ਪਰਾਲੀ ਸਾੜਨ ਦੇ ਮਾਮਲੇ 416 ਤਕ ਪੁੱਜੇ, ਆਸਮਾਨ ’ਤੇ ਛਾਈ ਧੂੰਏ ਦੀ ਚਾਦਰ, ਸ਼ਾਮ ਹੁੰਦਿਆਂ ਹੀ ਦਮਘੋਟੂ ਹੋਣ ਲੱਗੀ ਹਵਾ ਪਰਾਲੀ ਸਾੜਨ ਦੇ ਮਾਮਲੇ 416 ਤਕ ਪੁੱਜੇ, ਆਸਮਾਨ ’ਤੇ ਛਾਈ ਧੂੰਏ ਦੀ ਚਾਦਰ, ਸ਼ਾਮ ਹੁੰਦਿਆਂ ਹੀ ਦਮਘੋਟੂ ਹੋਣ ਲੱਗੀ ਹਵਾ
Publish Date: Tue, 10 Nov 2026 04:47 PM (IST)
Updated Date: Tue, 10 Nov 2026 04:51 PM (IST)
ਦੀਵਾਲੀ ਤੋਂ ਪਹਿਲਾਂ ਸਨ 256 ਮਾਮਲੇ, ਸਿਰਫ਼ ਦੋ ਦਿਨਾਂ ਵਿੱਚ ਵਧ ਕੇ ਹੋਏ 416, ਹੌਟਸਪੌਟ ਪਿੰਡਾਂ ਵਿੱਚ ਡਰੋਨ ਰਾਹੀਂ ਰੱਖੀ ਜਾ ਰਹੀ ਨਜ਼ਰ ਏਕਿਊਆਈ 500 ਤੋਂ ਪਾਰ ਪਹੁੰਚਣ ਦਾ ਦਾਅਵਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਪ੍ਰਸ਼ਾਸਨ ਦੀ ਸਖ਼ਤੀ, ਕਿਸਾਨਾਂ ਨੂੰ ਜੁਰਮਾਨੇ ਕਰਨ ਤੇ ਮਾਮਲੇ ਦਰਜ ਕਰਨ ਦੀ ਕਾਰਵਾਈ ਦੇ ਬਾਵਜੂਦ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਥਿਤੀ ਇਹ ਹੈ ਕਿ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 256 ਮਾਮਲੇ ਸਾਹਮਣੇ ਆਏ ਸਨ, ਜਦਕਿ ਮਹਿਜ਼ ਦੋ ਦਿਨਾਂ ਵਿਚ ਇਹ ਗਿਣਤੀ ਵਧ ਕੇ 416 ਤਕ ਪਹੁੰਚ ਗਈ ਹੈ। ਪਰਾਲੀ ਨੂੰ ਲਗਾਈ ਜਾ ਰਹੀ ਅੱਗ ਕਾਰਨ ਬਠਿੰਡਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਦਿਨ ਢਲਦਿਆਂ ਹੀ ਧੂੰਏਂ ਦੀ ਸੰਘਣੀ ਪਰਤ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਧੂੰਏ ਦੀ ਚਾਦਰ ਨੇ ਅਸਮਾਨ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਨਜ਼ਰ ਰੱਖਣ ਲਈ ਡਰੋਨ ਤਕਨੀਕ ਦੀ ਵੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਪੂਰੇ ਜ਼ਿਲ੍ਹੇ ਵਿਚ ਡਰੋਨ ਰਾਹੀਂ ਨਿਗਰਾਨੀ ਨਹੀਂ ਕੀਤੀ ਜਾ ਰਹੀ, ਸਗੋਂ ਪ੍ਰਸ਼ਾਸਨ ਵੱਲੋਂ ਹੌਟਸਪੌਟ ਐਲਾਨੇ ਗਏ ਪਿੰਡਾਂ ਵਿਚ ਵਿਸ਼ੇਸ਼ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਰੋਕਣ ਤੇ ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਕਿਸਾਨਾਂ ਦੀ ਪਛਾਣ ਕਰਨ ਲਈ ਨਿਗਰਾਨੀ ਵਧਾਈ ਗਈ ਹੈ। ਇਸ ਦੇ ਬਾਵਜੂਦ ਮਾਮਲਿਆਂ ਵਿੱਚ ਹੋ ਰਿਹਾ ਵਾਧਾ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਹੋਇਆ ਹੈ। ਸ਼ਾਮ ਹੁੰਦਿਆਂ ਹੀ ਵਿਗੜਨ ਲੱਗਦੀ ਹੈ ਹਵਾ ਦੀ ਗੁਣਵੱਤਾ ਪਰਾਲੀ ਦੇ ਧੂੰਏਂ ਕਾਰਨ ਵਾਤਾਵਰਨ ਵਿਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਦਿਨ ਸਮੇਂ ਧੁੱਪ ਨਿਕਲਣ ਕਾਰਨ ਪ੍ਰਦੂਸ਼ਣ ਦਾ ਪ੍ਰਭਾਵ ਕੁਝ ਘੱਟ ਦਿਖਾਈ ਦਿੰਦਾ ਹੈ, ਪਰ ਸ਼ਾਮ ਢਲਦਿਆਂ ਹੀ ਹਾਲਾਤ ਵਿਗੜਨ ਲੱਗ ਜਾਂਦੇ ਹਨ। ਦਿਨ ਵੇਲੇ ਬਠਿੰਡਾ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਕਰੀਬ 200 ਦੇ ਆਸ-ਪਾਸ ਰਹਿੰਦਾ ਹੈ, ਜਦਕਿ ਸ਼ਾਮ ਸਮੇਂ ਇਸ ਦੇ 500 ਤੋਂ ਪਾਰ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੇਕਰ ਪ੍ਰਦੂਸ਼ਣ ਦਾ ਪੱਧਰ ਇਸ ਹੱਦ ਤੱਕ ਪਹੁੰਚਦਾ ਹੈ ਤਾਂ ਇਹ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰੇ ਦੀ ਘੰਟੀ ਹੈ। ਸਿਹਤ ਮਾਹਿਰਾਂ ਅਨੁਸਾਰ ਹਵਾ ਦੀ ਗੁਣਵੱਤਾ ਦਾ ਏਕਿਊਆਈ 100 ਤੋਂ ਘੱਟ ਰਹਿਣਾ ਬਿਹਤਰ ਮੰਨਿਆ ਜਾਂਦਾ ਹੈ। ਇਸ ਦੇ ਮੁਕਾਬਲੇ ਬਠਿੰਡਾ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਉੱਚਾ ਬਣਿਆ ਹੋਇਆ ਹੈ। ਪਰਾਲੀ ਦੇ ਧੂੰਏਂ ਵਿਚ ਮੌਜੂਦ ਬਰੀਕ ਧੂੜ ਦੇ ਕਣ ਤੇ ਹਾਨੀਕਾਰਕ ਗੈਸਾਂ ਸਾਹ ਰਾਹੀਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋ ਕੇ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਵੱਖ-ਵੱਖ ਇਲਾਕਿਆਂ ’ਚ ਵੀ ਵਧ ਰਿਹਾ ਪ੍ਰਦੂਸ਼ਣ ਏਕਿਊਆਈ ਡੈਸ਼ਬੋਰਡ ਅਨੁਸਾਰ ਸ਼ਾਮ 4.15 ਵਜੇ ਜੋਗੀ ਨਗਰ ਵਿਚ ਏਕਿਊਆਈ 190, ਬਲਰਾਜ ਨਗਰ ਵਿਚ 193 ਤੇ ਸੇਲਬਰਾਹ ਵਿਚ 172 ਦਰਜ ਕੀਤਾ ਗਿਆ। ਹਾਲਾਂਕਿ ਸ਼ਾਮ ਦੇ ਸਮੇਂ ਧੂੰਏਂ ਤੇ ਪ੍ਰਦੂਸ਼ਿਤ ਤੱਤਾਂ ਵਿਚ ਵਾਧਾ ਹੋਣ ਕਾਰਨ ਸਥਿਤੀ ਹੋਰ ਖ਼ਰਾਬ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਸਵੇਰੇ ਅਤੇ ਸ਼ਾਮ ਸਮੇਂ ਸੜਕਾਂ ਤੇ ਧੁੰਦ ਤੇ ਧੂੰਏਂ ਦੀ ਪਰਤ ਦਿਖਾਈ ਦੇਣ ਲੱਗਦੀ ਹੈ। ਕਈ ਥਾਵਾਂ ਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਸਫ਼ਰ ਕਰਨਾ ਪੈ ਰਿਹਾ ਹੈ। ਹਵਾ ਵਿੱਚ ਪ੍ਰਦੂਸ਼ਣ ਵਧਣ ਨਾਲ ਦਮੇ ਦੇ ਮਰੀਜ਼ਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਾ ਵਧ ਜਾਂਦਾ ਹੈ। ਇਸ ਕਾਰਨ ਖੰਘ, ਗਲੇ ਵਿਚ ਖਰਾਸ਼, ਸਾਹ ਲੈਣ ਵਿਚ ਤਕਲੀਫ਼ ਤੇ ਅੱਖਾਂ ਵਿਚ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਬਾਕਸ ਕਿਸਾਨ ਪ੍ਰਗਟ ਸਿੰਘ ਨੇ ਬਿਨਾਂ ਅੱਗ ਲਗਾਏ ਪਰਾਲੀ ਪ੍ਰਬੰਧਨ ਦੀ ਪੇਸ਼ ਕੀਤੀ ਮਿਸਾਲ ਇੱਕ ਪਾਸੇ ਜਿੱਥੇ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਪਿੰਡ ਗਹਿਰੀ ਦੇਵੀ ਨਗਰ ਦੇ ਕਿਸਾਨ ਪ੍ਰਗਟ ਸਿੰਘ ਨੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਕੇ ਦੂਜੇ ਕਿਸਾਨਾਂ ਲਈ ਮਿਸਾਲ ਪੇਸ਼ ਕੀਤੀ ਹੈ। ਕਿਸਾਨ ਪ੍ਰਗਟ ਸਿੰਘ ਸਾਲ 2016 ਤੋਂ ਲਗਾਤਾਰ ਬਿਨਾਂ ਅੱਗ ਲਗਾਏ ਆਪਣੇ ਖੇਤਾਂ ਵਿੱਚ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ। ਉਹ ਆਪਣੇ 22 ਏਕੜ ਖੇਤ ਵਿੱਚ ਹੈਪੀ ਸੀਡਰ ਤਕਨੀਕ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾ ਦਿੰਦੇ ਹਨ ਅਤੇ ਇਸੇ ਤਕਨੀਕ ਨਾਲ ਕਣਕ ਦੀ ਸਫਲ ਕਾਸ਼ਤ ਕਰ ਰਹੇ ਹਨ। ਉਨ੍ਹਾਂ ਦੇ ਖੇਤਾਂ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ ਪਹਿਲਾਂ 0.25 ਸੀ, ਜੋ ਹੁਣ ਵਧ ਕੇ 0.85 ਤੋਂ 1.1 ਤੱਕ ਪਹੁੰਚ ਗਈ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੋਇਆ ਹੈ ਅਤੇ ਕਣਕ ਦੇ ਨਾਲ-ਨਾਲ ਤੂੜੀ ਦਾ ਉਤਪਾਦਨ ਵੀ ਚੰਗਾ ਮਿਲ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਹੋਰਨਾਂ ਅਧਿਕਾਰੀਆਂ ਨਾਲ ਕਿਸਾਨ ਪ੍ਰਗਟ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਹੀ ਤਕਨੀਕ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਨੂੰ ਅੱਗ ਲਗਾਏ ਬਿਨਾਂ ਵੀ ਕਣਕ ਦੀ ਚੰਗੀ ਫ਼ਸਲ ਲਈ ਜਾ ਸਕਦੀ ਹੈ। ਕਿਸਾਨ ਪ੍ਰਗਟ ਸਿੰਘ ਦੀ ਪਹਿਲਕਦਮੀ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ।