ਅਕਾਲੀ-ਭਾਜਪਾ ਗੱਠਜੋੜ ਮਗਰੋਂ ਸੁਖਬੀਰ ਬਾਦਲ ਦੀ ਭੁੱਚੋ ਮੰਡੀ ’ਚ ਪਹਿਲੀ ਲੋਕ ਮਿਲਣੀ ਅਕਾਲੀ-ਭਾਜਪਾ ਗੱਠਜੋੜ ਮਗਰੋਂ ਸੁਖਬੀਰ ਬਾਦਲ ਦੀ ਭੁੱਚੋ ਮੰਡੀ ਵਿੱਚ ਪਹਿਲੀ ਲੋਕ ਮਿਲਣੀ
Publish Date: Wed, 25 Nov 2026 05:18 PM (IST)
Updated Date: Wed, 25 Nov 2026 05:19 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਹੋਏ ਸਿਆਸੀ ਗੱਠਜੋੜ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭੁੱਚੋ ਮੰਡੀ ਦੀ ਦਾਣਾ ਮੰਡੀ ਵਿਖੇ ਵਪਾਰੀਆਂ ਨਾਲ ਆਪਣੀ ਪਹਿਲੀ ਲੋਕ ਮਿਲਣੀ ਕਰਕੇ ਸਿਆਸੀ ਅਤੇ ਵਪਾਰਕ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ। ਇਸ ਮਿਲਣੀ ਦੌਰਾਨ ਉਨ੍ਹਾਂ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸਿੱਧਾ ਸੰਵਾਦ ਰਚਾਇਆ ਅਤੇ ਉਨ੍ਹਾਂ ਦੀਆਂ ਕਾਰੋਬਾਰੀ ਸਮੱਸਿਆਵਾਂ ਤੇ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ। ਇਸ ਮੌਕੇ ਅਕਾਲੀ-ਭਾਜਪਾ ਗੱਠਜੋੜ ਦੀ ਖੁਸ਼ੀ ਸਾਂਝੀ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਸ. ਬਾਦਲ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ। ਲੋਕ ਮਿਲਣੀ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਜਗਸੀਰ ਸਿੰਘ ਕਲਿਆਣ, ਨਰਦੀਪ ਗਰਗ, ਮੋਹਿਤ ਗੁਪਤਾ ਸਮੇਤ ਭਾਜਪਾ ਮੰਡਲ ਭੁੱਚੋ ਦੇ ਆਗੂਆਂ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਲੋਕ ਮਿਲਣੀ ਦਾ ਮੁੱਖ ਕੇਂਦਰ ਵਪਾਰੀਆਂ ਦੀਆਂ ਸਮੱਸਿਆਵਾਂ ਰਹੀਆਂ। ਕੱਚਾ ਆੜ੍ਹਤੀਆ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੁਸ਼ਕਲਾਂ ਅਤੇ ਮੰਗਾਂ ਰੱਖਦਿਆਂ ਕਾਰੋਬਾਰ ਨੂੰ ਦਰਪੇਸ਼ ਚੁਣੌਤੀਆਂ ਤੋਂ ਜਾਣੂ ਕਰਵਾਇਆ। ਇਸੇ ਤਰ੍ਹਾਂ ਵਪਾਰ ਮੰਡਲ, ਟਰੱਕ ਯੂਨੀਅਨ, ਸਵਰਨਕਾਰ ਯੂਨੀਅਨ, ਮੋਬਾਈਲ ਯੂਨੀਅਨ , ਭੱਠਾ ਯੂਨੀਅਨ, ਟਰੱਕ ਆਪਰੇਟਰ ਯੂਨੀਅਨ, ਆਰ.ਐੱਮ.ਪੀ. ਡਾਕਟਰ ਯੂਨੀਅਨ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਆਪਣੇ ਮਸਲੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਰੱਖੇ। ਵਪਾਰੀਆਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਪਾਰਕ ਵਰਗ ਕਿਸੇ ਵੀ ਸ਼ਹਿਰ ਅਤੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵੱਖ-ਵੱਖ ਵਪਾਰਕ ਜਥੇਬੰਦੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਭੁੱਚੋ ਮੰਡੀ ਵਿਖੇ ਹੋਈ ਇਸ ਲੋਕ ਮਿਲਣੀ ਨੂੰ ਅਕਾਲੀ-ਭਾਜਪਾ ਗੱਠਜੋੜ ਤੋਂ ਬਾਅਦ ਵਪਾਰਕ ਵਰਗ ਨਾਲ ਸਿੱਧਾ ਸੰਪਰਕ ਬਣਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੀ ਸ਼ਮੂਲੀਅਤ ਨੇ ਸ਼ਹਿਰ ਦੇ ਵਪਾਰਕ ਮਸਲਿਆਂ ਨੂੰ ਸਿਆਸੀ ਮੰਚ ’ਤੇ ਉਭਾਰਨ ਦਾ ਮੌਕਾ ਵੀ ਪ੍ਰਦਾਨ ਕੀਤਾ।