ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਖੇ ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਖੇ ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ
Publish Date: Tue, 08 Sep 2026 05:20 PM (IST)
Updated Date: Tue, 08 Sep 2026 05:22 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾ ਮੰਡੀ ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਵਿਖੇ ਅਧਿਆਪਕ ਦਿਵਸ ਬੜੇ ਉਤਸ਼ਾਹ, ਖੁਸ਼ੀ ਅਤੇ ਉਮੰਗ ਨਾਲ ਮਨਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨਾ ਸੀ। ਸਮਾਗਮ ਦਾ ਸ਼ੁਭ ਆਰੰਭ ਸਕੂਲ ਮੈਨੇਜਮੈਂਟ ਮੈਂਬਰ ਜੈਪਾਲ ਗਰਗ, ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਅਤੇ ਸਕੂਲ ਕੋਆਰਡੀਨੇਟਰਾਂ ਵੱਲੋਂ ਸਾਂਝੇ ਤੌਰ ’ਤੇ ਦੀਵਾ ਜਗਾ ਕੇ ਕੀਤਾ ਗਿਆ। ਸਮਾਗਮ ਦੀ ਐਂਕਰਿੰਗ ਅਰਚਨਾ ਯਾਦਵ ਅਤੇ ਦੀਪਾਂਸ਼ੂ ਗਰਗ ਵੱਲੋਂ ਜੋਸ਼ੀਲੇ ਅਤੇ ਮਨੋਰੰਜਕ ਅੰਦਾਜ਼ ਵਿਚ ਕੀਤੀ ਗਈ। ਇਸ ਮੌਕੇ ਅਧਿਆਪਕਾਂ ਦੇ ਮਨੋਰੰਜਨ ਲਈ ਵੱਖ-ਵੱਖ ਦਿਲਚਸਪ ਖੇਡਾਂ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਡਾਂਸ ਪਰਫਾਰਮੈਂਸ ਅਤੇ ਮੈਲੋਡੀ ਸਿੰਗਿੰਗ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸਮੁੱਚਾ ਮਾਹੌਲ ਹਾਸੇ-ਖੁਸ਼ੀ ਅਤੇ ਆਪਸੀ ਸਾਂਝ ਨਾਲ ਭਰਿਆ ਰਿਹਾ। ਇਸ ਮੌਕੇ ਜੈਪਾਲ ਗਰਗ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਦੇਣ ਵਾਲੇ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਵਿਅਕਤੀਤਵ ਨਿਰਮਾਣ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਵਾਲੇ ਮਾਰਗਦਰਸ਼ਕ ਵੀ ਹੁੰਦੇ ਹਨ। ਵੱਖ-ਵੱਖ ਖੇਡਾਂ ਅਤੇ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਇਨਾਮ ਅਤੇ ਆਕਰਸ਼ਕ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਵੱਲੋਂ ਸਮੂਹ ਅਧਿਆਪਕਾਂ ਨੂੰ ਤੋਹਫ਼ੇ ਭੇਟ ਕਰਕੇ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਧੰਨਵਾਦ ਕੀਤਾ ਗਿਆ। ਸਮਾਗਮ ਨੇ ਸਕੂਲ ਦੀ ਟੀਮ ਭਾਵਨਾ ਅਤੇ ਅਧਿਆਪਕਾਂ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।