ਵਿਦਿਆਰਥੀਆਂ ਦਾ ਵਿੱਦਿਅਕ ਦੌਰਾ ਯਾਦਗਾਰੀ ਹੋ ਨਿਬੜਿਆ ਵਿਦਿਆਰਥੀਆਂ ਦਾ ਵਿੱਦਿਅਕ ਦੌਰਾ ਯਾਦਗਾਰੀ ਹੋ ਨਿਬੜਿਆ
Publish Date: Thu, 19 Nov 2026 05:07 PM (IST)
Updated Date: Thu, 19 Nov 2026 05:09 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚੱਲ ਰਹੀ ਮਾਲਵੇ ਦੀ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਵਿਦਿਆਰਥੀਆਂ ਵੱਲੋਂ ਜੈਪੁਰ ਦਾ ਵਿੱਦਿਅਕ ਅਤੇ ਸੱਭਿਆਚਾਰਕ ਦੌਰਾ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜੈਪੁਰ ਦੇ ਪ੍ਰਸਿੱਧ ਇਤਿਹਾਸਕ ਅਤੇ ਸੈਰ-ਸਪਾਟਾ ਸਥਾਨਾਂ ਸਿਟੀ ਪੈਲੇਸ, ਆਮੇਰ ਕਿਲ੍ਹਾ, ਜੰਤਰ-ਮੰਤਰ, ਐਲਬਰਟ ਹਾਲ ਮਿਊਜ਼ੀਅਮ, ਹਵਾ ਮਹਿਲ, ਸ਼ੀਸ਼ ਮਹਿਲ ਅਤੇ ਵਿਸ਼ਵ ਵਪਾਰ ਕੇਂਦਰ (ਵਰਲਡ ਟ੍ਰੇਡ ਪਾਰਕ) ਦਾ ਦੌਰਾ ਕੀਤਾ। ਇਨ੍ਹਾਂ ਸਥਾਨਾਂ ਰਾਹੀਂ ਵਿਦਿਆਰਥੀਆਂ ਨੇ ਰਾਜਸਥਾਨ ਦੀ ਸ਼ਾਨਦਾਰ ਇਮਾਰਤੀ ਕਲਾ, ਰਾਜਸੀ ਇਤਿਹਾਸ, ਵਿਗਿਆਨਕ ਵਿਰਾਸਤ ਅਤੇ ਆਧੁਨਿਕ ਵਿਕਾਸ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਜੈਪੁਰ ਦੀ ਮੈਟਰੋ ਰੇਲ ਦਾ ਸਫ਼ਰ ਵੀ ਕੀਤਾ, ਜਿਸ ਨਾਲ ਉਨ੍ਹਾਂ ਨੂੰ ਆਧੁਨਿਕ ਆਵਾਜਾਈ ਪ੍ਰਣਾਲੀ ਬਾਰੇ ਜਾਣਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਸਿੱਧ ਮੰਦਰਾਂ ਦੇ ਦਰਸ਼ਨ ਕੀਤੇ ਅਤੇ ਜੈਪੁਰ ਦੇ ਰੰਗ-ਬਰੰਗੇ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਕੇ ਉੱਥੋਂ ਦੀ ਸਥਾਨਕ ਕਲਾ, ਦਸਤਕਾਰੀ ਅਤੇ ਸੱਭਿਆਚਾਰ ਨੂੰ ਨੇੜਿਓਂ ਦੇਖਿਆ। ਇਸ ਪੂਰੇ ਦੌਰੇ ਦੌਰਾਨ ਅਧਿਆਪਕ ਸੁਖਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਇੰਦਰਜੀਤ ਸਿੰਘ ਸਿੱਧੂ, ਰਾਜਵੀਰ ਕੌਰ, ਛਿੰਦਰਪਾਲ ਕੌਰ, ਵੀਰਪਾਲ ਕੌਰ ਅਤੇ ਜਸਪਾਲ ਸਿੰਘ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਹਰ ਸਥਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰ ਕੌਰ ਨੇ ਇਸ ਵਿੱਦਿਅਕ ਦੌਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ, ਸਮਾਜਿਕ ਸਮਝ ਅਤੇ ਵਿਹਾਰਕ ਅਨੁਭਵ ਨੂੰ ਵੀ ਮਜ਼ਬੂਤ ਕਰਦੇ ਹਨ। ਇਹ ਦੌਰਾ ਵਿਦਿਆਰਥੀਆਂ ਲਈ ਗਿਆਨ, ਮਨੋਰੰਜਨ ਅਤੇ ਯਾਦਗਾਰੀ ਅਨੁਭਵਾਂ ਨਾਲ ਭਰਪੂਰ ਰਿਹਾ।