ਭਗਤਾ ਭਾਈ ’ਚ ਨਸ਼ੇ ਦੀ ਕਥਿਤ ਵਿਕਰੀ ਦੀ ਚਰਚਾ, ਲੋਕਾਂ ’ਚ ਵਧੀ ਚਿੰਤਾ ਭਗਤਾ ਭਾਈ ’ਚ ਨਸ਼ੇ ਦੀ ਕਥਿਤ ਵਿਕਰੀ ਦੀ ਚਰਚਾ, ਲੋਕਾਂ ’ਚ ਵਧੀ ਚਿੰਤਾ
Publish Date: Sat, 19 Sep 2026 04:39 PM (IST)
Updated Date: Sat, 19 Sep 2026 04:41 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ਼ਹਿਰ ਵਿਚ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਕਥਿਤ ਤੌਰ ’ਤੇ ਹੋ ਰਹੀ ਵਿਕਰੀ ਦੀ ਚਰਚਾ ਦਿਨੋਂ-ਦਿਨ ਜ਼ੋਰ ਫੜ ਰਹੀ ਹੈ, ਜਿਸ ਕਾਰਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਸ਼ਹਿਰ ਵਾਸੀਆਂ ਵਿਚ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਜੇਕਰ ਨਸ਼ਾ ਆਸਾਨੀ ਨਾਲ ਉਪਲਬਧ ਹੋਣ ਦੀਆਂ ਸ਼ਿਕਾਇਤਾਂ ਸੱਚ ਹਨ ਤਾਂ ਇਸ ’ਤੇ ਪ੍ਰਭਾਵਸ਼ਾਲੀ ਰੋਕ ਕਿਉਂ ਨਹੀਂ ਲੱਗ ਰਹੀ। ਸਥਾਨਕ ਸ਼ਹਿਰ ਵਿਚ ਇਹ ਵੀ ਚਰਚਾ ਹੈ ਕਿ ਸ਼ਹਿਰ ਵਿਚ ਬਣੀਆਂ ਕੁਝ ਝੁੱਗੀਆਂ ਵਿਚ ਰਹਿੰਦੇ ਲੋਕਾਂ ਦੇ ਇਕ ਹਿੱਸੇ ਵੱਲੋਂ ਕਥਿਤ ਤੌਰ ’ਤੇ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਮਹਿਲਾਵਾਂ ਵੱਲੋਂ ਸਕੂਟਰੀਆਂ ’ਤੇ ਵੱਖ-ਵੱਖ ਥਾਵਾਂ ’ਤੇ ਨਸ਼ੇ ਦੀ ਸਪਲਾਈ ਕਰਨ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਕਰਕੇ ਇਨ੍ਹਾਂ ਔਰਤਾਂ ਦੇ ਖੂਬ ਚਰਚੇ ਹੁੰਦੇ ਹਨ। ਸਹਿਰ ਦੀ ਨਸ਼ਾ ਵਿਰੋਧੀ ਕਮੇਟੀ ਦੇ ਆਗੂ ਸੁਖਚੈਨ ਸਿੰਘ ਖਾਲਸਾ ਤੇ ਕਿਸਾਨ ਆਗੂ ਅਵਤਾਰ ਸਿੰਘ ਤਾਰੀ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਪੁਲਿਸ ਕੋਲ ਆਪਣਾ ਖੁਫੀਆ ਤੰਤਰ ਤੇ ਜਾਂਚ ਪ੍ਰਣਾਲੀ ਮੌਜੂਦ ਹੈ। ਇਸ ਲਈ ਜਦੋਂ ਨਸ਼ੇ ਦੀ ਵਿਕਰੀ ਸਬੰਧੀ ਪੁਲਿਸ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਗੋਲ ਮੋਲ ਜਵਾਬ ਮਿਲਦੇ ਹਨ। ਨੌਜਵਾਨ ਆਗੂ ਸਤਵਿੰਦਰਪਾਲ ਸਿੰਘ ਪਿੰਦਰ ਅਤੇ ਮਜਦੂਰ ਆਗੂ ਜਗਸੀਰ ਸਿੰਘ ਜੀਵਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੀ ਕਥਿਤ ਵਿਕਰੀ ਸਬੰਧੀ ਮਿਲ ਰਹੀਆਂ ਸੂਚਨਾਵਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ, ਸੰਵੇਦਨਸ਼ੀਲ ਇਲਾਕਿਆਂ ਵਿਚ ਗਸ਼ਤ ਵਧਾਈ ਜਾਵੇ ਤੇ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਖ਼ਾਤਮੇ ਲਈ ਪੁਲਿਸ, ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਮਿਲ ਕੇ ਪ੍ਰਭਾਵਸ਼ਾਲੀ ਯਤਨ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਝੁੱਗੀਆਂ ਵਿਚ ਵਿਕ ਰਹੇ ਨਸ਼ੇ ਸਬੰਧੀ ਸੂਚਨਾਵਾਂ ਤੋਂ ਅੱਕੇ ਨੌਜਵਾਨ ਸਤਵਿੰਦਰਪਾਲ ਸਿੰਘ ਪਿੰਦਰ ਨੇ ਆਪਣੇ ਵਿਹਲੇ ਪਏ ਪਲਾਂਟ ਵਿਚ ਬਣੀਆਂ ਝੁੱਗੀਆਂ ਲੋਕਾਂ ਦੇ ਸਹਿਯੋਗ ਨਾਲ ਢਾਹ ਦਿੱਤੀਆਂ। ਨੌਜਵਾਨ ਆਗੂ ਪਿੰਦਰ ਨੇ ਕਿਹਾ ਗਰੀਬ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਪ੍ਰੰਤੂ ਨਸ਼ਿਆ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਲਈ ਯਤਨ ਕੀਤੇ ਜਾਣਗੇ। ਇਸ ਤਰ੍ਹਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਵਿਚ ਬਣੀਆਂ ਕੁਝ ਝੁੱਗੀਆਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨੇ ਗੁਰਦੁਆਰਾਂ ਕਮੇਟੀ ਦੇ ਪ੍ਰਬੰਧਕਾਂ ਨੇ ਹਟਾ ਦਿੱਤਾ ਹੈ। ਗੁਰਦੁਆਰਾ ਸਾਹਿਬ ਦੇ ਮਨੈਂਜਰ ਤਰਸੇਮ ਸਿੰਘ ਖਾਲਸਾ ਨੇ ਦੱਸਿਆ ਕਿ ਬਾਕੀ ਰਹਿੰਦੀਆਂ ਝੁੱਗੀਆਂ ਵਾਲਿਆ ਨੂੰ ਦੋ ਦਿਨ ਵਿਚ ਹਟਾਉਣ ਦੀ ਹਦਾਇਤ ਕੀਤੀ ਗਈ। ਸਥਾਨਿਕ ਥਾਣਾ ਇੰਚਾਰਜ ਪਰਬਤ ਸਿੰਘ ਦਾ ਕਹਿਣਾ ਹੈ ਕਿ ਉਹ ਨਸ਼ਿਆ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਵਿਚ ਜੁਟੇ ਹੋਏ ਹਨ ਜਿਸ ਦੇ ਤਹਿਤ ਹੀ ਉਨ੍ਹਾਂ ਨੇ ਇਕ ਔਰਤ ਸਮੇਤ ਕੁਝ ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮੁਕੱਦਮੇ ਦਰਜ ਕੀਤੇ ਹਨ।