- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦਾ ਕੀਤਾ ਵਿੱਦਿਅਕ ਦੌਰਾ

ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ
ਤਲਵੰਡੀ ਸਾਬੋ,
ਅਕਾਲ ਯੂਨੀਵਰਸਿਟੀ ਦੇ ਮੈਡੀਕਲ ਲੈਬਾਰਟਰੀ ਸਾਇੰਸ ਵਿਭਾਗ ਵੱਲੋਂ ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ ਵਿਖੇ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਲੀਨਿਕਲ ਅਭਿਆਸਾਂ, ਡਾਇਗਨੌਸਟਿਕ ਪ੍ਰਯੋਗਸ਼ਾਲਾਵਾਂ ਅਤੇ ਸਿਹਤ ਸੰਭਾਲ ਸੇਵਾਵਾਂ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਈਵੈਂਟ ਕੋਆਰਡੀਨੇਟਰ ਡਾ. ਨਵਜੋਤ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਦੌਰੇ ਵਿਚ ਬੈਚਲਰ ਆਫ਼ ਮੈਡੀਕਲ ਲੈਬਾਰਟਰੀ ਸਾਇੰਸ ਦੇ ਸੱਤ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਅਕਾਲ ਹਸਪਤਾਲ, ਬੜੂ ਸਾਹਿਬ ਦਾ ਦੌਰਾ ਕਰਦਿਆਂ ਕਲੀਨਿਕਲ ਅਭਿਆਸਾਂ, ਮਰੀਜ਼ਾਂ ਦੀ ਦੇਖਭਾਲ ਤੇ ਹਸਪਤਾਲ ਪ੍ਰਬੰਧਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਿਹਤ ਕੈਂਪ ਵਿਚ ਵੀ ਸਰਗਰਮੀ ਨਾਲ ਹਿੱਸਾ ਲਿਆ ਤੇ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ, ਤਾਪਮਾਨ ਸਮੇਤ ਹੋਰ ਜ਼ਰੂਰੀ ਸਰੀਰਕ ਸੰਕੇਤਾਂ ਦੀ ਜਾਂਚ ਕੀਤੀ। ਇਸ ਗਤੀਵਿਧੀ ਰਾਹੀਂ ਉਨ੍ਹਾਂ ਨੂੰ ਆਪਣੇ ਕਲੀਨਿਕਲ ਹੁਨਰਾਂ ਨੂੰ ਵਿਹਾਰਕ ਰੂਪ ਵਿਚ ਨਿਖਾਰਨ ਦਾ ਮੌਕਾ ਮਿਲਿਆ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਬਾਇਓਕੈਮਿਸਟਰੀ ਲੈਬਾਰਟਰੀ, ਮੁੜ-ਵਸੇਬਾ ਸੇਵਾਵਾਂ ਅਤੇ ਅਕਾਦਮਿਕ ਖੋਜ ਕੇਂਦਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਬਾਇਓਕੈਮੀਕਲ ਜਾਂਚਾਂ, ਆਧੁਨਿਕ ਡਾਇਗਨੌਸਟਿਕ ਤਕਨੀਕਾਂ, ਲੈਬਾਰਟਰੀ ਉਪਕਰਨਾਂ ਦੀ ਵਰਤੋਂ ਅਤੇ ਸੈਂਪਲ ਇਕੱਠੇ ਕਰਨ ਤੇ ਸਾਂਭ-ਸੰਭਾਲ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਡਾ. ਨਵਜੋਤ ਕੌਰ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਿਧਾਂਤਕ ਗਿਆਨ ਨੂੰ ਵਿਹਾਰਕ ਅਨੁਭਵ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਵਿਦਿਆਰਥੀਆਂ ਦੇ ਤਕਨੀਕੀ ਹੁਨਰਾਂ, ਕਲੀਨਿਕਲ ਸਮਝ ਅਤੇ ਪੇਸ਼ੇਵਰ ਯੋਗਤਾਵਾਂ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਵਿਦਿਆਰਥੀਆਂ ਲਈ ਗਿਆਨਵਰਧਕ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ।