱਗੇ ਲਾਇਆ ਧਰਨਾ ਇਮਾਰਤ ਢਾਹੁਣ ਪਹੁੰਚੀ ਟੀਮ ਨੂੰ ਬੇਰੰਗ ਮੋੜਿਆ, ਕੌਂਸਲਰ ਨੇ ਜੇਸੀਬੀ ਅੱਗੇ ਲਾਇਆ ਧਰਨਾ
Publish Date: Fri, 20 Nov 2026 05:37 PM (IST)
Updated Date: Fri, 20 Nov 2026 05:40 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਦੇ ਸਿਰਕੀ ਬਾਜ਼ਾਰ ਵਿੱਚ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਇੱਕ ਉਸਾਰੀ ਅਧੀਨ ਇਮਾਰਤ ਖ਼ਿਲਾਫ਼ ਕਾਰਵਾਈ ਕਰਨ ਲਈ ਜੇਸੀਬੀ ਮਸ਼ੀਨ ਲੈ ਕੇ ਪਹੁੰਚ ਗਈ। ਨਿਗਮ ਦੀ ਟੀਮ ਵੱਲੋਂ ਇਮਾਰਤ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦਿਆਂ ਹੀ ਇਮਾਰਤ ਮਾਲਕ ਅਤੇ ਆਸ-ਪਾਸ ਦੇ ਦੁਕਾਨਦਾਰ ਮੌਕੇ ’ਤੇ ਇਕੱਠੇ ਹੋ ਗਏ ਅਤੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਮਲਾ ਵਧਦਾ ਦੇਖ ਕਾਂਗਰਸੀ ਕੌਂਸਲਰ ਸੰਦੀਪ ਕੁਮਾਰ ਬੌਬੀ ਅਤੇ ਕਾਂਗਰਸੀ ਆਗੂ ਸੋਨੂੰ ਸੈਣੀ ਵੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਕੌਂਸਲਰ ਸੰਦੀਪ ਕੁਮਾਰ ਬੌਬੀ ਨੇ ਜੇਸੀਬੀ ਮਸ਼ੀਨ ਦੇ ਅੱਗੇ ਬੈਠ ਕੇ ਨਗਰ ਨਿਗਮ ਦੀ ਕਾਰਵਾਈ ਰੋਕ ਦਿੱਤੀ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਕੀਮਤ ’ਤੇ ਇਮਾਰਤ ਨੂੰ ਢਾਹੁਣ ਨਹੀਂ ਦਿੱਤਾ ਜਾਵੇਗਾ। ਦੂਜੇ ਪਾਸੇ ਦੁਕਾਨਦਾਰਾਂ ਨੇ ਵੀ ਕੌਂਸਲਰ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਵਿਰੋਧ ਵਜੋਂ ਬਾਜ਼ਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਸ ਕਾਰਨ ਮੌਕੇ ’ਤੇ ਕਾਫ਼ੀ ਦੇਰ ਤੱਕ ਤਣਾਅਪੂਰਨ ਸਥਿਤੀ ਬਣੀ ਰਹੀ। ਕਾਂਗਰਸੀ ਕੌਂਸਲਰ ਸੰਦੀਪ ਬੌਬੀ ਨੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਸਮੇਤ ਹੋਰ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ਹਿਰ ਵਿੱਚ ਇਮਾਰਤਾਂ ਦੇ ਨਕਸ਼ੇ ਪਾਸ ਕਰਵਾਉਣ ਦੇ ਨਾਂ ’ਤੇ ਕਥਿਤ ਤੌਰ ’ਤੇ ਲੱਖਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਦੇ ਹਨ ਅਤੇ ਨਿਯਮਾਂ ਦੀ ਆੜ ਵਿੱਚ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਹਾਲਾਂਕਿ ਕੌਂਸਲਰ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਇਮਾਰਤ ਮਾਲਕ ਨੇ ਦੱਸਿਆ ਕਿ ਉਸ ਨੇ ਇਮਾਰਤ ਦਾ ਨਕਸ਼ਾ ਨਗਰ ਨਿਗਮ ਤੋਂ ਮਨਜ਼ੂਰ ਕਰਵਾਇਆ ਸੀ ਅਤੇ ਇਸ ਲਈ ਨਿਰਧਾਰਤ ਸਰਕਾਰੀ ਫੀਸ ਵੀ ਜਮ੍ਹਾਂ ਕਰਵਾਈ ਸੀ। ਉਸ ਦਾ ਕਹਿਣਾ ਸੀ ਕਿ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਮਾਲਕ ਨੇ ਦੋਸ਼ ਲਾਇਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਅਚਾਨਕ ਜੇਸੀਬੀ ਮਸ਼ੀਨ ਲੈ ਕੇ ਇਮਾਰਤ ਢਾਹੁਣ ਲਈ ਪਹੁੰਚ ਗਏ। ਉਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਨਿਯਮਾਂ ਅਨੁਸਾਰ ਨੋਟਿਸ ਦੇ ਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। -- ਜੇਸੀਬੀ ਅੱਗੇ ਬੈਠੇ ਕੌਂਸਲਰ, ਬਿਨਾਂ ਕਾਰਵਾਈ ਕੀਤੇ ਪਰਤੀ ਟੀਮ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕੌਂਸਲਰ ਸੰਦੀਪ ਬੌਬੀ ਜੇਸੀਬੀ ਮਸ਼ੀਨ ਦੇ ਅੱਗੇ ਬੈਠ ਗਏ। ਇਸ ਦੌਰਾਨ ਦੁਕਾਨਦਾਰਾਂ ਨੇ ਵੀ ਨਗਰ ਨਿਗਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵਿਰੋਧ ਵਜੋਂ ਬਾਜ਼ਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਮੌਕੇ ’ਤੇ ਵਧਦੇ ਵਿਰੋਧ ਨੂੰ ਦੇਖਦਿਆਂ ਨਿਗਮ ਅਧਿਕਾਰੀਆਂ ਨੇ ਕੌਂਸਲਰ ਅਤੇ ਦੁਕਾਨਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਦੇਰ ਤੱਕ ਚੱਲੇ ਹੰਗਾਮੇ ਤੋਂ ਬਾਅਦ ਨਗਰ ਨਿਗਮ ਦੀ ਟੀਮ ਬਿਨਾਂ ਕੋਈ ਤੋੜਫੋੜ ਕੀਤੇ ਵਾਪਸ ਪਰਤ ਗਈ। -- ਮਨਜ਼ੂਰਸ਼ੁਦਾ ਨਕਸ਼ੇ ਤੋਂ ਵੱਧ ਉਸਾਰੀ ਕਰਨ ਦਾ ਦੋਸ਼ : ਏਟੀਪੀ ਇਸ ਮਾਮਲੇ ਸਬੰਧੀ ਨਗਰ ਨਿਗਮ ਦੇ ਸਹਾਇਕ ਟਾਊਨ ਪਲਾਨਰ (ਏਟੀਪੀ) ਦਵਿੰਦਰਪਾਲ ਸ਼ਰਮਾ ਨੇ ਕਿਹਾ ਕਿ ਸਬੰਧਤ ਇਮਾਰਤ ਦਾ ਨਕਸ਼ਾ ਪਾਸ ਹੋਣ ਦੇ ਬਾਵਜੂਦ ਮਾਲਕ ਵੱਲੋਂ ਮਨਜ਼ੂਰਸ਼ੁਦਾ ਨਕਸ਼ੇ ਤੋਂ ਵੱਧ ਉਸਾਰੀ ਕੀਤੀ ਗਈ ਹੈ। ਇਸੇ ਕਾਰਨ ਬਿਲਡਿੰਗ ਬ੍ਰਾਂਚ ਦੀ ਟੀਮ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਪਹੁੰਚੀ ਸੀ। ਉਨ੍ਹਾਂ ਅਧਿਕਾਰੀਆਂ ’ਤੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਨਿਗਮ ਦੀ ਟੀਮ ਨਿਯਮਾਂ ਮੁਤਾਬਕ ਹੀ ਕੰਮ ਕਰ ਰਹੀ ਸੀ। ਏਟੀਪੀ ਨੇ ਕਿਹਾ ਕਿ ਜਦੋਂ ਵੀ ਕਿਸੇ ਇਮਾਰਤ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਅਧਿਕਾਰੀਆਂ ’ਤੇ ਪੈਸੇ ਮੰਗਣ ਵਰਗੇ ਦੋਸ਼ ਲਗਾਉਣ ਲੱਗ ਜਾਂਦਾ ਹੈ, ਜਦਕਿ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਵਰਗੀ ਕੋਈ ਗੱਲ ਨਹੀਂ ਹੈ। ਫਿਲਹਾਲ ਦੁਕਾਨਦਾਰਾਂ ਅਤੇ ਕੌਂਸਲਰ ਦੇ ਵਿਰੋਧ ਕਾਰਨ ਨਗਰ ਨਿਗਮ ਦੀ ਕਾਰਵਾਈ ਟਲ ਗਈ ਹੈ।