ਸਿਸਟਮ ਅਪਡੇਟ ਨੇ ਰੋਕੀ ਆਰਟੀਓ ਦਫ਼ਤਰ ਦੀ ਰਫ਼ਤਾਰ, ਇਕ ਐਂਟਰੀ ’ਚ ਲੱਗ ਰਹੇ 20 ਮਿੰਟ, ਕੰਮ ਕਾਜ ਬੁਰੀ ਤਰ੍ਹਾਂ ਪ੍ਰਭਾਵਿਤ
ਲੋਕਾਂ ਨੇ ਮੰਗ ਕੀਤੀ ਹੈ ਕਿ ਸਿਸਟਮ ਅਪਡੇਟ ਕਰਨ ਦੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕਰਕੇ ਇਸ ਦੀ ਰਫ਼ਤਾਰ ਆਮ ਕੀਤੀ ਜਾਵੇ। ਇਸ ਦੇ ਨਾਲ ਹੀ ਪਿਛਲੇ ਤਿੰਨ ਦਿਨਾਂ ਦੌਰਾਨ ਪ੍ਰਭਾਵਿਤ ਹੋਏ ਕੰਮਾਂ ਦੀ ਪੈਂਡੈਂਸੀ ਨੂੰ ਵੀ ਜਲਦ ਨਿਪਟਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਲਈ ਵਾਰ-ਵਾਰ ਆਰਟੀਓ ਦਫ਼ਤਰ ਦੇ ਚੱਕਰ ਨਾ ਲਗਾਉਣੇ ਪੈਣ। ਇਸ ਮਾਮਲੇ ਸਬੰਧੀ ਆਰਟੀਓ ਕਪਿਲ ਜਿੰਦਲ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
Publish Date: Mon, 14 Sep 2026 04:03 PM (IST)
Updated Date: Mon, 14 Sep 2026 04:05 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ। ਟਰਾਂਸਪੋਰਟ ਵਿਭਾਗ ਦੇ ਸਿਸਟਮ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਦਾ ਸਿੱਧਾ ਅਸਰ ਬਠਿੰਡਾ ਦੇ ਆਰਟੀਓ ਦਫ਼ਤਰ ਦੇ ਕੰਮਕਾਜ ’ਤੇ ਪੈ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਵਿਭਾਗ ਦੀ ਵੈੱਬਸਾਈਟ ਤਕਨੀਕੀ ਤੌਰ ’ਤੇ ਚੱਲ ਰਹੀ ਹੈ, ਪਰ ਸਿਸਟਮ ਦੀ ਰਫ਼ਤਾਰ ਇਨ੍ਹੀ ਹੌਲੀ ਹੋ ਗਈ ਹੈ ਕਿ ਕਰਮਚਾਰੀਆਂ ਨੂੰ ਇਕ ਅਰਜ਼ੀ ਜਾਂ ਐਂਟਰੀ ਦਰਜ ਕਰਨ ਵਿੱਚ ਕਈ ਮਿੰਟ ਲੱਗ ਰਹੇ ਹਨ। ਕਈ ਮਾਮਲਿਆਂ ਵਿੱਚ ਇਕ ਐਂਟਰੀ ਪੂਰੀ ਕਰਨ ਲਈ ਕਰੀਬ 20 ਮਿੰਟ ਤਕ ਦਾ ਸਮਾਂ ਲੱਗ ਰਿਹਾ ਹੈ। ਇਸ ਕਾਰਨ ਦਫ਼ਤਰ ਵਿੱਚ ਕੰਮ ਦੀ ਰਫ਼ਤਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਵੀ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਬਠਿੰਡਾ ਆਰਟੀਓ ਦਫ਼ਤਰ ਵਿੱਚ ਵਾਹਨਾਂ ਦੀਆਂ ਆਰਸੀ ਨਾਲ ਸਬੰਧਤ ਰੋਜ਼ਾਨਾ ਕਰੀਬ 250 ਅਰਜ਼ੀਆਂ ਪਹੁੰਚਦੀਆਂ ਹਨ।
ਆਮ ਦਿਨਾਂ ਵਿੱਚ ਇਨ੍ਹਾਂ ਅਰਜ਼ੀਆਂ ’ਤੇ ਵਿਭਾਗੀ ਪ੍ਰਕਿਰਿਆ ਸਮੇਂ ਸਿਰ ਪੂਰੀ ਕਰ ਲਈ ਜਾਂਦੀ ਹੈ, ਪਰ ਪਿਛਲੇ ਤਿੰਨ ਦਿਨਾਂ ਤੋਂ ਸਿਸਟਮ ਦੀ ਸੁਸਤੀ ਕਾਰਨ ਕੰਮ ਦੀ ਰਫ਼ਤਾਰ ਕਾਫ਼ੀ ਘਟ ਗਈ ਹੈ। ਇਕ ਪਾਸੇ ਅਰਜ਼ੀਆਂ ਦੀ ਗਿਣਤੀ ਲਗਾਤਾਰ ਆ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਸਿਸਟਮ ਵਿੱਚ ਦਰਜ ਕਰਨ ਵਿੱਚ ਵਧੇਰੇ ਸਮਾਂ ਲੱਗ ਰਿਹਾ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੈਂਡੈਂਸੀ ਵਧਣ ਦਾ ਖਦਸ਼ਾ ਬਣ ਗਿਆ ਹੈ। ਇਕ ਐਂਟਰੀ ’ਚ 20 ਮਿੰਟ, ਕਰਮਚਾਰੀ ਵੀ ਹੋ ਰਹੇ ਪ੍ਰੇਸ਼ਾਨ ਸਿਸਟਮ ਦੀ ਹੌਲੀ ਰਫ਼ਤਾਰ ਦਾ ਸਭ ਤੋਂ ਵੱਧ ਅਸਰ ਦਫ਼ਤਰ ਦੇ ਕਰਮਚਾਰੀਆਂ ’ਤੇ ਪੈ ਰਿਹਾ ਹੈ। ਜਿਹੜਾ ਕੰਮ ਆਮ ਤੌਰ ’ਤੇ ਕੁਝ ਹੀ ਸਮੇਂ ਵਿੱਚ ਪੂਰਾ ਹੋ ਜਾਂਦਾ ਹੈ, ਉਸ ਲਈ ਹੁਣ ਕਈ ਗੁਣਾ ਵੱਧ ਸਮਾਂ ਲੱਗ ਰਿਹਾ ਹੈ। ਇਕ ਤੋਂ ਬਾਅਦ ਇਕ ਅਰਜ਼ੀ ਨਿਪਟਾਉਣ ਵਾਲੇ ਕਰਮਚਾਰੀ ਵੀ ਸਿਸਟਮ ਦੀ ਸੁਸਤੀ ਕਾਰਨ ਕੰਮ ਦਾ ਟੀਚਾ ਪੂਰਾ ਨਹੀਂ ਕਰ ਪਾ ਰਹੇ। ਦਫ਼ਤਰ ਵਿੱਚ ਆਪਣੇ ਵਾਹਨਾਂ ਨਾਲ ਸਬੰਧਤ ਕੰਮ ਕਰਵਾਉਣ ਲਈ ਪਹੁੰਚ ਰਹੇ ਲੋਕਾਂ ਨੂੰ ਵੀ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਕਈ ਲੋਕ ਜ਼ਰੂਰੀ ਕੰਮ ਲਈ ਸਮਾਂ ਕੱਢ ਕੇ ਆਰਟੀਓ ਦਫ਼ਤਰ ਪਹੁੰਚਦੇ ਹਨ, ਪਰ ਸਿਸਟਮ ਹੌਲੀ ਹੋਣ ਕਾਰਨ ਉਨ੍ਹਾਂ ਨੂੰ ਉਮੀਦ ਨਾਲੋਂ ਕਿਤੇ ਜ਼ਿਆਦਾ ਸਮਾਂ ਉਡੀਕ ਕਰਨੀ ਪੈ ਰਹੀ ਹੈ। 