ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਅਧਿਆਪਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਧਰਨਾ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਅਧਿਆਪਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਧਰਨਾ
Publish Date: Thu, 20 Aug 2026 06:10 PM (IST)
Updated Date: Fri, 21 Aug 2026 04:04 AM (IST)
* ਤਰੱਕੀਆਂ ’ਚ ਬੇਵਜ੍ਹਾ ਰੁਕਾਵਟਾਂ ਪਾਉਣ ਤੇ ਸੀਨੀਆਰਤਾ ਘਟਾਉਣ ਦੇ ਲਗਾਏ ਦੋਸ਼ ਫੋਟੋ : 36 ਕੈਪ਼ਸਨ : ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਖ਼ਿਲਾਫ਼ ਰੋਸ ਧਰਨਾ ਦਿੰਦੇ ਹੋਏ ਅਧਿਆਪਕ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਅਧਿਆਪਕਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਸਵੇਰੇ 11.30 ਤੋਂ ਦੁਪਹਿਰ 1 ਵਜੇ ਤੱਕ ਦਿੱਤੇ ਇਸ ਧਰਨੇ ਦੌਰਾਨ ਅਧਿਆਪਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਅਧਿਆਪਕਾਂ ਦੀਆਂ ਤਰੱਕੀਆਂ ’ਚ ਬੇਵਜ੍ਹਾ ਰੁਕਾਵਟਾਂ ਪੈਦਾ ਕਰਨ ਦੇ ਦੋਸ਼ ਲਗਾਉਂਦਿਆਂ ਰੋਸ ਜ਼ਾਹਰ ਕੀਤਾ। ਅਧਿਆਪਕਾਂ ਨੇ ਦੱਸਿਆ ਕਿ ਇਹ ਧਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਸੱਦੇ ’ਤੇ ਦਿੱਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਯੂਜੀਸੀ ਵੱਲੋਂ ਨਿਰਧਾਰਤ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਸ ਕਾਰਨ ਅਧਿਆਪਕਾਂ ਨੂੰ ਤਰੱਕੀਆਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕਾਂ ਅਨੁਸਾਰ ਇਨ੍ਹਾਂ ਨਿਯਮਾਂ ਕਾਰਨ ਬਿਨਾਂ ਕਿਸੇ ਕਸੂਰ ਦੇ ਉਨ੍ਹਾਂ ਦੀ ਸੀਨੀਆਰਤਾ ਵਿਚ ਕਈ ਸਾਲਾਂ ਦੀ ਕਟੌਤੀ ਕੀਤੀ ਜਾ ਰਹੀ ਹੈ ਅਤੇ ਕੁਝ ਮਾਮਲਿਆਂ ਵਿਚ ਸੀਨੀਆਰਤਾ ਦੇ ਪੰਜ ਸਾਲ ਤੱਕ ਘਟਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਧਿਆਪਕਾਂ ਦੇ ਕਰੀਅਰ ਅਤੇ ਤਰੱਕੀ ਦੇ ਮੌਕਿਆਂ ’ਤੇ ਸਿੱਧਾ ਪ੍ਰਭਾਵ ਪੈ ਰਿਹਾ ਹੈ। ਇਹ ਧਰਨਾ ਤਲਵੰਡੀ ਸਾਬੋ ਕੈਂਪਸ ਦੇ ਪੂਟਾ ਮੈਂਬਰ ਡਾ. ਜਗਤਾਰ ਸਿੰਘ ਅਤੇ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਸੀਨੀਅਰ ਪ੍ਰੋਫੈਸਰ ਡਾ. ਹਜੂਰ ਸਿੰਘ ਤੋਂ ਇਲਾਵਾ ਡਾ. ਲਖਵੀਰ ਸਿੰਘ, ਡਾ. ਕੈਂਡੀ ਗੋਇਲ, ਡਾ. ਮਨੋਜ ਕੁਮਾਰ, ਡਾ. ਸੰਜੀਵ ਮਹਿਤਾ, ਡਾ. ਸੰਦੀਪ ਰਾਣਾ, ਡਾ. ਸੁਨੀਤਾ ਰਾਣੀ, ਡਾ. ਸੁਮੀਤ ਕੌਰ, ਡਾ. ਬਲਜਿੰਦਰ ਕੌਰ, ਡਾ. ਭਾਵਨਾ ਸ਼ਰਮਾ, ਡਾ. ਸ਼ਰੂਤੀ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਰਹੇ। ਅਧਿਆਪਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਰੱਕੀਆਂ ਅਤੇ ਸੀਨੀਆਰਤਾ ਨਾਲ ਸਬੰਧਤ ਮਾਮਲਿਆਂ ਨੂੰ ਯੂਜੀਸੀ ਦੇ ਨਿਯਮਾਂ ਅਨੁਸਾਰ ਹੱਲ ਕੀਤਾ ਜਾਵੇ ਅਤੇ ਅਧਿਆਪਕਾਂ ਨਾਲ ਹੋ ਰਹੇ ਕਥਿਤ ਵਿਤਕਰੇ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਢੁੱਕਵਾਂ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ।