ਰਾਮਪੁਰਾ ਫੂਲ ’ਚ ‘ਆਪ’ ਨੂੰ ਆਪਣਿਆਂ ਤੋਂ ਸਿਆਸੀ ਖਤਰੇ ਦੇ ਚਰਚੇ ਰਾਮਪੁਰਾ ਫੂਲ ’ਚ ‘ਆਪ’ ਨੂੰ ਆਪਣਿਆਂ ਤੋਂ ਸਿਆਸੀ ਖਤਰੇ ਦੇ ਚਰਚੇ
Publish Date: Fri, 02 Oct 2026 06:10 PM (IST)
Updated Date: Fri, 02 Oct 2026 06:10 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਰਾਮਪੁਰਾ ਫੂਲ ਵਿਚ ਆਮ ਆਦਮੀ ਪਾਰਟੀ ਦੀ ਸਿਆਸੀ ਗੁੱਟਬੰਦੀ ਸਿਖਰਾਂ ਤੇ ਹੈ, ਹਲਕੇ ਵਿਚ ਆਪ ਦੇ ਸਿਆਸੀ ਹਲਾਤ ਅਜਿਹੇ ਬਣ ਰਹੇ ਹਨ ਕਿ ਹੁਣ ਟਿਕਟ ਕਿਸੇ ਨੂੰ ਵੀ ਮਿਲੇ ਪਰ ਹੁਣ ਆਪ ਨੂੰ ਆਪਣਿਆਂ ਤੋਂ ਸਿਆਸੀ ਖਤਰੇ ਦੇ ਚਰਚੇ ਜ਼ੋਰਾਂ ਤੇ ਹਨ, ਜਿਸ ਨੂੰ ਲੈਕੇ ਵਿਰੋਧੀ ਧਿਰਾਂ ਦੇ ਆਗੂ ਬਾਗੋਬਾਗ਼ ਵਿਖਾਈ ਦੇ ਰਹੇ ਹਨ। ਮੌਜੂਦਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮੁੜ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ, ਜਦਕਿ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਅਤੇ ‘ਆਪ’ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਮਾਨ ਵੀ ਟਿਕਟ ਦੀ ਦੌੜ ਵਿੱਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਪੱਬਾਂ ਭਾਰ ਹਨ। ਇਸ ਤੋਂ ਇਲਾਵਾ ਹਲਕੇ ਦੇ ਪਿੰਡ ਕੋਠਾ ਗੁਰੂ ਨਾਲ ਸਬੰਧਤ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦਾ ਨਾਂ ਵੀ ਸੰਭਾਵਿਤ ਦਾਅਵੇਦਾਰਾਂ ਵਜੋਂ ਚਰਚਾ ਵਿਚ ਹੈ ਅਤੇ ਉਹ ਵੀ ਟਿਕਟ ਹਾਸਲ ਕਰਨ ਲਈ ਵੱਡਾ ਸਿਆਸੀ ਦਾਅ ਖੇਡਣ ਦੀ ਤਾਕ ਵਿਚ ਹਨ। ਹਲਕੇ ਦੀ ਸਿਆਸਤ ਵਿੱਚ ਸਭ ਤੋਂ ਵੱਧ ਚਰਚਾ ਇਸ ਵੇਲੇ ਬਲਕਾਰ ਸਿੰਘ ਸਿੱਧੂ ਅਤੇ ਇੰਦਰਜੀਤ ਸਿੰਘ ਮਾਨ ਵਿਚਕਾਰ ਚੱਲ ਰਹੇ ਸਿਆਸੀ ਮੁਕਾਬਲੇ ਦੀ ਹੈ। ਦੋਵੇਂ ਆਗੂ ਇਕ ਦੂਜੇ ਦੇ ਸਮਰੱਥਕਾਂ ਨੂੰ ਸਿਆਸੀ ਠਿੱਬੀਆਂ ਲਾ ਰਹੇ ਹਨ। ਇਸੇ ਕੜੀ ਵਿੱਚ ਵਿਧਾਇਕ ਬਲਕਾਰ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਕਈ ਆਗੂਆਂ ਨੂੰ ਅਹੁਦਿਆਂ ਤੋਂ ਹਟਾਏ ਜਾਣ ਨਾਲ ਵਿਧਾਇਕ ਸਿੱਧੂ ਦੀ ਸਿਆਸੀ ਕਿਰਕਿਰੀ ਹੋਈ ਹੈ ਅਤੇ ਚੇਅਰਮੈਨ ਮਾਨ ਦਾ ਸਿਆਸੀ ਮਨੋਬਲ ਉੱਚਾ ਹੋਇਆ ਹੈ। ਵਿਧਾਇਕ ਸਿੱਧੂ ਅਤੇ ਚੇਅਰਮੈਨ ਮਾਨ ਵਿਚਕਾਰ ਟਿਕਟ ਹਾਸਿਲ ਕਰਨ ਨੂੰ ਲੈ ਕੇ ਚੱਲ ਰਹੀ ਸਿਆਸੀ ਗੁੱਟਬੰਦੀ ਹੁਣ ਕਿਸੇ ਤੋਂ ਗੁੱਝੀ ਨਹੀ ਰਹੀ। ਬਲਕਾਰ ਸਿੱਧੂ ਅਤੇ ਇੰਦਰਜੀਤ ਮਾਨ ਦੇ ਸਮਰੱਥਕ ਆਏ ਦਿਨ ਟਿਕਟ ਪੱਕੀ ਹੋਣ ਦੇ ਦਾਅਵੇ ਕਰ ਰਹੇ ਹਨ ਅਤੇ ਟਿਕਟ ਸਬੰਧੀ ਹਰ ਰੋਜ਼ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਦੀਆਂ ਰਹਿੰਦੀਆਂ ਹਨ। ਦੂਜੇ ਪਾਸੇ ਜਤਿੰਦਰ ਸਿੰਘ ਭੱਲਾ ਦੀ ਕੱਛੂ ਚਾਲ ਸਰਗਰਮੀ ਨੇ ਟਿਕਟ ਦੀ ਦੌੜ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਜ਼ਿਲ੍ਹਾ ਪੱਧਰ ’ਤੇ ਪਾਰਟੀ ਦੀ ਜਥੇਬੰਦਕ ਜ਼ਿੰਮੇਵਾਰੀ ਸੰਭਾਲ ਰਹੇ ਭੱਲਾ ਦਾ ਹਲਕਾ ਰਾਮਪੁਰਾ ਫੂਲ ਨਾਲ ਸਿੱਧਾ ਸਬੰਧ ਹੋਣ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਨੂੰ ਵੀ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ, ਉਹ ਚੁੱਪ ਚੁਪੀਤੇ ਸਿਆਸੀ ਧਮਾਕਾ ਕਰਨ ਲਈ ਸਿਆਸੀ ਦਾਅ ਖੇਡ ਰਹੇ ਹਨ। ਹੁਣ ਸਵਾਲ ਇਹ ਹੈ ਕਿ ਪਾਰਟੀ ਹਾਈਕਮਾਂਡ ਰਾਮਪੁਰਾ ਫੂਲ ਵਿੱਚ ਮੌਜੂਦਾ ਵਿਧਾਇਕ ’ਤੇ ਮੁੜ ਭਰੋਸਾ ਕਰਦੀ ਹੈ ਜਾਂ ਚੇਅਰਮੈਨ ਮਾਨ ਜਾਂ ਚੇਅਰਮੈਨ ਭੱਲਾ ਨੂੰ ਮੌਕਾ ਦਿੰਦੀ ਹੈ। ਤਿੰਨੋਂ ਸੰਭਾਵਿਤ ਦਾਅਵੇਦਾਰਾਂ ਦੀ ਸਰਗਰਮੀ ਸਿਆਸੀ ਖੇਤਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚੋਣਾਂ ਤੋਂ ਪਹਿਲਾਂ ਟਿਕਟ ਦਾ ਫ਼ੈਸਲਾ ਹੋਣ ਤੱਕ ‘ਆਪ’ ਅੰਦਰਲੇ ਇਹ ਸਿਆਸੀ ਸਮੀਕਰਨ ਕਿਸ ਪਾਸੇ ਰੁਖ ਕਰਦੇ ਹਨ, ਇਸ ’ਤੇ ਸਿਆਸੀ ਨਜ਼ਰਾਂ ਟਿਕੀਆਂ ਹੋਈਆਂ ਹਨ। ਭਾਵੇਂ ਉਕਤ ਆਗੂ ਆਪਣੇ ਆਪ ਨੂੰ ਟਿਕਟ ਮਿਲਣ ਦਾ ਦਾਅਵਾ ਕਰ ਰਹੇ ਹਨ, ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਟਿਕਟ ਹਾਸਿਲ ਕਰਨ ਦੀ ਬਾਜ਼ੀ ਆਖਰ ਕੌਣ ਮਾਰਦਾ ਹੈ ਅਤੇ ਜਿਸ ਨੇਤਾ ਨੂੰ ਟਿਕਟ ਮਿਲੀ ਉਹ ਟਿਕਟ ਨਾ ਮਿਲਣ ਵਾਲੇ ਨੇਤਾਵਾਂ ਨੂੰ ਆਪਣੇ ਹੱਕ ਵਿਚ ਤੋਰਨ ਲਈ ਕਿਨ੍ਹਾਂ ਕੁ ਸਫਲ ਹੁੰਦਾ ਹੈ, ਇਹ ਤਾ ਆਉਣ ਵਾਲਾ ਸਮਾਂ ਦੱਸੇਗਾ। ਜ਼ਿਕਰਯੋਗ ਹੈ ਕਿ ਇਕ ਸੀਨੀਅਰ ‘ਆਪ’ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਕਤ ਆਗੂਆਂ ਦੀ ਗੁੱਟਬੰਦੀ ਕਾਰਨ ਪਾਰਟੀ ਕਿਸੇ ਹੋਰ ਨਾਮੀ ਚਿਹਰੇ ਨੂੰ ਵੀ ਹਲਕਾ ਰਾਮਪੁਰਾ ਫੂਲ ਤੋਂ ਪਾਰਟੀ ਉਮੀਦਵਾਰ ਬਣਾ ਸਕਦੀ ਹੈ। ਇੱਥੇ ਇਹ ਕਹਿਣਾ ਵੀ ਕੋਈ ਅਤਿ ਕਥਨੀ ਨਹੀਂ ਕਿ ‘ਆਪ’ ਆਗੂਆਂ ਦੀ ਗੁੱਟਬੰਦੀ ਕਾਰਨ ਜਿੱਥੇ ਵਿਰੋਧੀ ਧਿਰਾਂ ਦੇ ਵਰਕਰਾਂ ਦੇ ਹੌਸਲੇ ਬੁਲੰਦ ਵਿਖਾਈ ਦੇ ਰਹੇ ਹਨ ਉੱਥੇ ਆਪ ਦੇ ਮਿਹਨਤੀ ਵਰਕਰ ਨਿਰਾਸ਼ ਵਿਖਾਈ ਦੇ ਰਹੇ ਹਨ।