15 ਸਤੰਬਰ ਤਕ ਸਿਸਟਮ ਆਮ ਹੋਣ ਦੀ ਉਮੀਦ ਵਿਭਾਗੀ ਅਧਿਕਾਰੀਆਂ ਅਨੁਸਾਰ ਸਿਸਟਮ ਨੂੰ ਅਪਡੇਟ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਮੁਤਾਬਕ 15 ਸਤੰਬਰ ਤਕ ਸਿਸਟਮ ਦੇ ਆਮ ਰਫ਼ਤਾਰ ਨਾਲ ਕੰਮ ਕਰਨ ਦੀ ਸੰਭਾਵਨਾ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਅਪਡੇਟ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੈੱਬਸਾਈਟ ਅਤੇ ਸਿਸਟਮ ਦੀ ਸਪੀਡ ਵਿੱਚ ਸੁਧਾਰ ਆਵੇਗਾ ਅਤੇ ਦਫ਼ਤਰ ਦਾ ਕੰਮਕਾਜ ਪਹਿਲਾਂ ਵਾਂਗ ਸੁਚਾਰੂ ਹੋ ਜਾਵੇਗਾ। ਹਾਲਾਂਕਿ ਇਸ ਸਮੇਂ ਤਕਨੀਕੀ ਪ੍ਰਕਿਰਿਆ ਚੱਲਣ ਕਾਰਨ ਰੋਜ਼ਾਨਾ ਆਉਣ ਵਾਲੀਆਂ ਅਰਜ਼ੀਆਂ ਨੂੰ ਨਿਪਟਾਉਣ ਵਿੱਚ ਵਧੇਰੇ ਸਮਾਂ ਲੱਗ ਰਿਹਾ ਹੈ। ਆਰਸੀ ਤੋਂ ਇਲਾਵਾ ਵਾਹਨਾਂ ਨਾਲ ਸਬੰਧਤ ਹੋਰ ਕੰਮਾਂ ਲਈ ਵੀ ਲੋਕ ਆਰਟੀਓ ਦਫ਼ਤਰ ਪਹੁੰਚਦੇ ਹਨ। ਇਸ ਲਈ ਸਿਸਟਮ ਦੀ ਸੁਸਤੀ ਦਾ ਅਸਰ ਸਿਰਫ਼ ਆਰਸੀ ਸਬੰਧੀ ਕੰਮਾਂ ਤਕ ਸੀਮਤ ਨਹੀਂ, ਸਗੋਂ ਦਫ਼ਤਰ ਦੇ ਹੋਰ ਕੰਮਾਂ ’ਤੇ ਵੀ ਪੈ ਰਿਹਾ ਹੈ। ਕੁਝ ਦਿਨ ਹੋਰ ਸਮੱਸਿਆ ਰਹੀ ਤਾਂ ਵਧੇਗੀ ਫਾਈਲਾਂ ਦੀ ਪੈਂਡੈਂਸੀ ਟਰਾਂਸਪੋਰਟ ਵਿਭਾਗ ਦਾ ਸਿਸਟਮ ਜੇਕਰ ਅਗਲੇ ਕੁਝ ਦਿਨ ਵੀ ਇਸੇ ਤਰ੍ਹਾਂ ਹੌਲੀ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਆਰਟੀਓ ਦਫ਼ਤਰ ਵਿੱਚ ਲੰਬਿਤ ਫਾਈਲਾਂ ਦੀ ਗਿਣਤੀ ਵਧਣ ਦਾ ਖ਼ਤਰਾ ਹੈ। ਰੋਜ਼ਾਨਾ ਕਰੀਬ 250 ਆਰਸੀ ਸਬੰਧੀ ਅਰਜ਼ੀਆਂ ਆਉਣ ਕਾਰਨ ਕੁਝ ਦਿਨਾਂ ਵਿੱਚ ਹੀ ਪੈਂਡੈਂਸੀ ਦਾ ਅੰਕੜਾ ਕਾਫ਼ੀ ਵਧ ਸਕਦਾ ਹੈ।
