ਖੇਡ ਮੁਕਾਬਲਿਆਂ ’ਚ ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਜੱਜਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਖੇਡ ਮੁਕਾਬਲਿਆਂ ਵਿਚ ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਜੱਜਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Publish Date: Thu, 12 Nov 2026 04:31 PM (IST)
Updated Date: Thu, 12 Nov 2026 04:33 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ, ਰਾਮਾਂ ਮੰਡੀ ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਜੱਜਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਸੈਸ਼ਨ 2026-27 ਦੌਰਾਨ ਕਰਵਾਏ ਗਏ ਪ੍ਰਾਇਮਰੀ ਸੈਂਟਰ ਪੱਧਰੀ ਅਤੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੀ ਦੇ ਕਈ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ। ਪ੍ਰਾਇਮਰੀ ਸੈਂਟਰ ਪੱਧਰੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਟੱਗ ਆਫ਼ ਵਾਰ ਵਿੱਚ ਸੋਨੇ ਦਾ ਤਗਮਾ ਜਿੱਤਿਆ। ਬੈਡਮਿੰਟਨ ਵਿੱਚ ਲੜਕੀਆਂ ਨੇ ਚਾਂਦੀ ਅਤੇ ਲੜਕਿਆਂ ਨੇ ਸੋਨੇ ਦਾ ਤਗਮਾ ਹਾਸਲ ਕੀਤਾ। ਕਰਾਟੇ ਅਤੇ ਯੋਗਾ ਵਿੱਚ ਲੜਕਿਆਂ ਤੇ ਲੜਕੀਆਂ ਦੋਵਾਂ ਨੇ ਸੋਨੇ ਦੇ ਤਗਮੇ ਜਿੱਤੇ, ਜਦਕਿ ਖੋ-ਖੋ ਵਿੱਚ ਦੋਵਾਂ ਵਰਗਾਂ ਦੀਆਂ ਟੀਮਾਂ ਨੇ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਅਥਲੈਟਿਕਸ ਵਿੱਚ 100 ਮੀਟਰ ਦੌੜ, ਲੰਬੀ ਛਾਲ ਅਤੇ ਸ਼ਾਟ ਪੁੱਟ ਵਿੱਚ ਸੋਨੇ ਦੇ ਤਗਮੇ ਜਿੱਤੇ ਗਏ, ਜਦਕਿ ਸ਼ਾਟ ਪੁੱਟ ਵਿੱਚ ਕਾਂਸੀ ਦਾ ਤਗਮਾ ਵੀ ਹਾਸਲ ਕੀਤਾ। ਇਸੇ ਤਰ੍ਹਾਂ ਪ੍ਰਾਇਮਰੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਯੋਗਾ ਵਿੱਚ ਲੜਕਿਆਂ ਅਤੇ ਲੜਕੀਆਂ ਨੇ ਚਾਂਦੀ ਦੇ ਤਗਮੇ ਜਿੱਤੇ। ਕਰਾਟੇ ਵਿੱਚ ਲੜਕੀਆਂ ਨੇ ਸੋਨੇ ਅਤੇ ਚਾਂਦੀ ਦੇ ਤਗਮੇ, ਜਦਕਿ ਲੜਕਿਆਂ ਨੇ ਵੀ ਦੋਵੇਂ ਤਗਮੇ ਆਪਣੇ ਨਾਮ ਕੀਤੇ। ਅਥਲੈਟਿਕਸ ਵਿੱਚ ਲੰਬੀ ਛਾਲ ਦੌਰਾਨ ਸੋਨੇ ਅਤੇ ਸ਼ਾਟ ਪੁੱਟ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਬੱਚਿਆਂ ਦੀ ਸਖ਼ਤ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਅਗਵਾਈ ਦੇ ਗੁਣ ਪੈਦਾ ਕਰਦੀਆਂ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਨੇ ਵੀ ਵਿਦਿਆਰਥੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਸਫ਼ਲਤਾ ਵਿੱਚ ਕੋਚ ਜਸਪਾਲ ਸਿੰਘ ਅਤੇ ਨਿਲੇਸ਼ ਖੱਤਰੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਸਿਖਲਾਈ ਅਤੇ ਮਾਰਗਦਰਸ਼ਨ ਸਦਕਾ ਵਿਦਿਆਰਥੀਆਂ ਨੇ ਇਹ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਅੰਤ ਵਿੱਚ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ਼ ਵੱਲੋਂ ਜੇਤੂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।