ਵਿਦਿਆਰਥਣਾਂ ਕੀਤਾ ਇਤਿਹਾਸਕ ਤੇ ਵਿਦਿਅਕ ਦੌਰਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਰਾਖੀਗੜ੍ਹੀ ਅਤੇ ਧਮਤਾਨ ਸਾਹਿਬ ਦਾ ਕੀਤਾ ਇਤਿਹਾਸਕ ਤੇ ਵਿਦਿਅਕ ਦੌਰਾ
Publish Date: Fri, 06 Nov 2026 06:33 PM (IST)
Updated Date: Fri, 06 Nov 2026 06:35 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ : ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੇ ਇਤਿਹਾਸ ਵਿਭਾਗ ਤੇ ਧਰਮ ਅਧਿਐਨ ਵਿਭਾਗ ਵੱਲੋਂ ਵਿਦਿਆਰਥਣਾਂ ਨੂੰ ਇਤਿਹਾਸਕ ਵਿਰਾਸਤ, ਪੁਰਾਤੱਤਵ ਮਹੱਤਤਾ ਤੇ ਧਾਰਮਿਕ ਸਥਾਨਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਇੱਕ ਰੋਜ਼ਾ ਵਿਦਿਅਕ ਟੂਰ ਕਰਵਾਇਆ ਗਿਆ। ਇਸ ਦੌਰਾਨ 31 ਵਿਦਿਆਰਥਣਾਂ ਨੇ ਹਰਿਆਣਾ ਦੇ ਪ੍ਰਸਿੱਧ ਇਤਿਹਾਸਕ ਸਥਾਨ ਰਾਖੀਗੜ੍ਹੀ ਤੇ ਧਮਤਾਨ ਸਾਹਿਬ ਦਾ ਦੌਰਾ ਕੀਤਾ। ਟੂਰ ਦੌਰਾਨ ਵਿਦਿਆਰਥਣਾਂ ਨੇ ਸਿੰਧੂ ਘਾਟੀ ਸੱਭਿਅਤਾ ਦੇ ਪ੍ਰਮੁੱਖ ਪੁਰਾਤੱਤਵ ਸਥਾਨਾਂ ਵਿੱਚ ਸ਼ਾਮਲ ਰਾਖੀਗੜ੍ਹੀ ਵਿਖੇ ਪ੍ਰਾਚੀਨ ਸੱਭਿਅਤਾ, ਪੁਰਾਤੱਤਵ ਅਵਸ਼ੇਸ਼ਾਂ ਤੇ ਉਸ ਸਮੇਂ ਦੀ ਜੀਵਨ-ਸ਼ੈਲੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਵਿਦਿਆਰਥਣਾਂ ਨੇ ਧਮਤਾਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਸਥਾਨ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਬਾਰੇ ਜਾਣਿਆ। ਇਸ ਟੂਰ ਦੀ ਅਗਵਾਈ ਇਤਿਹਾਸ ਵਿਭਾਗ ਦੇ ਪ੍ਰੋ. ਕੁਲਜੀਤ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰੋ. ਬਲਦੀਪ ਕੌਰ ਤੇ ਬੀਬੀ ਬਲਜੀਤ ਕੌਰ ਵੀ ਮੌਜੂਦ ਸਨ। ਇਸ ਵਿਦਿਅਕ ਗਤੀਵਿਧੀ ਨੂੰ ਸਫਲ ਬਣਾਉਣ ਵਿੱਚ ਧਰਮ ਅਧਿਐਨ ਵਿਭਾਗ ਦੇ ਡਾ. ਅਰਸ਼ਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਵਿਦਿਆਰਥਣਾਂ ਨੂੰ ਇਤਿਹਾਸਕ ਸਥਾਨਾਂ ਤੇ ਵਿਰਾਸਤੀ ਕੇਂਦਰਾਂ ਨਾਲ ਜੋੜਨਾ ਵੀ ਜ਼ਰੂਰੀ ਹੈ। ਇਹ ਵਿਦਿਅਕ ਟੂਰ ਵਿਦਿਆਰਥਣਾਂ ਲਈ ਗਿਆਨਵਰਧਕ ਤੇ ਯਾਦਗਾਰੀ ਅਨੁਭਵ ਸਾਬਤ ਹੋਇਆ, ਜਿਸ ਰਾਹੀਂ ਉਨ੍ਹਾਂ ਨੂੰ ਪੁਸਤਕੀ ਗਿਆਨ ਨੂੰ ਅਮਲੀ ਤਜਰਬੇ ਨਾਲ ਜੋੜਨ ਦਾ ਮੌਕਾ ਮਿਲਿਆ।