ਇਸ ਦਾ ਅਸਰ ਬਾਅਦ ਵਿੱਚ ਕਰਮਚਾਰੀਆਂ ’ਤੇ ਵਾਧੂ ਕੰਮ ਦੇ ਬੋਝ ਦੇ ਰੂਪ ਵਿੱਚ ਵੀ ਪੈ ਸਕਦਾ ਹੈ। ਜਦੋਂ ਸਿਸਟਮ ਆਮ ਰਫ਼ਤਾਰ ’ਤੇ ਆਵੇਗਾ ਤਾਂ ਪਹਿਲਾਂ ਤੋਂ ਲੰਬਿਤ ਅਰਜ਼ੀਆਂ ਦੇ ਨਿਪਟਾਰੇ ਲਈ ਵਾਧੂ ਕੰਮ ਕਰਨਾ ਪੈ ਸਕਦਾ ਹੈ। ਇਸ ਨਾਲ ਲੋਕਾਂ ਨੂੰ ਆਪਣੇ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਹਾਸਲ ਕਰਨ ਲਈ ਹੋਰ ਉਡੀਕ ਕਰਨੀ ਪੈ ਸਕਦੀ ਹੈ। ਤਕਨੀਕੀ ਸਮੱਸਿਆ ਦਾ ਖਮਿਆਜ਼ਾ ਭੁਗਤ ਰਹੇ ਆਮ ਲੋਕ ਆਰਟੀਓ ਦਫ਼ਤਰ ਵਿੱਚ ਕੰਮ ਕਰਵਾਉਣ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਸਿਸਟਮ ਦੀ ਸਮੱਸਿਆ ਵਿਭਾਗੀ ਪੱਧਰ ਦੀ ਹੈ, ਪਰ ਇਸ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਲੋਕਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਸਮਾਂ ਕੱਢ ਕੇ ਦਫ਼ਤਰ ਆਉਣਾ ਪੈਂਦਾ ਹੈ, ਪਰ ਸਿਸਟਮ ਦੀ ਹੌਲੀ ਰਫ਼ਤਾਰ ਕਾਰਨ ਉਨ੍ਹਾਂ ਦਾ ਸਮਾਂ ਖਰਾਬ ਹੋ ਰਿਹਾ ਹੈ।
ਲੋਕਾਂ ਨੇ ਮੰਗ ਕੀਤੀ ਹੈ ਕਿ ਸਿਸਟਮ ਅਪਡੇਟ ਕਰਨ ਦੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕਰਕੇ ਇਸ ਦੀ ਰਫ਼ਤਾਰ ਆਮ ਕੀਤੀ ਜਾਵੇ। ਇਸ ਦੇ ਨਾਲ ਹੀ ਪਿਛਲੇ ਤਿੰਨ ਦਿਨਾਂ ਦੌਰਾਨ ਪ੍ਰਭਾਵਿਤ ਹੋਏ ਕੰਮਾਂ ਦੀ ਪੈਂਡੈਂਸੀ ਨੂੰ ਵੀ ਜਲਦ ਨਿਪਟਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਲਈ ਵਾਰ-ਵਾਰ ਆਰਟੀਓ ਦਫ਼ਤਰ ਦੇ ਚੱਕਰ ਨਾ ਲਗਾਉਣੇ ਪੈਣ। ਇਸ ਮਾਮਲੇ ਸਬੰਧੀ ਆਰਟੀਓ ਕਪਿਲ ਜਿੰਦਲ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।