ਅਧਿਆਪਕ ਦਿਵਸ ’ਤੇ ਵਿਸ਼ੇਸ਼ : ਸਮਾਜ ਦਾ ਸਿਰਜਣਹਾਰ ਹੈ ਅਧਿਆਪਕ ਅਧਿਆਪਕ ਦਿਵਸ: ਗਿਆਨ ਦੇ ਚਾਨਣ ਵੰਡਣ ਵਾਲੇ ਅਧਿਆਪਕਾਂ ਦੇ ਵਿਚਾਰ
Publish Date: Fri, 04 Sep 2026 04:43 PM (IST)
Updated Date: Fri, 04 Sep 2026 04:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਗੋਨਿਆਣਾ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੀ ਭੂਮਿਕਾ, ਸਿੱਖਿਆ ਦੇ ਬਦਲਦੇ ਸਰੂਪ ਅਤੇ ਵਿਦਿਆਰਥੀਆਂ ਦੇ ਭਵਿੱਖ ਸਬੰਧੀ ਉਨ੍ਹਾਂ ਦੇ ਵਿਚਾਰ ਜਾਣਨ ਲਈ ਵੱਖ ਵੱਖ ਅਧਿਆਪਕਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਵਿਦਿਆਰਥੀਆਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਕਰਦੇ ਹਨ। ਅੱਜ ਦੇ ਡਿਜੀਟਲ ਯੁੱਗ ਵਿਚ ਅਧਿਆਪਕਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਇਸ ਮੌਕੇ ਅਸੀਂ ਜਾਣਿਆ ਕਿ ਅਧਿਆਪਕ ਆਪਣੇ ਕਿੱਤੇ ਨੂੰ ਕਿਸ ਤਰ੍ਹਾਂ ਦੇਖਦੇ ਹਨ ਤੇ ਉਨ੍ਹਾਂ ਲਈ ਇਕ ਚੰਗੇ ਅਧਿਆਪਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਹੈ। ਕੋਟ ਅਧਿਆਪਕ ਹੋਣਾ ਮੇਰੇ ਲਈ ਸਿਰਫ਼ ਇਕ ਪੇਸ਼ਾ ਨਹੀਂ, ਬਲਕਿ ਇਕ ਮਾਣ ਤੇ ਜ਼ਿੰਮੇਵਾਰੀ ਹੈ। ਅੰਗਰੇਜ਼ੀ ਲੈਕਚਰਾਰ ਵਜੋਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੀਆਂ ਵਿਦਿਆਰਥਣਾਂ ਨੂੰ ਸਿਰਫ਼ ਅੰਗਰੇਜ਼ੀ ਨਾ ਸਿਖਾਵਾਂ, ਸਗੋਂ ਉਨ੍ਹਾਂ ’ਚ ਆਤਮ-ਵਿਸ਼ਵਾਸ, ਸੰਚਾਰ-ਕੁਸ਼ਲਤਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਹੌਸਲਾ ਪੈਦਾ ਕਰਾਂ। ਮੈਂ ਮੰਨਦੀ ਹਾਂ ਕਿ ਹਰ ਵਿਦਿਆਰਥਣ ਵਿਲੱਖਣ ਹੈ ਅਤੇ ਉਸ ਨੂੰ ਨਿੱਜੀ ਧਿਆਨ, ਸਹੀ ਮਾਰਗਦਰਸ਼ਨ ਅਤੇ ਹੌਸਲਾ-ਅਫ਼ਜ਼ਾਈ ਦੀ ਲੋੜ ਹੁੰਦੀ ਹੈ। ਅੱਜ ਮੈਂ ਅਧਿਆਪਕ ਦਿਵਸ ਤੇ ਮੌਕੇ ਤੇ ਆਪਣੇ ਉਹਨਾਂ ਸਾਰੇ ਸਤਿਕਾਰਯੋਗ ਅਧਿਆਪਕਾਂ ਨੂੰ ਦਿਲੋਂ ਸਲਾਮ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ। ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਜਿਸ ਸਕੂਲ ਵਿਚ ਮੈਂ ਖੁਦ ਵਿਦਿਆਰਥਣ ਬਣ ਕੇ ਪੜ੍ਹੀ, ਅੱਜ ਉਸੇ ਸਕੂਲ ਵਿਚ ਅੰਗਰੇਜ਼ੀ ਲੈਕਚਰਾਰ ਬਣ ਕੇ ਆਪਣੀਆਂ ਵਿਦਿਆਰਥਣਾਂ ਨੂੰ ਪੜ੍ਹਾ ਰਹੀ ਹਾਂ। ਇਹ ਮੇਰੇ ਲਈ ਸਿਰਫ਼ ਨੌਕਰੀ ਨਹੀਂ, ਸਗੋਂ ਮੇਰੇ ਅਧਿਆਪਕਾਂ ਦੀ ਪ੍ਰੇਰਣਾ ਦਾ ਸੁੰਦਰ ਨਤੀਜਾ ਅਤੇ ਮੇਰੇ ਜੀਵਨ ਦਾ ਮਾਣਮੱਤਾ ਸਫ਼ਰ ਹੈ। ਮੇਰੀਆਂ ਵਿਦਿਆਰਥਣਾਂ ਲਈ ਸੰਦੇਸ਼ ਆਪਣੇ ਆਪ ’ਤੇ ਵਿਸ਼ਵਾਸ ਰੱਖੋ, ਸਿੱਖਣ ਦੀ ਲਗਨ ਕਦੇ ਨਾ ਛੱਡੋ ਤੇ ਆਪਣੇ ਸੁਪਨਿਆਂ ਨੂੰ ਵੱਡਾ ਬਣਾਓ। ਗਲਤੀਆਂ ਤੋਂ ਨਾ ਡਰੋ, ਕਿਉਂਕਿ ਹਰ ਗਲਤੀ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ। ਮਿਹਨਤ, ਹਿੰਮਤ ਅਤੇ ਸਹੀ ਦਿਸ਼ਾ ਨਾਲ ਤੁਸੀਂ ਆਪਣੀ ਮੰਜ਼ਿਲ ਜ਼ਰੂਰ ਹਾਸਲ ਕਰ ਸਕਦੇ ਹੋ। ਯਾਦ ਰੱਖੋ-ਤੁਹਾਡੀ ਅੱਜ ਦੀ ਮਿਹਨਤ ਹੀ ਤੁਹਾਡੇ ਕੱਲ੍ਹ ਦੀ ਪਹਿਚਾਣ ਬਣੇਗੀ। ਗੁਰਪ੍ਰੀਤ ਕੌਰ ਲੈਕਚਰਾਰ, ਅੰਗਰੇਜ਼ੀ ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਗੋਨਿਆਣਾ ਮੰਡੀ ਬਠਿੰਡਾ 2.ਅੱਜ ਅਧਿਆਪਕ ਦਿਵਸ ਦੇ ਮੌਕੇ ’ਤੇ ਮੈਂ ਦੁਨੀਆ ਭਰ ਦੇ ਸਾਰੇ ਅਧਿਆਪਕਾਂ ਨੂੰ ਦਿਲੋਂ ਵਧਾਈ ਦੇਣਾ ਚਾਹੁੰਦੀ ਹਾਂ। ਅਧਿਆਪਕ ਸਿਰਫ਼ ਕਿਤਾਬਾਂ ਦਾ ਗਿਆਨ ਨਹੀਂ ਦਿੰਦਾ, ਸਗੋਂ ਉਹ ਆਪਣੇ ਵਿਦਿਆਰਥੀਆਂ ਨੂੰ ਜ਼ਿੰਦਗੀ ਨੂੰ ਸਮਝਣ, ਸਹੀ ਫ਼ੈਸਲੇ ਲੈਣ ਅਤੇ ਇੱਕ ਚੰਗਾ ਇਨਸਾਨ ਬਣਨ ਦੀ ਸਿੱਖਿਆ ਵੀ ਦਿੰਦਾ ਹੈ। ਇਕ ਅਧਿਆਪਕ ਦੀ ਸਭ ਤੋਂ ਵੱਡੀ ਖੁਸ਼ੀ ਉਸ ਸਮੇਂ ਹੁੰਦੀ ਹੈ, ਜਦੋਂ ਉਸਦਾ ਵਿਦਿਆਰਥੀ ਜ਼ਿੰਦਗੀ ਵਿੱਚ ਕਾਮਯਾਬ ਹੁੰਦਾ ਹੈ ਅਤੇ ਚੰਗਾ ਇਨਸਾਨ ਬਣ ਕੇ ਸਮਾਜ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਹਰ ਅਧਿਆਪਕ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਹਰ ਰੋਜ਼ ਮਿਹਨਤ, ਸਬਰ ਅਤੇ ਪਿਆਰ ਨਾਲ ਕੰਮ ਕਰਦਾ ਹੈ। ਅਧਿਆਪਕ ਦੀ ਦਿੱਤੀ ਹੋਈ ਸਿੱਖਿਆ ਤੇ ਉਸਦੇ ਬੋਲੇ ਹੋਏ ਚੰਗੇ ਸ਼ਬਦ ਅਕਸਰ ਵਿਦਿਆਰਥੀ ਦੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਅੱਜ ਦੇ ਦਿਨ ਅਸੀਂ ਹਰ ਉਸ ਅਧਿਆਪਕ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜੋ ਆਪਣੇ ਗਿਆਨ, ਸਮੇਂ ਅਤੇ ਮਿਹਨਤ ਨਾਲ ਆਉਣ ਵਾਲੀ ਪੀੜ੍ਹੀ ਨੂੰ ਬਿਹਤਰ ਬਣਾਉਣ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਬਹੁਤ-ਬਹੁਤ ਮੁਬਾਰਕਾਂ। ਗਿਆਨ ਦੀ ਜੋਤ ਜਗਾ ਕੇ, ਹਨੇਰਿਆਂ ਨੂੰ ਦੂਰ ਕਰਦੇ ਨੇ, ਅਧਿਆਪਕ ਹੀ ਨੇ ਜੋ ਸੁਪਨਿਆਂ ਨੂੰ ਹਕੀਕਤ ਵਿਚ ਬਦਲਦੇ ਨੇ — ਕਾਜਲ ਗਲਹੋਤਰਾ ਪ੍ਰਿੰਸੀਪਲ, ਡਾ. ਹੋਮਜ਼ ਅਕੈਡਮੀ 3.ਅਧਿਆਪਕ ਦਿਵਸ ਦੇ ਸ਼ੁਭ ਅਵਸਰ ਤੇ ਸਮੂਹ ਮਾਪਿਆਂ ਅਤੇ ਮਿਹਨਤੀ ਅਧਿਆਪਕ ਸਾਹਿਬਾਨ ਨੂੰ ਲੱਖ-ਲੱਖ ਵਧਾਈਆਂ! ਅਧਿਆਪਕ ਅਤੇ ਮਾਪੇ ਇੱਕ ਬੱਚੇ ਦੀ ਜ਼ਿੰਦਗੀ ਦੇ ਉਹ ਦੋ ਮਜ਼ਬੂਤ ਥੰਮ੍ਹ ਹਨ, ਜੋ ਮਿਲ ਕੇ ਉਸ ਦੇ ਸੁਨਹਿਰੀ ਭਵਿੱਖ ਦੀ ਨਿਰਮਾਣ-ਯੋਜਨਾ ਘੜਦੇ ਹਨ। ਜਿੱਥੇ ਮਾਪੇ ਬੱਚੇ ਨੂੰ ਪਹਿਲੀ ਪਛਾਣ ਤੇ ਸੰਸਕਾਰ ਦਿੰਦੇ ਹਨ, ਉੱਥੇ ਹੀ ਅਧਿਆਪਕ ਆਪਣੇ ਗਿਆਨ ਅਤੇ ਮਾਰਗਦਰਸ਼ਨ ਨਾਲ ਉਸ ਦੀ ਸ਼ਖ਼ਸੀਅਤ ਨੂੰ ਤਰਾਸ਼ ਕੇ ਸਮਾਜ ਵਿਚ ਚਮਕਣ ਦੇ ਯੋਗ ਬਣਾਉਂਦੇ ਹਨ। ਇਸ ਖਾਸ ਦਿਨ ਤੇ ਅਸੀਂ ਆਪਣੇ ਸਮਰਪਿਤ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਮਾਪਿਆਂ ਦੇ ਅਟੁੱਟ ਵਿਸ਼ਵਾਸ ਨੂੰ ਤਹਿ ਦਿਲੋਂ ਸਲਾਮ ਕਰਦੇ ਹਾਂ। ਆਓ, ਮਿਲ ਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਉੱਚੇ-ਸੁੱਚੇ ਇਖ਼ਲਾਕ ਨਾਲ ਨਵਾਜ਼ੀਏ ਤਾਂ ਜੋ ਉਹ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰ ਸਕਣ। ਸਮੂਹ ਗੁਰੂਆਂ ਤੇ ਮਾਪਿਆਂ ਦੇ ਯੋਗਦਾਨ ਨੂੰ ਕੋਟੀ-ਕੋਟੀ ਪ੍ਰਣਾਮ! ਰਕੇਸ਼ ਗੋਇਲ ਡੀਪੀਐਸ ਸਕੂਲ ਬਠਿੰਡਾ 4. ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਅਧਿਆਪਕ, ਦਰਸ਼ਨਸ਼ਾਸਤਰੀ ਤੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ। ਅਧਿਆਪਕ ਸਾਡੇ ਜੀਵਨ ਦੇ ਸੱਚੇ ਮਾਰਗਦਰਸ਼ਕ ਹੁੰਦੇ ਹਨ, ਜੋ ਸਾਨੂੰ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਵੀ ਸਿਖਾਉਂਦੇ ਹਨ। ਉਹ ਸਾਡੀਆਂ ਕਮੀਆਂ ਨੂੰ ਦੂਰ ਕਰਕੇ ਸਾਡੇ ਅੰਦਰ ਆਤਮ-ਵਿਸ਼ਵਾਸ ਅਤੇ ਸਫਲਤਾ ਦੀ ਭਾਵਨਾ ਪੈਦਾ ਕਰਦੇ ਹਨ। ਅਧਿਆਪਕ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖਦੇ ਹਨ ਤੇ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰਦੇ ਹਨ। ਅਧਿਆਪਕ ਦਿਵਸ ਸਾਨੂੰ ਆਪਣੇ ਅਧਿਆਪਕਾਂ ਦੀ ਮਿਹਨਤ, ਸਮਰਪਣ ਤੇ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਤੇ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। ਸੱਚਮੁੱਚ, ਇੱਕ ਚੰਗਾ ਅਧਿਆਪਕ ਵਿਦਿਆਰਥੀ ਦੇ ਜੀਵਨ ਵਿਚ ਗਿਆਨ ਦੀ ਰੌਸ਼ਨੀ ਫੈਲਾ ਕੇ ਉਸਨੂੰ ਇਕ ਚੰਗਾ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਹਰਮਿੰਦਰ ਸਿੰਘ ਹਨੀ ਪ੍ਰਿੰਸੀਪਲ ਭਾਈ ਜਗਤਾ ਜੀ ਸਕੂਲ 5. ਅਧਿਆਪਕ ਨੂੰ ਬੱਚਿਆਂ ਦਾ ਦੂਜਾ ਮਾਂ ਪਿਉ ਮਨਿਆ ਜਾਂਦਾ ਹੈ। ਅਧਿਆਪਕ ਬੱਚੇ ਨੂੰ ਸਿਰਫ ਗਿਆਨ ਨਹੀਂ ਦਿੰਦੇ ਸਗੋਂ ਬੱਚੇ ਨੂੰ ਭਵਿੱਖ ਵਿਚ ਚੰਗਾ ਇਨਸਾਨ ਬਣਨ ਦੀ ਪ੍ਰੇਰਣਾ ਵੀ ਦਿੰਦੇ ਹਨ। ਅਧਿਆਪਕ ਦੇ ਸਤਿਕਾਰ ਲਈ ਸਾਲ ਵਿਚ ਸਿਰਫ ਇਕ ਦਿਨ ਹੀ ਖਾਸ ਨਹੀਂ ਹੁੰਦਾ, ਬਲਕਿ ਅਧਿਆਪਕ ਦਾ ਹਰ ਇੱਕ ਦਿਨ ਸਤਿਕਾਰ ਹੋਵੇ ਕਿਉਂ ਕਿ ਉਹ ਖੁਦ ਮੋਮਬੱਤੀ ਵਾਂਗ ਬਲ ਕੇ ਬਚਿਆ ਨੂੰ ਚਾਨਣ ਦਿੰਦਾ ਹੈ। ਚਰਨਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਗੋਨਿਆਣਾ ਮੰਡੀ 6. ਅਧਿਆਪਕ ਸਿਰਫ ਕਿਤਾਬਾਂ ਦਾ ਗਿਆਨ ਨਹੀਂ ਦਿੰਦੇ, ਸਗੋਂ ਸਾਨੂੰ ਜੀਵਨ ਜਿਉਣ ਦੀ ਸਹੀ ਦਿਸ਼ਾ ਵੀ ਦਿਖਾਉਂਦੇ ਹਨ। ਉਹਨਾਂ ਦੀ ਮਿਹਨਤ, ਮਾਰਗਦਰਸ਼ਨ ਤੇ ਅਸੀਸਾਂ ਸਾਡੇ ਭਵਿੱਖ ਨੂੰ ਰੋਸ਼ਨ ਕਰਦੀਆਂ ਹਨ। ਸਾਰੇ ਸਤਿਕਾਰ ਯੋਗ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਵਧਾਈਆਂ। ਗੁਰੂ ਦਾ ਸਤਿਕਾਰ ਗਿਆਨ ਦਾ ਸਤਿਕਾਰ ਹੈ। ਪ੍ਰਿੰਸੀਪਲ ਕਰਮਬੀਰ ਸਿੰਘ ਖਹਿਰਾ